ਬੱਚੇ ਦੇ ਵਿਕਾਸ ਵਿਚ ਉਤਸ਼ਾਹ ਦੀ ਮਹੱਤਤਾ

ਰਵਿੰਦਰ ਸਿੰਘ ਸੋਢੀ

ਰਵਿੰਦਰ ਸਿੰਘ ਸੋਢੀ

  (ਸਮਾਜ ਵੀਕਲੀ)  ਬੱਚੇ ਦੇ ਸਰਵ ਪੱਖੀ ਵਿਕਾਸ ਲਈ ਜਿਥੇ ਬੱਚੇ ਦੀਆਂ ਕੁਦਰਤੀ ਰੁਚੀਆਂ, ਪਰਿਵਾਰਕ ਅਤੇ ਆਲੇ ਦੁਆਲੇ ਦਾ ਮਾਹੌਲ, ਉਸ ਦੇ ਵਿਦਿਅਕ  ਅਦਾਰੇ ਦਾ ਮਾਹੌਲ, ਉਸ ਦੇ ਨਜ਼ਦੀਕੀ ਮਿੱਤਰਾਂ ਦੀ ਸੰਗਤ ਆਦਿ ਪੱਖ ਆਪਣਾ-ਆਪਣਾ ਯੋਗਦਾਨ  ਪਾਉਂਦੇ ਹਨ, ਉਥੇ ਬੱਚੇ ਵਿਚ ਆਤਮ ਵਿਸ਼ਵਾਸ ਪੈਦਾ ਕਰਨਾ, ਉਸ ਦੇ ਅੰਦਰ ਲੁਕੀ ਪ੍ਰਤਿਭਾ ਨੂੰ ਉਜਾਗਰ ਕਰਨ ਲਈ ਹੱਲਾਸ਼ੇਰੀ ਦੇਣੀ ਅਤੇ ਇਕ ਅਜਿਹਾ ਮਾਹੌਲ ਪ੍ਰਦਾਨ ਕਰਨਾ ਜਿਸ ਵਿਚ ਉਸ ਨੂੰ ਨਿਰੋਲ ਹਾਂ-ਪੱਖੀ ਹੁੰਗਾਰਾ ਹੀ ਮਿਲੇ ਦਾ ਵੀ ਵਿਸ਼ੇਸ਼ ਯੋਗਦਾਨ ਹੁੰਦਾ ਹੈ। ਅਜਿਹੇ ਉਸਾਰੂ ਹਾਲਾਤ ਵਿਚ ਪ੍ਰਵਾਨ ਚੜ੍ਹੇ ਬੱਚੇ ਨਵੀਆਂ ਮੰਜ਼ਲਾਂ ਸਰ ਕਰਨ ਵਿਚ ਹੀ ਸਫਲ ਨਹੀਂ ਹੁੰਦੇ ਬਲਕਿ ਇਕ ਉਸਾਰੂ ਸਮਾਜ ਦੀ ਸਿਰਜਣਾ ਵੀ ਕਰਦੇ ਹਨ। ਇਸ ਪੱਖੋਂ ਕੈਨੇਡਾ ਵਿਚ ਮੁੱਢਲੀ ਸਿੱਖਿਆ ਸਮੇਂ ਬੱਚਿਆਂ ਨੂੰ ਇਕ ਅਜਿਹੇ ਸਾਂਚੇ ਵਿਚ ਢਾਲਣ ਦਾ ਯਤਨ ਕੀਤਾ ਜਾਂਦਾ ਹੈ ਜਿਥੇ ਆਲੋਚਨਾ ਦੀ ਥਾਂ ਉਹਨਾਂ ਨੂੰ ਹੌਸਲਾ ਦਿੱਤਾ ਜਾਂਦਾ ਹੈ, ਬੱਚਿਆਂ ਦੀ ਛੋਟੀ ਤੋਂ ਛੋਟੀ ਪਰਾਪਤੀ ਲਈ ਉਹਨਾਂ ਦੀ ਪ੍ਰਸੰਸਾ ਕੀਤੀ ਜਾਂਦੀ ਹੈ ਅਤੇ ਅਧਿਆਪਕ ਅਤੇ ਸਕੂਲ ਦੇ ਉੱਚ ਅਧਿਕਾਰੀਆਂ ਦੀ ਇਹ ਭਰਪੂਰ ਕੋਸ਼ਿਸ਼ ਰਹਿੰਦੀ ਹੈ ਕਿ ਬੱਚਿਆਂ ਪ੍ਰਤੀ ਕੋਈ ਨਾਂਹ-ਪੱਖੀ ਟਿੱਪਣੀ ਨਾ ਕੀਤੀ ਜਾਵੇ, ਜਿਸ ਨਾਲ ਬੱਚਿਆਂ ਦੀ ਮਾਨਸਿਕਤਾ ਵਿਚ ਕਿਸੇ ਤਰਾਂ ਦੀ ਹੀਨ ਭਾਵਨਾ ਪੈਦਾ ਹੋਵੇ। ਜਿਆਦਾ ਸ਼ਰਾਰਤੀ ਬੱਚਿਆਂ ਨੂੰ ਉਸਾਰੂ ਢੰਗ ਨਾਲ ਸਹੀ ਰਸਤੇ ‘ਤੇ ਲਿਆਉਣ ਲਈ ਵਿਸ਼ੇਸ਼ ਸਿਖਲਾਈ ਪ੍ਰਾਪਤ ਅਧਿਆਪਕ ਹੁੰਦੇ ਹਨ ਜੋ ਅਜਿਹੇ ਬੱਚਿਆਂ ਦੀ ਮਾਨਸਿਕਤਾ ਨੂੰ ਬਦਲਣ ਲਈ ਮਨੋਵਿਗਾਨਿਕ ਢੰਗਾਂ ਦੀ ਵਰਤੋਂ ਕਰਦੇ ਹਨ। ਬੱਚਿਆਂ ਦੀਆਂ ਉਸਾਰੂ ਗਤੀਵਿਧੀਆਂ ਨੂੰ ਨਵੀਂ ਦਿਸ਼ਾ ਦੇਣ ਦੇ ਯਤਨ ਕੀਤੇ ਜਾਂਦੇ ਹਨ ਅਤੇ ਉਹਨਾਂ ਨੂੰ ਹੱਲਾਸ਼ੇਰੀ ਦੇ ਕੇ ਉਹਨਾਂ ਵਿਚ ਹਾਂ-ਪੱਖੀ ਵਰਤਾਰੇ ਦੀ ਭਾਵਨਾ ਪੈਦਾ ਕੀਤੀ ਜਾਂਦੀ ਹੈ।

ਇਸ ਪੱਖ ਦੀ ਇਕ ਉਦਾਹਰਣ ਦਾ ਵਰਣਨ ਕਰਨਾ ਚਾਹੁੰਦਾ ਹਾਂ ਜੋ ਉਪਰੋਕਤ ਵਿਚਾਰਧਾਰਾ ਦੀ ਸੱਚਾਈ  ਪ੍ਰਗਟ ਕਰਦੀ ਹੈ। ਕੈਨੇਡਾ ਦੇ ਇਕ ਵੱਡੇ ਸ਼ਹਿਰ ਕੈਲਗਰੀ ਦੇ ਕੋਲ ਹੀ ਇਕ ਸ਼ਹਿਰ ਹੈ ਚੈਸਟਰਮੇਅਰ। ਨਵੇਂ ਸਾਲ ਦੇ ਕਾਰਡ ਬਣਾਉਣ ਵਾਲੇ ਇਕ ਅਦਾਰੇ ਵੱਲੋਂ ਚੈਸਟਰਮੇਅਰ ਦੇ ਐਲੀਮੈਂਟਰੀ (ਕਿੰਡਰ ਗਾਰਟਨ ਤੋਂ ਸਤਵੀਂ ਜਮਾਤ ਤੱਕ) ਸਕੂਲਾਂ ਵਿਚ ਆਪਣੇ ਕਰਮਚਾਰੀ ਭੇਜੇ ਗਏ। ਉਹਨਾਂ ਨੇ ਵੱਖ-ਵੱਖ ਕਲਾਸਾਂ ਵਿਚ ਜਾ ਕੇ ਬੱਚਿਆਂ ਨੂੰ ਡਰਾਇੰਗ ਸ਼ੀਟਾਂ ਦਿੱਤੀਆਂ ਅਤੇ ਕਿਹਾ ਕਿ ਉਹ ਆਪਣੀ ਮਰਜ਼ੀ ਨਾਲ ਉਹਨਾਂ ਸ਼ੀਟਾਂ ‘ਤੇ ਕੁਝ ਵੀ ਬਣਾਉਣ ਅਤੇ ਰੰਗ ਭਰਨ। ਇਸ ਕੰਮ ਵਿਚ ਬਾਹਰੀ ਤੌਰ ਤੇ ਬੱਚਿਆਂ ਨੂੰ ਕੋਈ ਸਹਾਇਤਾ ਨਹੀਂ ਦਿੱਤੀ ਗਈ, ਭਾਵ ਬੱਚਿਆਂ ਦੇ ਅਧਿਆਪਕਾਂ ਵੱਲੋਂ ਕਿਸੇ ਕਿਸਮ ਦੀ ਸਹਾਇਤਾ ਜਾਂ ਸਲਾਹ ਨਹੀਂ ਦਿੱਤੀ ਗਈ। ਸਾਰੇ ਬੱਚਿਆਂ ਨੇ ਆਪਣੀ ਸੋਚ ਮੁਤਾਬਿਕ ਕੁਝ ਨਾ ਕੁਝ ਬਣਾਇਆ, ਰੰਗ  ਭਰੇ ਅਤੇ ਆਪਣਾ ਨਾਂ ਲਿਖ ਦਿੱਤਾ। ਬੱਚਿਆਂ ਵੱਲੋਂ ਬਣਾਏ ਗਏ ਇਹ ਕਾਰਡ ਉਸ ਅਦਾਰੇ ਦੇ ਕਰਮਚਾਰੀ ਆਪਣੇ ਨਾਲ ਲੈ ਗਏ। ਕੁਝ ਦਿਨਾਂ  ਬਾਅਦ ਹਰ ਬੱਚੇ ਨੂੰ ਉਸਦੀ ਬਣਾਈ ਡਰਾਇੰਗ ਦੇ ਵੀਹ-ਵੀਹ ਕਾਰਡ ਦਿੱਤੇ ਗਏ। ਇਹ ਕਾਰਡ ਛਾਪਣ ਵੇਲੇ ਬੱਚਿਆਂ ਵੱਲੋਂ ਬਣਾਏ ਕਾਰਡਾਂ ਨੂੰ ਕਿਸੇ ਕਿਸਮ ਨਾਲ ਸੋਧਣ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਜਦੋਂ ਬੱਚਿਆਂ ਨੇ ਆਪਣੇ ਵੱਲੋਂ ਬਣਾਈ  ਡਰਾਇੰਗ ਨੂੰ ਕਾਰਡ ਦੇ ਰੂਪ ਵਿਚ ਦੇਖਿਆ, ਉਹਨਾਂ ਦੇ ਚਿਹਰੇ ਦੇ ਹਾਵ-ਭਾਵ ਦੇਖਣ ਵਾਲੇ ਸੀ। ਉਹ ਮਹਿਸੂਸ ਕਰ ਰਹੇ ਸਨ ਜਿਵੇਂ ਉਹ ਹਵਾ ਵਿਚ ਉੱਡ ਰਹੇ ਹੋਣ। (ਇਥੇ ਮੈਂ ਪਹਿਲੀ ਕਲਾਸ, ਉਮਰ ਸੱਤ ਸਾਲ ਅਤੇ ਤੀਜੀ ਕਲਾਸ, ਉਮਰ ਨੌਂ ਸਾਲ ਦੇ ਬੱਚਿਆਂ ਵੱਲੋਂ ਬਣਾਏ ਕਾਰਡਾਂ ਦੀਆਂ ਤਸਵੀਰਾਂ ਦੇ ਰਿਹਾ ਹਾਂ)। ਮੈਂ ਇਹ ਨਹੀਂ ਕਹਿੰਦਾ ਕਿ ਇਹ ਚਿੱਤਰ ਕਲਾ ਦੇ ਵਧੀਆ ਨਮੂਨੇ ਹਨ, ਪਰ ਬੱਚਿਆਂ ਦੀ ਉਮਰ ਨੂੰ ਦੇਖਦੇ ਹੋਏ ਅਤੇ ਉਹਨਾਂ ਦੇ ਮਾਨਸਿਕ ਪੱਧਰ ਨੂੰ ਦੇਖਦੇ ਹੋਏ, ਉਹਨਾਂ ਦੀ ਅਤੇ ਹੋਰ ਬੱਚਿਆਂ ਦੀ ਪ੍ਰਸੰਸਾ ਕਰਨੀ ਤਾਂ ਬਣਦੀ ਹੀ ਹੈ। ਜਦੋਂ ਇਹਨਾਂ ਬੱਚਿਆਂ ਨੇ ਇਹ ਕਾਰਡ ਆਪਣੇ ਨੇੜਲੇ ਰਿਸ਼ਤੇਦਾਰਾਂ ਨੂੰ ਭੇਜੇ ਹੋਣਗੇ ਤਾਂ ਉਹਨਾਂ ਵੱਲੋਂ ਮਿਲੀ ਸ਼ਾਬਾਸ਼ ਨਿਸ਼ਚੇ  ਹੀ ਬੱਚਿਆਂ ਦੇ ਮਨੋਬਲ ਨੂੰ ਉੱਚਾ ਚੁੱਕਣ ਵਿਚ ਸਹਾਈ ਹੋਵੇਗੀ ਅਤੇ ਭਵਿੱਖ ਵਿਚ ਉਹਨਾਂ ਨੂੰ  ਅਜਿਹੀਆਂ ਗਤੀ ਵਿਧੀਆਂ ਵਿਚ ਅੱਗੇ ਆਉਣ ਦੀ ਪਰੇਰਣਾ ਤਾਂ ਮਿਲੇਗੀ ਹੀ, ਇਸ ਦੇ ਨਾਲ ਹੀ  ਭਵਿੱਖ ਵਿਚ ਵੀ ਬੱਚਿਆਂ ਦੀ ਕਲਪਨਾ  ਹੋਰ ਉੱਚੀਆਂ ਉਡਾਰੀਆਂ ਲਾਵੇਗੀ ।

ਆਪਣੀ ਜਮਾਤ ਵਿਚ ਕਿਤਾਬੀ ਪੜ੍ਹਾਈ ਦੇ ਨਾਲ-ਨਾਲ ਹੋਰ ਗਤੀ ਵਿਧੀਆਂ ਵਿਚ ਹਿੱਸਾ ਲੈਣਾ ਜਿਸ ਕਰਕੇ ਉਹਨਾਂ ਦੀ ਪ੍ਰਸੰਸਾ ਹੋਵੇ, ਬੱਚਿਆਂ ਦੇ ਦਿਲ ਵਿਚ ਇਕ ਨਵੀਂ ਨਰੋਈ ਭਾਵਨਾ ਹੀ ਪੈਦਾ ਨਹੀਂ ਕਰਦੀ ਸਗੋਂ ਜ਼ਿੰਦਗੀ ਪ੍ਰਤੀ ਉਹਨਾਂ ਦੀ ਸੋਚ ਨੂੰ ਹਾਂ-ਪੱਖੀ ਹੁਲਾਰਾ ਦਿੰਦੀ ਹੈ। ਅਜਿਹੇ ਮਾਹੌਲ ਵਿਚ ਪ੍ਰਵਾਨ ਚੜ੍ਹੇ ਬੱਚੇ ਹਮੇਸ਼ਾ ਹੀ ਹੱਸਦੇ-ਹੱਸਦੇ ਨਵੀਆਂ ਚੁਣੌਤੀਆਂ ਨਾਲ ਦੋ-ਚਾਰ ਹੋਣ ਤੋਂ ਘਬਰਾਉਂਦੇ ਨਹੀਂ.  ਉਹਨਾਂ ਦੇ ਅਚੇਤ ਮਨ ਵਿਚ ਵਿਚਰ ਰਹੇ ਹੌਸਲੇ ਕਰਕੇ ਡਰ ਉਹਨਾਂ ਦੇ ਨੇੜੇ ਨਹੀਂ ਢੁੱਕਦਾ। ਉਹ ਜ਼ਿੰਦਗੀ ਵਿਚ ਆਈਆਂ ਅਸਫਲਤਾਵਾਂ ਤੋਂ ਵੀ ਕੁਝ ਸਿੱਖਦੇ ਹਨ ਅਤੇ ਨਵੇਂ ਦਿਸ-ਹੱਦਿਆਂ ਵੱਲ ਵਧਣ ਦੀ ਯੋਗਤਾ ਵੀ ਰੱਖਦੇ ਹਨ। ਜਦੋਂ ਬੱਚਿਆਂ ਨੂੰ ਇਸ ਗੱਲ ਦਾ ਅਹਿਸਾਸ ਕਰਵਾਇਆ ਜਾਏ ਕਿ ਉਹਨਾਂ ਵੱਲੋਂ ਕੀਤਾ ਕੰਮ ਵਿਸ਼ੇਸ਼ ਮਹੱਤਵ ਵਾਲਾ ਹੈ ਤਾਂ ਉਹਨਾਂ ਦੇ ਦਿਲ ਵਿਚ ਇਹ ਭਾਵਨਾ ਘਰ ਕਰ ਜਾਂਦੀ ਹੈ ਕਿ ਉਹ ਵੀ ਇਸ ਦੁਨੀਆਂ ਵਿਚ ਕੁਝ ਨਵੇਕਲਾ ਕਰ ਸਕਦੇ ਹਨ। ਇਨਸਾਨ ਵਿਚ ਪੈਦਾ ਹੋਈ ਅਜਿਹੀ ਉਸਾਰੂ ਸੋਚ ਨੇ ਹੀ ਪੱਥਰ ਕਾਲ ਦੇ ਯੁਗ ਨੂੰ ਵਰਤਮਾਨ ਸਮੇਂ ਦੇ ਵਿਗਿਆਨਕ ਯੁਗ ਵਿਚ ਬਦਲਿਆ ਹੈ।

ਜਿੰਨਾਂ ਬਾਲ ਮਨਾਂ ਨੂੰ ਅਜਿਹੇ ਉਤਸ਼ਾਹ ਭਰੇ ਮਾਹੌਲ ਵਿਚ ਰਹਿਣ ਦਾ ਮੌਕਾ ਮਿਲਿਆ ਹੋਵੇ, ਉਹਨਾਂ ਦੀਆਂ ਜਾਗਦੀਆਂ ਅੱਖਾਂ ਦੇ ਸੁਪਨੇ ਪੂਰੇ ਹੀ ਨਹੀਂ ਹੁੰਦੇ, ਉਹ ਆਉਣ ਵਾਲੇ ਕੱਲ ਦੇ ਨੇਤਾ ਬਣ ਕੇ ਇਸ ਦੁਨੀਆਂ ਨੂੰ ਹੋਰ ਜਿਉਣ ਜੋਗੀ ਬਣਾਉਂਦੇ ਦੇ ਕਾਬਿਲ ਵੀ ਬਣਦੇ ਹਨ । ਬੱਚੇ ਦੀ ਯੋਗਤਾ ਨੂੰ ਕਿਤਾਬੀ ਪੜਾਈ ਦੀਆਂ  ਪਰਾਪਤੀਆਂ ਤੋਂ ਹੀ ਨਹੀਂ ਪਹਿਚਾਣਿਆ ਜਾ ਸਕਦਾ, ਸਗੋਂ ਇਹ ਦੇਖਣਾ ਵੀ ਜਰੂਰੀ ਹੁੰਦਾ ਹੈ ਕਿ ਉਹ ਆਪਣੇ ਅੰਦਰ ਲੁਕੀਆਂ ਹੋਰ ਕੁਦਰਤੀ ਰੁਚੀਆਂ ਨੂੰ ਕਿਵੇਂ  ਉਜਾਗਰ ਕਰਦੇ ਹਨ ਅਤੇ ਉਹਨਾਂ ਨੂੰ ਆਪਣੇ ਆਪ ‘ਤੇ ਕਿੰਨਾ ਭਰੋਸਾ ਹੈ?  ਜੇ ਹਰ ਬੱਚੇ ਨੂੰ ਬਿਨਾਂ ਕਿਸੇ ਡਰ ਜਾਂ ਝਿਜਕ ਦੇ ਆਪਣੀ ਸਮਰਥਾ ਨੂੰ ਪ੍ਰਗਟਾਉਣ ਦਾ ਮੌਕਾ ਮਿਲੇ ਤਾਂ ਇਹ ਸੋਚਿਆ ਵੀ ਨਹੀਂ ਜਾ  ਸਕਦਾ ਕਿ ਉਹ ਬੱਚਾ ਵੱਡਾ ਹੋ ਕੇ ਕਿਹੜੀਆਂ-ਕਿਹੜੀਆਂ ਮੁਸ਼ਕਿਲ ਘਾਟੀਆਂ ਸਰ  ਕਰ ਸਕਦਾ ਹੈ।

ਰਵਿੰਦਰ ਸਿੰਘ ਸੋਢੀ  ਕੈਲਗਰੀ(ਕੈਨੇਡਾ)

001-604-369-2371

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਮੱਖੀ ,ਮੱਛਰ ,ਕੀੜੇ , ਮਕੌੜੇ ਅਤੇ ਕਾਕਰੋਚ ਭਜਾਉਣ ਦਾ ਨੁਕਤਾ ।
Next articleਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਲਗਾਈ ਗਈ ਵਿਸ਼ਾਲ ਪੁਸਤਕ ਪ੍ਰਦਰਸ਼ਨੀ