ਆਵਤ ਮੰਗਣੀ(ਮੰਗ ਮੰਗਣੀ)

ਅਮਰਜੀਤ ਸਿੰਘ ਤੂਰ

ਅਮਰਜੀਤ ਸਿੰਘ ਤੂਰ

(ਸਮਾਜ ਵੀਕਲੀ) ਆਵਤ ਮੰਗਾਉਣੀ ਜਾਂ ਮੰਗ ਪਾਉਣੀ, ਹਰਾ ਇਨਕਲਾਬ ਆਉਣ ਤੋਂ ਪਹਿਲਾਂ, ਜਦੋਂ ਖੇਤੀਬਾੜੀ ਦਾ ਮਸ਼ੀਨੀਕਰਨ ਨਹੀਂ ਹੋਇਆ ਸੀ। ਮੁੰਡੇ ਵਾਲੇ ਆਪਣੇ ਸਹੁਰੀਂ ਸੁਨੇਹਾ ਭੇਜ ਦਿੰਦੇ ਸਨ, ਹਾੜੀ ਦੀ ਫਸਲ ਦੀ ਵਾਢੀ ਵਾਸਤੇ 10-15 ਬੰਦੇ ਮੱਦਦ ਵਾਸਤੇ ਭੇਜੋ, ਇਸ ਨੂੰ ਆਵਤ ਮੰਗਾਉਣੀ ਜਾਂ ਮੰਗ ਪਾਉਣੀ ਜਾਂ ਲਾਸ ਦੀ ਮੰਗ ਰੱਖਣਾ ਆਦਿ ਕਹਿੰਦੇ ਸਨ। ਕਿਉਂਕਿ ਜਿਨਾਂ ਦੇ ਵੱਡੇ ਖੇਤ ਹੁੰਦੇ ਸਨ ਕਣਕ ਜਾਂ ਛੋਲਿਆਂ, ਜੌਂਆਂ ਦੇ, ਸਾਰੀ ਫਸਲ ਇਕੱਠੀ ਪੱਕ ਜਾਂਦੀ ਸੀ। ਮੀਂਹ ਕਣੀ ਨਾਲ ਭਿੱਜ ਜਾਣ ਤੋਂ ਜਾਂ ਝੱਖੜ ਤੂਫਾਨ ਨਾਲ ਫਸਲ ਦੇ ਝੜ ਜਾਣ ਜਾਂ ਖਰਾਬ ਹੋਣ ਦਾ ਖਤਰਾ ਹੋ ਜਾਂਦਾ ਸੀ। ਆਵਤ ਨਾਲ ਕੰਮ ਇੱਕ ਜਾਂ ਦੋ ਦਿਨਾਂ ਵਿੱਚ ਨਿਬੜ ਜਾਂਦਾ ਸੀ ਇਸੇ ਆਧਾਰ ਤੇ ਕੋਆਪਰੇਟਿਵ ਮੂਵਮੈਂਟ ਦੀ ਸ਼ੁਰੂਆਤ ਹੋਈ ਪਰ ਇਸ ਸਿਸਟਮ ਵਿੱਚ ਇਤਨੀ ਸਾਂਝ ਜਾਂ ਲਗਾਓ ਨਹੀਂ ਹੁੰਦਾ ਸੀ। ਕੁੜੀ ਕਿਸੇ ਦੀ ਭੈਣ, ਕਿਸੇ ਦੀ ਭੂਆ, ਕਿਸੇ ਦੀ ਭਤੀਜੀ ਹੁੰਦੀ ਸੀ, ਆਵਤ ਵਾਲੇ ਵਾਪਸੀ ਤੇ ਕੁੜੀ ਨੂੰ ਸ਼ਗਨ ਵੀ ਦੇ ਕੇ ਆਉਂਦੇ ਸਨ। ਪਿੰਡ ਆ ਕੇ ਵੀ ਗੱਲਾਂ ਹੁੰਦੀਆਂ ਕਿ ਫਲਾਣਿਆਂ ਦੀ ਕੁੜੀ ਦੇ ਸਹੁਰੇ ਬਹੁਤ ਤਕੜੇ ਹਨ। ਕਿਉਂਕਿ ਦੋ ਚਾਰ ਕਿਲਿਆਂ ਵਾਲੇ ਤਾਂ ਆਪ ਹੀ ਹਾੜੀ ਦੀ ਫਸਲ ਵੱਢ ਲੈਂਦੇ ਸਨ। ਇਸ ਨਾਲ ਮੁੰਡੇ ਵਾਲੇ ਵੀ ਤੇ ਕੁੜੀ ਵਾਲੇ ਵੀ ਮਾਣ ਮਹਿਸੂਸ ਕਰਦੇ। ਕੁੜੀ ਦੇ ਪੇਕਿਆਂ ਤੋਂ ਆਏ ਬੰਦਿਆਂ ਦਾ ਦੇਸੀ ਘੀ-ਸ਼ੱਕਰ ਕੜਾਹ- ਪ੍ਰਸ਼ਾਦ ਨਾਲ ਖੂਬ ਸੇਵਾ ਕੀਤੀ ਜਾਂਦੀ ਸੀ। ਰਾਤ ਨੂੰ ਘਰ ਦੀ ਕੱਢੀ ਦੇਸੀ ਸ਼ਰਾਬ ਨਾਲ ਬਹੁਤ ਸੇਵਾ ਕੀਤੀ ਜਾਂਦੀ ਸੀ। ਉਹਨਾਂ ਦਾ ਹਰ ਤਰ੍ਹਾਂ ਨਾਲ ਮਨੋਰੰਜਨ ਕੀਤਾ ਜਾਂਦਾ ਸੀ। ਕਈ ਵਾਰ ਤਾਂ ਢੋਲ ਵਾਲੇ ਨੂੰ ਬੁਲਾ ਕੇ ਢੋਲ-ਢਮੱਕਾ ਜਾਂ ਬਾਜਾ ਵਜਾਇਆ ਜਾਂਦਾ।ਇਹ ਕੰਮ ਵਾਰੀ- ਵੱਟੇ ਵੀ ਹੁੰਦਾ ਸੀ। ਮੁੰਡੇ ਵਾਲਿਆਂ ਵੱਲੋਂ ਵੀ ਲਾਸ ਲੈ ਕੇ ਆਪਣੇ ਸਹੁਰਿਆਂ ਦੀ ਮਦਦ ਵਾਸਤੇ, ਗਰੁੱਪ ਇਕੱਠਾ ਕਰਕੇ, ਹਾੜੀ ਦੀ ਵਢਾਈ ਦਾ ਕੰਮ ਸਮੇਟਿਆ ਜਾਂਦਾ ਸੀ। ਜਦੋਂ 15-20 ਬੰਦੇ ਇਕੱਠੇ ਕੰਮ ਕਰਦੇ ਜੀਅ ਲੱਗਿਆ ਰਹਿੰਦਾ ਸੀ ਕੰਮ ਵਿੱਚ। ਰਿਸ਼ਤਿਆਂ ਵਿੱਚ ਵੀ ਸਾਂਝ ਪਕੇਰੀ ਹੁੰਦੀ ਸੀ ਲੋਕਾਂ ਦੇ ਆਪਸ ਵਿੱਚ ਮਿਲਵਰਤਨ ਨਾਲ ਵਾਕਫੀਅਤ ਬਹੁਤ ਵੱਧਦੀ ਸੀ‌।

ਬਜ਼ੁਰਗ ਮੋਢੀ ਸ਼ਾਬਾਸ਼ੇ ਦੇਣ ਵਿੱਚ ਮਸ਼ਰੂਫ ਰਹਿੰਦੇ ਸਨ। ਮੇਲੇ ਵਰਗਾ ਮਾਹੌਲ ਬਣ ਜਾਂਦਾ ਸੀ। ਬਿਪਤਾ ਵਿੱਚ ਵੀ ਇੱਕ ਦੂਸਰੇ ਦੇ ਕੰਮ ਆਉਣ ਕਰਕੇ, ਕੰਮ ਦੇ ਰੁੱਖੇਪਣ ਤੋਂ ਛੁਟਕਾਰਾ ਮਿਲਦਾ ਸੀ, ਹੌਸਲਾ-ਅਫ਼ਜ਼ਾਈ ਵੀ ਹੁੰਦੀ ਸੀ, ਜਾਣਕਾਰੀ ਦਾ ਦਾਇਰਾ ਵੀ ਵਿਸ਼ਾਲ ਹੁੰਦਾ ਸੀ। ਸਾਂਝਾਂ ਮਜਬੂਤ ਹੁੰਦੀਆਂ ਸਨ। ਕਈ ਵਾਰੀ ਪਿੰਡ ਦੇ ਹੀ ਲੋਕ ਇਕੱਠੇ ਹੋ ਕੇ ਇੱਕ ਦੂਸਰੇ ਨਾਲ ਸਾਂਝਾਂ ਬਣਾ ਕੇ, ਵੱਡਾ ਗਰੁੱਪ ਬਣਾ ਕੇ, ਵੀ ਹਾੜੀ ਦੀ ਵਢਾਈ ਦਾ ਕੰਮ ਕਰਦੇ ਸਨ।

ਪਿੰਡ ਕੁਲਬੁਰਛਾ ਜ਼ਿਲ੍ਹਾ ਪਟਿਆਲਾ ਹਾਲ-ਅਬਾਦ# 639/40 ਏ ਚੰਡੀਗੜ੍ਹ।

ਫੋਨ ਨੰਬਰ 98784 69639

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਜ਼ਿਲ੍ਹਾ ਅਤੇ ਸੈਸ਼ਨ ਜੱਜ ਵੱਲੋਂ ਅੰਡਰ ਟ੍ਰਾਇਲ ਰੀਵਿਊ ਕਮੇਟੀ ਦੀ ਮੀਟਿੰਗ
Next articleਉੱਘੇ ਸਿੱਖਿਆ ਸ਼ਾਸਤਰੀ ਮਾ. ਟੋਡਰ ਮੱਲ ਵਲੋਂ ਮਰਨ ਉਪਰੰਤ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਦੇਣ ਦਾ ਫੈਸਲਾ।