(ਸਮਾਜ ਵੀਕਲੀ)
ਜਿੰਦਗੀ ਬਹੁਤ ਖੂਬਸੂਰਤ ਹੈ ।ਅਸੀਂ ਸਾਰੇ ਹੀ ਸੰਸਾਰ ਵਿਚ ਵਿਚਰਦੇ ਹਾਂ। ਸਾਡਾ ਤਰ੍ਹਾਂ-ਤਰ੍ਹਾਂ ਦੇ ਬੰਦਿਆਂ ਨਾਲ ਮੇਲ-ਮਿਲਾਪ ਹੁੰਦਾ ਰਹਿੰਦਾ ਹੈ। ਕੋਈ ਬੰਦਾ ਜਿੰਦਗੀ ਵਿਚ ਸਾਡੀ ਪਤਾ ਨਹੀਂ ਕਦੋਂ ਆ ਜਾਂਦਾ ਹੈ ਕਿ ਉਹ ਸਾਡੇ ਦਿਲੋਂ ਕਰੀਬੀ ਬਣ ਜਾਂਦਾ ਹੈ। ਅਸੀਂ ਸਾਰੇ ਹੀ ਆਪਣੇ ਪਰਿਵਾਰਾਂ ਵਿੱਚ ਵਿਚਰਦੇ ਹਾਂ। ਸ਼ਰੀਕਾ ਵੀ ਇਸੇ ਨੂੰ ਕਿਹਾ ਜਾਂਦਾ ਹੈ। ਸ਼ਰੀਕੇ ਵਿਚ ਸਾਡੇ ਬਜ਼ੁਰਗਾਂ ਦੇ ਭਰਾ ਰਹਿੰਦੇ ਹਨ ।ਫਿਰ ਅੱਗੇ ਉਨ੍ਹਾਂ ਦੇ ਪੁੱਤ ਧੀਆਂ ਹੁੰਦੇ ਹਨ। ਅੱਜ ਕੱਲ ਤਾਂ ਕੋਈ ਵਿਰਲਾ ਹੀ ਹੋਣਾ ਜਿਸ ਦੀ ਸ਼ਰੀਕੇ ਵਿਚ ਬਣਦੀ ਹੋਵੇ। ਆਪਸ ਵਿੱਚ ਕਈ ਵਾਰ ਪਰਿਵਾਰਾਂ ਵਿੱਚ ਮਨ-ਮੁਟਾਅ ਪੈਦਾ ਹੋ ਜਾਂਦਾ ਹੈ। ਇੱਥੋਂ ਤੱਕ ਕਿ ਜ਼ਮੀਨ ਦੇ ਝਗੜੇ ਤਹਿਸੀਲਾਂ ਤੱਕ ਚਲੇ ਜਾਂਦੇ ਹਨ। ਕਈ ਵਾਰ ਮਾਰ-ਕਟਾਈ ਤੱਕ ਨੌਬਤ ਆ ਜਾਂਦੀ ਹੈ। ਅੱਜ ਕੱਲ ਤਾਂ ਭਰਾ- ਭਰਾ ਦੀ ਆਪਸ ਵਿੱਚ ਨਹੀਂ ਰਹਿੰਦੀ ,ਸ਼ਰੀਕੇ ਵਿਚ ਤਾਂ ਕੀ ਰਹੇਗੀ। ਭਾਈਆਂ ਭਾਈਆਂ ਦਾ ਪਿਆਰ ਆਪਸ ਵਿੱਚ ਖ਼ਤਮ ਹੁੰਦਾ ਜਾ ਰਿਹਾ ਹੈ। ਸਹਿਣਸ਼ੀਲਤਾ ਖ਼ਤਮ ਹੋ ਗਈ ਹੈ।ਇੱਕ ਦੂਜੇ ਦੇ ਦੁਸ਼ਮਣ ਬਣਦੇ ਜਾ ਰਹੇ ਹਨ। ਇੱਕ ਭਰਾ ਆਪਣੇ ਸਕੇ ਭਰਾ ਦੀ ਤਰੱਕੀ ਨੂੰ ਦੇਖ ਕੇ ਖੁਸ਼ ਨਹੀਂ ਹੈ ।
ਜੇ ਅਸੀਂ 15 ਕੁ ਸਾਲ ਪਿੱਛੇ ਝਾਂਕੀਏ ਤਾਂ ਸ਼ਰੀਕੇ ਵਿਚ ਸਾਡੇ ਬਜ਼ੁਰਗਾਂ ਦੇ ਭਰਾ ਹੁੰਦੇ ਸਨ। ਸਾਡੇ ਦਾਦਿਆਂ ਦਾ ਆਪਸ ਵਿੱਚ ਬਹੁਤ ਪਿਆਰ ਹੁੰਦਾ ਸੀ। ਹਾਲਾਂਕਿ ਜੋ ਸਾਡੀ ਦਾਦੀ ਹੁੰਦੀ ਸੀ ,ਉਹ ਆਪਣੀ ਜੇਠਾਨੀ ਨੂੰ ਮਾਂ ਦਾ ਦਰਜਾ ਦਿੰਦੀ ਸੀ। ਜੇ ਦਰਾਣੀਆਂ-ਜਠਾਣੀਆਂ ਆਪਸ ਵਿੱਚ ਲੜ ਵੀ ਪੈਂਦੀਆਂ ਸਨ, ਮਜਾਲ ਹੈ ਕਿ ਗੱਲ ਆਦਮੀ ਤੱਕ ਵੀ ਚਲੀ ਜਾਏ। ਜ਼ਨਾਨੀਆਂ ਦਾ ਆਪਸ ਵਿੱਚ ਇੰਨਾ ਪਿਆਰ ਹੁੰਦਾ ਸੀ ਕਿ ਉਹ ਆਪਸ ਵਿੱਚ ਹੀ ਸੁਲਝਾ ਲੈਂਦੀਆਂ ਸਨ। ਬੱਚਿਆਂ ਦਾ ਵੀ ਆਪਸ ਵਿੱਚ ਬਹੁਤ ਪਿਆਰ ਹੁੰਦਾ ਸੀ। ਇੱਕੀ ਹੀ ਸ਼ਰੀਕੇ ਦੇ ਬੱਚੇ ਆਪਸ ਵਿੱਚ ਇਕੱਠੇ ਖੇਡਦੇ ਸਨ, ਸਕੂਲ ਜਾਂਦੇ ਸਨ। ਇਕੱਠੇ ਮਾਂ-ਬਾਪ ਦੇ ਕੰਮਾਂ ਵਿਚ ਹੱਥ ਵਟਾਉਂਦੇ ਸਨ। ਪੁਰਾਣੇ ਬਜ਼ੁਰਗਾਂ ਵਿਚ ਬਹੁਤ ਸਹਿਨਸ਼ੀਲਤਾ ਹੁੰਦੀ ਸੀ। ਜੇ ਪਰਿਵਾਰ ਵਿਚ ਕੋਈ ਉੱਨੀ-ਇੱਕੀ ਹੋ ਵੀ ਜਾਂਦੀ ਸੀ ਤਾਂ ਉਸ ਨੂੰ ਵੱਡੇ ਬਜ਼ੁਰਗ ਸੁਲਝਾਅ ਦਿੰਦੇ ਸਨ। ਜੇ ਵੱਡੇ ਬਜ਼ੁਰਗਾਂ ਦਾ ਆਪਸ ਵਿੱਚ ਕੋਈ ਜ਼ਮੀਨ ਨੂੰ ਲੈ ਕੇ ਝਗੜਾ ਹੋ ਜਾਂਦਾ ਸੀ ਤਾਂ ਕੋਈ ਥਾਣੇ ਜਾਂ ਤਹਿਸੀਲ ਵਿੱਚ ਨਹੀਂ ਜਾਂਦਾ ਸੀ, ਪਿੰਡ ਦੇ ਹੀ ਸਮਝਦਾਰ ਬੰਦੇ ਜਾਂ ਸਰਪੰਚ ਨੂੰ ਲੈ ਕੇ ਆਪਸ ਵਿੱਚ ਸੁਲਝਾ ਲਿਆ ਜਾਂਦਾ ਸੀ।
ਜੇ ਭਰਾਵਾਂ ਦਾ ਆਪਸ ਵਿੱਚ ਕੋਈ ਮਨ ਮੁਟਾਵ ਹੋ ਜਾਂਦਾ ਸੀ, ਤਾਂ ਧੀਆਂ-ਭੈਣਾਂ ਆ ਕੇ ਮਨ ਮੁਟਾਵ ਨੂੰ ਪਿਆਰ ਵਿੱਚ ਬਦਲ ਦਿੰਦੀਆਂ ਸਨ।ਕਹਿਣ ਦਾ ਭਾਵ ਹੈ ਕਿ ਆਪਸ ਵਿੱਚ ਭਰਾਵਾਂ ਭੈਣਾਂ ਦਾ ਬਹੁਤ ਪਿਆਰ ਹੁੰਦਾ ਸੀ। ਅਕਸਰ ਕਿਹਾ ਜਾਂਦਾ ਹੈ ਕਿ ਸ਼ਰੀਕਾ ਇੱਕ ਸਿਹਰਾ ਬੰਨ੍ਹ ਕੇ ਨਹੀਂ ਆਉਂਦਾ, ਬਾਕੀ ਸਾਰੇ ਕੰਮ ਕਰ ਦਿੰਦਾ ਹੈ। ਜਿਹੇ ਪਰਿਵਾਰ ਵਿਚ ਕਿਸੇ ਦਾ ਬੱਚਾ ਹੁੰਦਾ ਸੀ, ਤਾਂ ਉਸ ਨੂੰ ਬਹੁਤ ਜ਼ਿਆਦਾ ਚਾਅ ਲਾਡ ਲਡਾਏ ਜਾਂਦੇ ਸਨ। ਫ਼ਰਕ ਬਿਲਕੁਲ ਵੀ ਨਹੀਂ ਰੱਖਿਆ ਜਾਂਦਾ ਸੀ। ਸ਼ਰੀਕੇ ਤੋਂ ਇਲਾਵਾ ਪਿੰਡ ਦੇ ਹੋਰ ਬਜ਼ੁਰਗ ਵੀ ਘਰ ਆ ਕੇ ਬੱਚੇ ਨਾਲ ਪਿਆਰ ਕਰਦੇ ਸਨ। ਜੇ ਸ਼ਰੀਕੇ ਵਿਚ ਕਿਸੇ ਧੀ ਭੈਣ ਦੇ ਘਰ ਵਿਆਹ ਦੀ ਰਸਮ ਹੁੰਦੀ ਸੀ, ਤਾਂ ਸਾਰਾ ਹੀ ਸ਼ਰੀਕਾ ਬੜੇ ਚਾਅ ਲਾਡ ਨਾਲ ਨਾਨਕਸ਼ੱਕ ਲਾਉਣ ਜਾਂਦਾ ਸੀ। ਹੋਰ ਤਾਂ ਹੋਰ ਕਈ ਵਾਰ ਧੀ ਭੈਣ ਦੇ ਵਿਆਹ ਕਾਰਜ ਵਿੱਚ ਪਿੰਡ ਦੇ ਹੋਰ ਮੈਂਬਰ ਵੀ ਚਲੇ ਜਾਂਦੇ ਸਨ। ਕਹਿਣ ਦਾ ਭਾਵ ਹੈ ਕਿ ਆਪਸ ਵਿੱਚ ਇੰਨਾ ਪਿਆਰ ਹੁੰਦਾ ਸੀ।
ਸਮਾਂ ਬੀਤਦਾ ਗਿਆ। ਸ਼ਰੀਕਿਆਂ ਦੀ ਆਪਸ ਵਿੱਚ ਬੋਲਚਾਲ ਹੀ ਖਤਮ ਹੋ ਗਈ। ਸਮਾਂ ਅਜਿਹਾ ਆਇਆ ਕਿ ਭਰਾਵਾਂ ਦਾ ਆਪਸ ਵਿੱਚ ਆਪਣੇ ਸਕੇ ਭਰਾ ਨਾਲ ਹੀ ਪਿਆਰ ਨਹੀਂ ਰਿਹਾ। ਇਨਸਾਨੀਅਤ ਖ਼ਤਮ ਹੋ ਚੁੱਕੀ ਹੈ। ਆਪਣੇ ਬੱਚਿਆਂ ਦੇ ਵਿਆਹਾਂ ਵਿੱਚ ਵੀ ਆਪਸ ਵਿੱਚ ਨਹੀਂ ਬੁਲਾਇਆ ਜਾਂਦਾ। ਮਰਗ ਤੇ ਤਾਂ ਕੀ ਜਾਵੇਗਾ?ਬੱਚਿਆ ਕਾਰਨ ਵੱਡੇ ਬਜ਼ੁਰਗਾਂ ਦਾ ਆਪਸ ਵਿਚ ਟਕਰਾਅ ਪੈਦਾ ਹੋਣਾ ਸ਼ੁਰੂ ਹੋ ਚੁੱਕਿਆ ਹੈ। ਹਮੇਸ਼ਾ ਕਿਹਾ ਜਾਂਦਾ ਵੀ ਹੈ ਕਿ ਆਪਣਿਆਂ ਨਾਲ ਹੀ ਇਨਸਾਨ ਵੱਡਾ ਹੁੰਦਾ ਹੈ। ਭਰਾ ਆਪਣੇ ਸਕੇ ਭਰਾ ਨੂੰ ਨੀਚਾ ਦਿਖਾਉਣ ਵਿੱਚ ਲੱਗਿਆ ਹੋਇਆ ਹੈ। ਉਸਨੂੰ ਇਹ ਹੁੰਦਾ ਹੈ ਕਿ ਮੇਰਾ ਭਰਾ ਮੇਰੀ ਤਰੱਕੀ ਨੂੰ ਲੈ ਕੇ ਖੁਸ਼ ਨਹੀਂ ਹੈ। ਅੱਜ ਤਾਂ ਅਜਿਹਾ ਸਮਾਂ ਆ ਗਿਆ ਹੈ ਕਿ ਬੇਗਾਨੇ ਨੂੰ ਭਰਾ ਬਣਾਇਆ ਜਾ ਰਿਹਾ ਹੈ ਤੇ ਆਪਣੇ ਖੂਨ ਦੇ ਰਿਸ਼ਤਿਆਂ ਨੂੰ ਖ਼ਤਮ ਕੀਤਾ ਜਾ ਰਿਹਾ ਹੈ। ਕਈ ਵਾਰ ਜਦੋਂ ਅਸੀਂ ਕਿਸੇ ਤੀਜੇ ਬੰਦੇ ਦੀ ਗੱਲ ਸੁਣਦੇ ਹਨ ਤਾਂ ਆਪਸ ਵਿੱਚ ਤਕਰਾਰ ਵੀ ਹੋ ਜਾਂਦਾ ਹੈ ।ਕੋਈ ਬੇਗਾਨਾ ਆਪਣਾ ਕਦੇ ਵੀ ਨਹੀਂ ਬਣ ਸਕਦਾ।
ਅੱਜ ਕੱਲ ਦੇ ਰਿਸ਼ਤੇ ਮਤਲਬ ਦੇ ਰਹਿ ਚੁੱਕੇ ਹਨ। ਚੇਤੇ ਰਖੀਏ ਕਿ ਜੇ ਅਸੀਂ ਕਦੇ ਮੁਸੀਬਤ ਵਿਚ ਹੁੰਦੇ ਹਨ ਤਾਂ ਦੁੱਖ ਹਮੇਸ਼ਾ ਆਪਣਿਆਂ ਨੂੰ ਹੀ ਆਉਂਦਾ ਹੈ । ਸੇਕ ਹਮੇਸ਼ਾ ਆਪਣਿਆਂ ਨੂੰ ਹੀ ਲੱਗਦਾ ਹੈ। ਕਹਿਣ ਨੂੰ ਤਾਂ ਬੇਗਾਨਾ ਕਹਿ ਦਿੰਦਾ ਹੈ ਕਿ ਮੈਂ ਤੇਰਾ ਭਰਾ ਹਾਂ। ਰਹਿੰਦੀ ਕਾਇਨਾਤ ਤੱਕ ਤੇਰਾ ਭਰਾ ਰਹਾਂਗਾ। ਉਹ ਸਿਰਫ਼ ਕਹਿਣ ਦੀਆਂ ਗੱਲਾਂ ਹੁੰਦੀਆਂ ਹਨ। ਆਪਣਾ ਮਤਲਬ ਕੱਢ ਕੱਢ ਕੇ ਧਰਮ ਭਾਈ- ਭੈਣ ਬਣੇ ਹੋਏ ਚੱਲ ਪੈਂਦੇ ਹਨ। ਚਾਹੇ ਆਪਣਾ ਕਿਹੋ ਜਿਹਾ ਵੀ ਹੋਵੇ, ਹਮੇਸ਼ਾ ਦੁੱਖ ਹਮੇਸ਼ਾ ਆਪਣੇ ਨੂੰ ਹੀ ਆਉਂਦਾ ਹੈ। ਕਦੇ ਨਾ ਕਦੇ ਤਾਂ ਆਪਣਾ ਭਰਾ ਆਪਣਾ ਫਰਜ਼ ਨਿਭਾਉਂਦਾ ਹੀ ਹੈ। ਕਦੇ ਤਾਂ ਉਸ ਨੂੰ ਹੋਏਗਾ ਕਿ ਮੇਰਾ ਭਰਾ ਇਸ ਵੇਲੇ ਮੁਸੀਬਤ ਵਿੱਚ ਹੈ ਜਾਂ ਮੈਂ ਮੁਸੀਬਤ ਵਿੱਚ ਹਾਂ ਅਸੀਂ ਇਕ ਦੂਜੇ ਦੀ ਮਦਦ ਕਰਾਂਗੇ। ਹਰ ਘਰ ਵਿਚ ਥੋੜਾ ਬਹੁਤ ਤਕਰਾਰ ਤਾਂ ਹੁੰਦਾ ਹੀ ਰਹਿੰਦਾ ਹੈ, ਪਰ ਇਹ ਨਹੀਂ ਕਿ ਅਸੀਂ ਆਪਣੇ ਖੂਨ ਦੇ ਰਿਸ਼ਤੇ ਹੀ ਖਤਮ ਕਰ ਦੇਈਏ। ਆਓ ਆਪਣਿਆਂ ਨਾਲ ਪਿਆਰ ਪਾਈਏ। ਭਰਾ ਭੈਣ ਹਮੇਸ਼ਾ ਇਕ-ਦੂਜੇ ਦਾ ਸਤਿਕਾਰ ਕਰੀਏ।
ਸੰਜੀਵ ਸਿੰਘ ਸੈਣੀ
ਮੋਹਾਲੀ7888966168