HOME ਖ਼ਤਮ ਹੋ ਰਹੀ ਮਰਿਆਦਾ

ਖ਼ਤਮ ਹੋ ਰਹੀ ਮਰਿਆਦਾ

ਬਰਜਿੰਦਰ ਕੌਰ ਬਿਸਰਾਓ
    (ਸਮਾਜ ਵੀਕਲੀ)  ਦੁਨੀਆ ਦੀ ਹਰ ਇੱਕ ਚੀਜ਼ ਮਰਿਆਦਾ ਵਿੱਚ ਚੱਲਦੀ ਹੈ ਭਾਵ ਕਿਸੇ ਨਾ ਕਿਸੇ ਨਿਯਮ ਤਹਿਤ ਚੱਲਦੀ ਹੈ। ਜੇ ਉਹ ਆਪਣੇ ਨਿਯਮਾਂ ਤੋਂ ਉਲਟ ਪੁਲਟ ਹੋਣ ਦੀ ਕੋਸ਼ਿਸ਼ ਕਰੇ ਤਾਂ ਉਹ ਠੀਕ ਤਰ੍ਹਾਂ ਨਹੀਂ ਚੱਲ ਸਕਦੀ। ਇੱਕ ਛੋਟੀ ਜਿਹੀ ਮਸ਼ੀਨ ਤੋਂ ਲੈ ਕੇ ਵੱਡੀਆਂ ਵੱਡੀਆਂ ਮਸ਼ੀਨਾਂ, ਕਾਰਾਂ, ਟਰੱਕ, ਜਹਾਜ਼ ਆਦਿ ਦੇ ਸਾਰੇ ਪੁਰਜ਼ੇ ਛੋਟੇ ਤੋਂ ਵੱਡੇ ਤੱਕ ਕਿਸੇ ਨਾ ਕਿਸੇ ਨਿਯਮ ਅਧੀਨ ਕੰਮ ਕਰਦੇ ਹਨ। ਜੇ ਕਰ ਇੱਕ ਨਿੱਕੇ ਤੋਂ ਨਿੱਕੇ ਪੁਰਜ਼ੇ ਦਾ ਨਿਯਮ ਟੁੱਟ ਜਾਵੇ ਤਾਂ ਵੱਡੇ ਤੋਂ ਵੱਡੇ ਜਹਾਜ਼ ਵਿੱਚ ਖਰਾਬੀ ਪੈਦਾ ਹੋ ਜਾਂਦੀ ਹੈ । ਇੱਕ ਵਿਅਕਤੀ ਤੋਂ ਲੈਕੇ ਘਰ, ਸਮਾਜ , ਦੇਸ਼ ਅਤੇ ਸੰਸਾਰ ਸਭ ਕੁਝ ਕਿਸੇ ਨਾ ਕਿਸੇ ਨਿਯਮਾਂ ਤਹਿਤ ਹੀ ਚੱਲਦੇ ਹਨ।ਹਰ ਮਨੁੱਖ ਆਪਣੀ ਜ਼ਿੰਦਗੀ ਵਧੀਆ ਤਰੀਕੇ ਨਾਲ ਨਿਭਾਉਣ ਲਈ ਆਪਣੇ ਕੁਝ ਨਿਯਮ ਬਣਾ ਕੇ ਉਹਨਾਂ ਨੂੰ ਆਪਣੇ ਘਰ ਪਰਿਵਾਰ, ਸਮਾਜ ਅਤੇ ਦੇਸ਼ ਦੇ ਹਿਸਾਬ ਨਾਲ ਮਰਿਆਦਾ ਸਹਿਤ ਆਪਣੇ ਤੇ ਲਾਗੂ ਕਰਦਾ ਹੈ। ਜਿਸ ਮੁਤਾਬਕ ਉਹ ਹਰ ਜਗ੍ਹਾ ,ਹਰ ਕੰਮ ਨੂੰ ਕਰਨ ਲਈ ਅਤੇ ਜ਼ਿੰਦਗੀ ਨੂੰ ਅੱਗੇ ਵਧਾਉਣ ਲਈ ਕੁਝ ਨਿਯਮ ਬਣਾਕੇ ਤੁਰਦਾ ਜਾਂਦਾ ਹੈ ਤੇ ਨਾਲ ਦੀ ਨਾਲ ਹੀ ਮਰਿਆਦਾ ਦਾ ਵੀ ਧਿਆਨ ਰੱਖਦਾ ਹੈ।
               ਅੱਜ ਦੇ ਸਮੇਂ ਵਿੱਚ ਸਾਡੀ ਸਮਾਜਿਕ ਖੁੱਲ੍ਹ ਅਤੇ ਸੋਸ਼ਲ ਮੀਡੀਆ ਦੇ ਸਟਾਰ ਬਣਨ ਦੀ ਹੋੜ ਵਿੱਚ ਸਾਡੀ਼ ਪੁਰਾਤਨ ਸਭਿਅਤਾ ਦੀ ਮਰਿਆਦਾ ਦਾ ਰੱਜ ਕੇ ਘਾਣ ਹੋ ਰਿਹਾ ਹੈ। ਅੱਜ ਹਰ ਕਿਸੇ ਦੇ ਹੱਥ ਵਿੱਚ ਮਹਿੰਗੇ ਤੋਂ ਮਹਿੰਗਾ ਫੋਨ ਜ਼ਰੂਰ ਵੇਖਣ ਨੂੰ ਮਿਲ ਜਾਏਗਾ ਘਰ ਚਾਹੇ ਦੋ ਵਕ਼ਤ ਦੇ ਖਾਣੇ ਦੀ ਪੂਰੀ ਨਾ ਪੈਂਦੀ ਹੋਵੇ,ਚਾਹੇ ਵਾਲ ਵਾਲ ਕਰਜ਼ਾਈ ਹੋਵੇ ਤੇ ਚਾਹੇ ਬੇਰੁਜ਼ਗਾਰ ਹੋਵੇ ਜਾਂ ਵਿਹਲੜ ਨਿਕੰਮਾ ਬੰਦਾ ਹੀ ਕਿਉਂ ਨਾ ਹੋਵੇ। ਸੋਸ਼ਲ ਮੀਡੀਆ ਤੇ ਪਹਿਲਾਂ ਤਾਂ ਲੋਕ ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ ਜਾਂ ਵਟਸਐਪ ਰਾਹੀਂ ਚੈਟ ਜਾਂ ਫੋਟੋਆਂ ਦੀ ਨੁਮਾਇਸ਼ ਕਰਕੇ ਲਾਈਕ ਜਾਂ ਕੁਮੈਂਟਾਂ ਨਾਲ ਹੀ ਸੰਤੁਸ਼ਟ ਹੋ ਜਾਂਦੇ ਸਨ ।ਪਰ ਜਿਵੇਂ ਜਿਵੇਂ ਇਹਨਾਂ ਦੀ ਵਰਤੋਂ ਵਧਦੀ ਜਾਂਦੀ ਹੈ ਤਾਂ ਇਹਨਾਂ ਐਪਾਂ ਦੇ ਮਾਲਕਾਂ ਵੱਲੋਂ ਸਮੇਂ ਸਮੇਂ ਤੇ ਇਹਨਾਂ ਵਿੱਚ ਸੁਧਾਰ ਕਰਕੇ ਵਰਤੋਂ ਦੇ ਨਵੇਂ ਤੌਰ ਤਰੀਕੇ ਪਰੋਸੇ ਜਾਂਦੇ ਹਨ ਜਿਵੇਂ ਅੱਜ ਕੱਲ੍ਹ ਵਾਇਰਲ ਵੀਡੀਓ,ਰੀਲ,ਵਲੌਗ (vlog) ਆਦਿ। ਇਹਨਾਂ ਰਾਹੀਂ ਹਰ ਆਮ ਵਿਅਕਤੀ ਖ਼ਾਸ ਬਣਨ ਦੀ ਦੌੜ ਵਿੱਚ ਲੱਗਿਆ ਹੋਇਆ ਹੈ। ਇਹਨਾਂ ਰਾਹੀਂ ਗਰੀਬ ਤੋਂ ਗਰੀਬ ਵਰਗ ਦੇ ਲੋਕ ਵੀ ਆਪਣੇ ਲੱਖਾਂ ਫੌਲੋਅਰ ਬਣਾ ਕੇ ਆਪਣੇ ਆਪ ਨੂੰ ਸੋਸ਼ਲ ਮੀਡੀਆ ਦਾ ਸਟਾਰ ਹੋਣ ਦਾ ਦਾਅਵਾ ਕਰਦੇ ਹਨ। ਇਸ ਦੌੜ ਵਿੱਚ ਸਾਡੇ ਸਮਾਜ ਦਾ ਹਰ ਵਰਗ ਭਾਵ ਗਰੀਬ ਤੋਂ ਅਮੀਰ ਤੱਕ ਅਤੇ ਨਿੱਕੇ ਨਿੱਕੇ ਬੱਚਿਆਂ ਤੋਂ ਲੈ ਕੇ ਬੁੱਢਿਆਂ ਤੱਕ ਸ਼ਾਮਲ ਹਨ। ਕਈ ਲੋਕਾਂ ਨੇ ਤਾਂ ਇਸ ਨੂੰ ਇੱਕ ਕਿੱਤੇ ਵਜੋਂ ਹੀ ਚੁਣ ਲਿਆ ਹੈ ਚਾਹੇ ਉਸ ਨੂੰ ਆਪਣੀ ਮਰਿਆਦਾ ਤੋਂ ਕਿੰਨਾਂ ਵੀ ਕਿਉਂ ਨਾ ਗਿਰਨਾ ਪਵੇ। ਕਈ ਲੋਕ ਇਸ ਤੋਂ ਮੋਟੀ ਕਮਾਈ ਵੀ ਕਰਦੇ ਹਨ ਚਾਹੇ ਉਹਨਾਂ ਨੂੰ ਲੋਕਾਂ ਨੂੰ ਵੱਧ ਤੋਂ ਵੱਧ ਆਪਣੇ ਮਗਰ ਲਾਉਣ ਲਈ ਕਿਸ ਹੱਦ ਤੱਕ ਕਿਉਂ ਨਾ ਜਾਣਾ ਪਵੇ।
              ਪਦਾਰਥਵਾਦੀ ਯੁੱਗ ਹੋਣ ਕਰਕੇ ਹਰ ਇਨਸਾਨ ਘੱਟ ਸਮੇਂ ਵਿੱਚ ਛੇਤੀ ਛੇਤੀ ਨਾਮ ਅਤੇ ਪੈਸਾ ਕਮਾਉਣਾ ਚਾਹੁੰਦਾ ਹੈ ,ਕੁਝ ਲੋਕ ਤਾਂ ਇਹਨਾਂ ਰਾਹੀਂ ਕਾਮਯਾਬ ਹੋ ਜਾਂਦੇ ਹਨ, ਉਹਨਾਂ ਨੂੰ ਦੇਖਾ ਦੇਖੀ ਹੋਰ ਲੋਕ ਆਪਣੇ ਫੌਲੋਅਰ,ਲਾਈਕ ਅਤੇ ਵੀਊ ਵਧਾਉਣ ਲਈ ਨਵੇਂ ਨਵੇਂ ਤਰੀਕੇ ਲੱਭਦੇ ਹਨ। ਦੁੱਖ ਦੀ ਗੱਲ ਇਹ ਹੈ ਕਿ ਬਾਲ ਮਜ਼ਦੂਰੀ ਵਰਗੇ ਕਾਨੂੰਨ ਦੀ ਦੁਰਵਰਤੋਂ ਵੀ ਇਹਨਾਂ ਰਾਹੀਂ ‘ਟੈਲੈਂਟ’ ਨਾਂ ਦਾ ਸ਼ਬਦ ਵਰਤ ਕੇ ਕੀਤੀ ਜਾਂਦੀ ਹੈ। ਨਿੱਕੇ ਨਿੱਕੇ ਬੱਚਿਆਂ ਦੀਆਂ ਵੀਡੀਓਜ਼ ਮਾਪਿਆਂ ਦੁਆਰਾ ਬਣਾ ਕੇ ਪ੍ਰਦਰਸ਼ਿਤ ਕੀਤੀਆਂ ਜਾਂਦੀਆਂ ਹਨ। ਉਹਨਾਂ ਨੂੰ ਦਿਲਚਸਪ ਬਣਾਉਣ ਲਈ ਬੱਚਿਆਂ ਕੋਲੋਂ ਇਹੋ ਜਿਹੀਆਂ ਗੱਲਾਂ ਕਹਾਈਆਂ ਜਾਂਦੀਆਂ ਹਨ ਜੋ ਉਸ ਦੇ ਅੰਦਰ ਵਾਲਾ ਮਾਸੂਮ ਬਚਪਨ ਖ਼ਤਮ ਕਰਕੇ ਉਮਰੋਂ ਪਹਿਲਾਂ ਜਵਾਨ ਕਰ ਦਿੰਦਾ ਹੈ।ਇਹ ਮਰਿਆਦਾ ਦੇ ਉਲਟ ਨਹੀਂ ਤਾਂ ਹੋਰ ਕੀ ਹੈ?
              ਸੋਸ਼ਲ ਮੀਡੀਆ ਤੇ ਮਸ਼ਹੂਰ ਹੋਣ ਖ਼ਾਤਰ ਚੰਗੇ ਭਲੇ ਘਰਾਂ ਦੀਆਂ ਕੁੜੀਆਂ, ਔਰਤਾਂ ਤੇ ਬੁੱਢੀਆਂ ਵੀਡੀਓ ਬਣਾਉਣ ਖਾਤਰ ਦੁਨੀਆਂ ਦੀ ਭੀੜ ਵਿੱਚ ,ਸੜਕਾਂ ਤੇ, ਆਪਣੇ ਘਰਾਂ ਦੀਆਂ ਛੱਤਾਂ ਤੇ  ਨੱਚਦੀਆਂ, ਊਟ ਪਟਾਂਗ ਕੱਪੜੇ ਪਾ ਕੇ , ਆਪਣੇ ਜਵਾਨ ਪੁੱਤਾਂ ਨਾਲ ਉਹਨਾਂ ਦੀਆਂ ਸਹੇਲੀਆਂ ਵਾਂਗ ਦਿੱਖ ਅਤੇ ਵਰਤਾਰਾ ਕਰਕੇ, ਅੰਗ ਪ੍ਰਦਰਸ਼ਨ ਕਰਕੇ, ਅਸ਼ਲੀਲ ਹਰਕਤਾਂ ਕਰ ਕਰ ਕੇ ਵੀਡੀਓਜ਼ ਬਣਾ ਬਣਾ ਕੇ ਇੱਜ਼ਤ ਨੂੰ ਛਿੱਕੂ ਵਿੱਚ ਪਾ ਕੇ ਟੰਗਦੀਆਂ ਹਨ। ਉਹਨਾਂ ਦਾ ਮਕਸਦ ਸਿਰਫ਼ ਤੇ ਸਿਰਫ਼ ਫੌਲੋਅਰ ਵਧਾਉਣਾ ਹੀ ਹੁੰਦਾ ਹੈ। ਇਸੇ ਤਰ੍ਹਾਂ ਨਵੇਂ ਵਿਆਹੇ ਜੋੜੇ ਸਾਰੀ ਦੁਨੀਆਂ ਤੋਂ ਪਰ੍ਹੇ ਪ੍ਰਾਈਵੇਟ ਜ਼ਿੰਦਗੀ ਭਾਵ ਆਪਣੇ ਬੈੱਡਰੂਮ ਵਿੱਚ ਪਿਆਰ ਮੁਹੱਬਤ ਦਾ ਦਿਖਾਵਾ ਕਰਕੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਰਾਹੀਂ ਦੁਨੀਆ ਨੂੰ ਪਰੋਸਣਾ ਤੇ ਮਸ਼ਹੂਰ ਹੋਣ ਦੀ ਕੋਸ਼ਿਸ਼ ਕਰਨਾ, ਹਨੀਮੂਨ ਮਨਾਉਣ ਜਾਣ ਦੀਆਂ ਤੇ ਛੋਟੇ ਛੋਟੇ ਕੱਪੜਿਆਂ ਵਿੱਚ ਫੋਟੋਆਂ ਤੇ ਵੀਡੀਓ ਪਾ ਕੇ ਆਮ ਲੋਕਾਂ ਨੂੰ ਦੇਖਣ ਲਈ ਪਰੋਸਣਾ ਬਹੁਤ ਸ਼ਰਮਨਾਕ ਹਰਕਤਾਂ ਲੱਗਦੀਆਂ ਹਨ ਤੇ ਬਹੁਤ ਘਟੀਆ ਲੱਗਦਾ ਹੈ । ਉਹਨਾਂ ਨੂੰ ਵੇਖ ਕੇ ਹੀ ਸ਼ਰਮ ਨਾਲ ਸਿਰ ਝੁਕ ਜਾਂਦਾ ਹੈ ਤੇ ਅਸੀਂ ਸੋਚਣ ਲਈ ਮਜ਼ਬੂਰ ਹੋ ਜਾਂਦੇ ਹਾਂ ਕਿ ਇਹਨਾਂ ਸਭ ਗੱਲਾਂ ਦਾ ਸਾਡੀ ਸਭਿਅਤਾ ਨਾਲ ਕਿਤੇ ਦੂਰ ਦੂਰ ਤੱਕ ਵਾਸਤਾ ਨਹੀਂ ਸੀ। ਜੇ ਮਰਿਆਦਾ ਦਾ ਇਸ ਤਰਾਂ ਹੀ ਘਾਣ ਹੁੰਦਾ ਰਿਹਾ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਕੀ ਬਣੇਗਾ? ਇਸ ਤੋਂ ਵੀ ਵੱਧ ਸ਼ਰਮ ਦੀ ਗੱਲ ਇਹ ਹੁੰਦੀ ਹੈ ਕਿ ਉਹਨਾਂ ਦੇ ਪਰਿਵਾਰ ਵੀ ਇਸ ਵਿੱਚ ਉਹਨਾਂ ਦਾ ਸਾਥ ਦੇ ਰਹੇ ਹੁੰਦੇ ਹਨ। ਇਹਨਾਂ ਗੱਲਾਂ ਵਿੱਚ ਤਾਂ ਸਾਡੇ ਦੇਸ਼ ਦੇ ਲੋਕ ਪੱਛਮੀ ਸਭਿਅਤਾ ਦੇ ਲੋਕਾਂ ਤੋਂ ਵੀ ਦੋ ਕਦਮ ਅੱਗੇ ਹੀ ਨਿਕਲ਼ ਗਏ ਹਨ। ਅੱਜ ਕੱਲ੍ਹ ਇਹਨਾਂ ਗੱਲਾਂ ਦਾ ਰੁਝਾਨ ਇਸੇ ਕਰਕੇ ਵਧ ਰਿਹਾ ਹੈ ਕਿਉਂਕਿ ਕੁਝ ਲੋਕ ਸੋਸ਼ਲ ਸਾਈਟਾਂ ਤੋਂ ਕਮਾਈ ਵੀ ਕਰਦੇ ਹਨ। ਜਿਸ ਕਰਕੇ ਸਭ ਨੂੰ ਲੱਗਦਾ ਹੈ ਕਿ ਉਹ ਵੀ ਬਿਨਾਂ ਕੰਮ ਕਾਰ ਕੀਤੇ ਦੁਨੀਆਂ ਵਿੱਚ ਮਸ਼ਹੂਰ ਹੋ ਜਾਣਗੇ ਪਰ ਇਹਨਾਂ ਕੰਮਾਂ ਦੇ ਗਲਤ ਨਤੀਜੇ ਵੀ ਨਿਕਲਦੇ ਦੇਖੇ ਗਏ ਹਨ।
          ਸਾਡੇ ਸਿਆਣੇ “ਸਹਿਜ ਪਕੇ ਸੋ ਮੀਠਾ ਹੋਇ” ਦੇ ਸਿਧਾਂਤ ਅਨੁਸਾਰ ਜੀਵਨ ਬਤੀਤ ਕਰਦੇ ਸਨ। ਉਹ “ਇੱਕ ਪੈਰ ਘੱਟ ਤੁਰਨਾ ਪਰ ਤੁਰਨਾ ਮੜਕ ਦੇ ਨਾਲ ” ਵਾਲੀ ਗੱਲ ਕਰਦੇ ਸਨ ਕਿਉਂਕਿ ਉਹ ਅਣਖ ਨਾਲ ਜਿਊਣਾ ਜਾਣਦੇ ਸਨ।ਇਹ ਗੱਲਾਂ ਸਾਨੂੰ ਮਰਿਆਦਾ ਵਿੱਚ ਰਹਿਣ ਲਈ ਪ੍ਰੇਰਿਤ ਕਰਦੀਆਂ ਹਨ। ਮਰਿਆਦਾ ਨੂੰ ਭੰਗ ਕਰਕੇ ਜੀਵਨ ਬਿਤਾਉਣ ਨੂੰ ਹਰਗਿਜ਼ ਨਵਾਂ ਜ਼ਮਾਨਾ ਨਹੀਂ ਕਿਹਾ ਜਾ ਸਕਦਾ। ਨਵਾਂ ਜ਼ਮਾਨਾ ਤਾਂ ਉਹ ਹੁੰਦਾ ਹੈ ਜੋ ਪ੍ਰਗਤੀਸ਼ੀਲ ਗਤੀਵਿਧੀਆਂ ਰਾਹੀਂ ਸਾਨੂੰ ਕਾਮਯਾਬੀਆਂ ਦੇ ਲੀਹੇ ਚਾੜ੍ਹੇ । ਨਵੇਂ ਜ਼ਮਾਨੇ ਦੇ ਨਾਂ ਤੇ ਤਾਂ ਸਿਰਫ਼ ਘਰਾਂ, ਪਰਿਵਾਰਾਂ ਅਤੇ ਸਮਾਜ ਵਿਚਲੀ ਮਰਿਆਦਾ ਦਾ ਗਲ਼ਾ  ਘੁੱਟਿਆ ਜਾ ਰਿਹਾ ਹੈ ਜੋ ਆਉਣ ਵਾਲੇ ਵਕਤ ਵਿੱਚ ਚੁਣੌਤੀਆਂ ਭਰਪੂਰ ਹੋ ਸਕਦਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324 
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article69ਵੀਆਂ ਪੰਜਾਬ ਅੰਤਰ ਰਾਜ ਸਕੂਲ ਖੇਡਾਂ
Next articleਬਾਲ ਕਹਾਣੀ – ਬਾਂਦਰ ਦਾ ਵਿਆਹ