ਕਸ਼ਮੀਰ ਵਿਚ ਕਥਿਤ ਅੱਤਵਾਦੀਆਂ ਨਾਲ ਜੁੜੀਆਂ ਛੇ ਜਾਇਦਾਦਾਂ ‘ਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਕਬਜ਼ਾ ਲੈ ਲਿਆ ਹੈ। ਵਿਸ਼ਵ ਪੱਧਰ ‘ਤੇ ਪਾਬੰਦੀਸ਼ੁਦਾ ਪਾਕਿਸਤਾਨ ਸਥਿਤ ਅੱਤਵਾਦੀ ਜਮਾਤ ਹਿਜ਼ਬੁਲ ਮੁਜਾਹਦੀਨ ਦੇ ਮੁਖੀ ਸੱਯਦ ਸਲਾਹੂਦੀਨ ਖ਼ਿਲਾਫ਼ ਅੱਤਵਾਦੀ ਫੰਡਿੰਗ ਨਾਲ ਜੁੜੇ ਮਾਮਲੇ ਵਿਚ ਈਡੀ ਨੇ ਇਹ ਕਾਰਵਾਈ ਕੀਤੀ ਹੈ।
ਪਿ੍ਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ (ਪੀਐੱਮਐੱਲਏ) ਤਹਿਤ ਈਡੀ ਨੇ ਇਸ ਸਾਲ ਮਾਰਚ ਵਿਚ ਅਜਿਹੀਆਂ 13 ਸੰਪਤੀਆਂ ਨੂੰ ਜ਼ਬਤ ਕੀਤਾ ਸੀ। ਇਸ ਕਾਨੂੰਨ ਤਹਿਤ ਸਮਰੱਥ ਅਧਿਕਾਰੀ ਨੇ ਹਾਲ ਹੀ ਵਿਚ ਉਕਤ ਆਦੇਸ਼ ਨੂੰ ਬਰਕਰਾਰ ਰੱਖਿਆ ਸੀ ਜਿਸ ਪਿੱਛੋਂ ਕਬਜ਼ੇ ਦਾ ਨੋਟਿਸ ਜਾਰੀ ਕੀਤਾ ਗਿਆ।
ਈਡੀ ਮੁਤਾਬਿਕ, ਇਹ ਜਾਇਦਾਦਾਂ ਅਨੰਤਨਾਗ, ਬਾਂਦੀਪੋਰਾ ਅਤੇ ਬਾਰਾਮੂਲਾ ਜ਼ਿਲਿ੍ਆਂ ਵਿਚ ਸਥਿਤ ਹਨ ਅਤੇ ਹਿਜ਼ਬੁਲ ਮੁਜਾਹਦੀਨ ਦੇ ਅੱਤਵਾਦੀਆਂ ਮੁਹੰਮਦ ਅਲੀ ਸ਼ਾਹ, ਤਾਲਿਬ ਲਾਲੀ, ਗੁਲਾਮ ਨਬੀ ਖ਼ਾਨ, ਜ਼ਫਰ ਹੁਸੈਨ ਬੱਟ, ਅਬਦੁੱਲ ਮਜੀਦ ਸੋਫੀ, ਨਜ਼ੀਰ ਅਹਿਮਦ ਡਾਰ ਅਤੇ ਮਨਜ਼ੂਰ ਅਹਿਮਦ ਡਾਰ ਦੇ ਨਾਂ ‘ਤੇ ਹਨ। ਜ਼ਬਤ ਕੀਤੀਆਂ ਗਈਆਂ 13 ਜਾਇਦਾਦਾਂ ਦੀ ਕੁਲ ਕੀਮਤ 1.22 ਕਰੋੜ ਰੁਪਏ ਹੈ। ਈਡੀ ਅਧਿਕਾਰੀਆਂ ਮੁਤਾਬਿਕ ਬਾਕੀ ਜਾਇਦਾਦਾਂ ‘ਤੇ ਵੀ ਜਲਦੀ ਹੀ ਕਬਜ਼ਾ ਲੈ ਲਿਆ ਜਾਏਗਾ।