(ਸਮਾਜ ਵੀਕਲੀ)
ਹੱਥੀ ਕੰਮ ਕਰਨ ਵਾਲੀ ਔਰਤ ਕਲਮ ਦੀ ਕਲਾਕਾਰੀ ਵੀ ਬਕਮਾਲ ਕਰਦੀ ਹੈ ਉਸਨੂੰ ਕਿਸੇ ਪਹਿਚਾਣ ਦੀ ਲੋੜ ਨਹੀਂ ਸਰਬਜੀਤ ਕੌਰ ਹਾਜੀਪੁਰ ਇੱਕ ਉੱਭਰ ਰਹੀ ਕਵਿੱਤਰੀ ਹੈ। ਜਿਹਨਾਂ ਦਾ ਜਨਮ ਆਪਣੇ ਨਾਨਕਾ ਪਿੰਡ ਵਿੱਚ ਹੋਇਆ… ਕੁੱਝ ਸਾਲਾਂ ਤੱਕ ਦਾ ਪਾਲਣ ਪੋਸ਼ਣ ਭੂਆ ਦੇ ਪਿੰਡ ਵਿੱਚ ਹੋਇਆ। ਸਰਬਜੀਤ ਆਪਣੇ ਪਰਿਵਾਰ ਵਿਚ ਦੋ ਭੈਣਾਂ ਤੋਂ ਵੱਡੀ ਤੇ ਆਪਣੇ ਭਰਾ ਨਾਲੋਂ ਛੋਟੀ ਹੈ। ਇਸ ਲੇਖਿਕਾ ਨੇ ਆਪਣੀ ਕਲਮ ਨਾਲ ਪਹਿਲਾ ਕਦਮ ਦਸਵੀਂ ਜਮਾਤ ਵਿਚ ਪੜਦੇ ਹੀ ਪੁੱਟ ਲਿਆ ਸੀ। ਲਿਖਣ ਦੀ ਸ਼ੌਕੀਨ ਹੋਣ ਕਾਰਨ ਵਿਚਾਰ ਬਹੁਤ ਡੂੰਘੇ ਹੋਇਆ ਕਰਦੇ ਹਨ। ਇਹ ਕਾਰਨ ਹੀ ਉਹ ਅੱਜ ਵੀ ਸਾਂਝੇ ਪਰਿਵਾਰ ਵਿਚ ਰਹਿ ਰਹੇ ਹਨ। ਗੱਲ ਕਰੀਏ ਸਾਹਿਤ ਦੀ ਤੇ ਇਹ ਲੇਖਿਕਾ ਦੋਆਬਾ ਪੰਜਾਬੀ ਸੱਥ ਸ਼ਾਹਕੋਟ ਦੀ ਸੈਟਕਰੀ ਅਤੇ ਮੰਚ ਸੰਚਾਲਕ ਹੋਣ ਦੇ ਨਾਲ ਹੀ ਵਿਸ਼ਵ ਪੰਜਾਬੀ ਨਾਰੀ ਸਾਹਿਤਿਕ ਮੰਚ ਦੀ ਵੀ ਮੀਡੀਆ ਇੰਚਾਰਜ ਦੀ ਭੂਮਿਕਾ ਨਿਭਾਉਂਦੀ ਹੈ।
ਇਸ ਤੋਂ ਇਲਾਵਾ ਇਹਨਾਂ ਦੀ ਆਪਣੀ ਇਕ ਕਿਤਾਬ “ਦਿਲ ਦੀ ਆਖ ਸੁਣਾਵਾਂ “ਛਪ ਚੁੱਕੀ ਹੈ ਲਗਭਗ 10 ਸਾਂਝੀਆਂ ਕਿਤਾਬਾਂ ਵਿਚ ਕਵਿਤਾਵਾਂ ਛਪ ਚੁੱਕੀਆਂ ਹਨ ਤੇ 2 ਕਿਤਾਬਾਂ ਵਿਚ ਕਹਾਣੀਆਂ ਵੀ ਲੱਗ ਚੁਕੀਆਂ ਹਨ। ਇਹ ਲੇਖਿਕਾ ਹੋਣ ਦੇ ਨਾਲ ਨਾਲ ਸੰਪਾਦਕੀ ਵੀ ਕਰਦੇ ਹਨ ਇਹਨਾਂ ਦਾ ਇਕ ਮੈਗਜ਼ੀਨ (ਅੱਖਰਕਾਰੀ )ਵੀ ਛਪਦਾ ਹੈ। ਅਨੇਕਾਂ ਅਖਬਾਰਾਂ ਵਿਚ ਇਹਨਾਂ ਦੀਆਂ ਲਿਖਤਾਂ ਅਕਸਰ ਲਗਦੀਆਂ ਰਹਿੰਦੀਆਂ ਹਨ। ਹੱਥੀ ਕੰਮ ਕਰਨ ਵਾਲੀ ਇਹ ਕਵਿੱਤਰੀ ਬਹੁਤ ਗੁਣਾਂ ਦੀ ਧਨੀ ਹੈ। ਕੁਦਰਤ ਨਾਲ ਅਥਾਹ ਪਿਆਰ ਹੋਣ ਕਾਰਨ ਇਹ ਕਵਿੱਤਰੀ ਲਿਖਦੀ ਹੈ ….
“ਕੁੱਝ ਕੁ ਚਿੜੀਆਂ ਨੂੰ ਮੈਂ ਵਿਰਲਾਪ ਪਾਉਂਦੇ ਦੇਖਿਆ
ਆਪਣੇ ਖੰਭਾਂ ਹੇਠਾਂ ਬੋਟਾਂ ਨੂੰ ਲਕਾਓੰਦੇ ਦੇਖਿਆ
ਮੁਕਦੇ ਜਾਂਦੇ ਰੁੱਖਾਂ ਦਾ ਹੈ ਜਿਹਨ ਚ ਖੌਫ ਕੋਈ
ਬੇਦਰਦੇ ਝੱਖੜਾਂ ਨੂੰ ਮੈਂ ਆਲ੍ਹਣੇ ਢਾਉਂਦੇ ਦੇਖਿਆ ….
ਸਰਬਜੀਤ ਜਿੰਦਗੀ ਨੂੰ ਸਾਕਾਰਾਤਮਿਕ ਤਰੀਕੇ ਨਾਲ ਜਿਓਂਦੀ ਹੈ ਤੇ ਹੋਰਨਾਂ ਨੂੰ ਵੀ ਜਿਓਂਣ ਦਾ ਸੰਦੇਸ਼ ਦਿੰਦੇ ਹੋਏ ਕਹਿੰਦੀ ਹੈ ..
ਕੀ ਸੋਚਿਆ ਅਸਾਂ ਨੂੰ ਕੀ ਕਹਿ ਰਹੀ ਹੈ ਜਿੰਦਗੀ
ਕਦੇ ਖੁਸ਼ੀ ,ਕਦੇ ਗਮ ਸਹਿ ਰਹੀ ਹੈ ਜਿੰਦਗੀ !!
ਵਿਚ ਹਵਾ ਦੇ ਉੱਡਦੇ ਪੰਛੀ ਦੇ ਰਹੇ ਸੰਦੇਸ਼ ਨੇ
ਖਿਲਾਰ ਖੰਭ ਉਡਾਣ ਭਰ ਇਹ ਕਹਿ ਰਹੀ ਹੈ ਜਿੰਦਗੀ !!
ਪੰਜਾਬੀ ਸਾਹਿਤ ਨੂੰ ਪਿਆਰ ਕਰਨ ਵਾਲੀ ਇਹ ਲੇਖਿਕਾ ਲਿਖਦੀ ਹੈ ਕੇ ਪੰਜਾਬੀ ਬੋਲੀ ਦੀਆਂ ਲਗਾ ਮਾਤਰਾ ਨੂੰ ਇਸ ਕਦਰ ਲਿਖੋ ਜਿਵੇਂ ਅਸੀਂ ਆਪਣੀ ਮਾਂ ਦੀ ਸੂਰਤ ਘੜ ਰਹੇ ਹਾਂ ਇਸ ਦਾ ਪੂਰੀ ਰੀਝ ਨਾਲ ਸ਼ਿੰਗਾਰ ਕਰੋ …
ਮਾਂ ਬੋਲੀ ਪੰਜਾਬੀ ਤੇਰੀ
ਇਹਨੂੰ ਮਾਂ ਦੇ ਵਾਂਗ ਸਜਾਇਆ ਕਰ
ਮੁਕਤਾ ਅੱਖਰਾਂ ਨੂੰ ਪੰਜਾਬੀਆ
ਮੋਤੀਆਂ ਵਾਂਗ ਵਾਹਿਆ ਕਰ ……. ਆਪਣੇ ਪਿਤਾ ਜੀ ਨਾਲ ਮੋਹ ਰੱਖਦੀ ਉਸ ਦੀ ਕਵਿਤਾ ਬੇਹੱਦ ਸਲਾਹੁਣਯੋਗ ਹੈ—ਬਾਬੁਲ ਕਿਉਂ ਤੂੰ ਮੇਰੇ ਬਾਬਲਾ ਉਸ ਦੇਸ਼ ਵੇ ਡੇਰਾ ਲਾਇਆ
ਜਿੱਥੇ ਜਾ ਕੋਈ ਪਰਦੇਸੀ, ਕਦੇ ਨਾ ਮੁੜ ਕੇ ਆਇਆ!!
ਘੜੀ ਮੁੜੀ ਮੇਰਾ ਬਚਪਨ ਮੇਰੀਆਂ ਅੱਖਾਂ ਅੱਗੇ ਆਵੇ
ਤੇਰੇ ਬਾਝੋਂ ਹੁਣ ਕੌਣ ਬਾਬਲਾ, ਬੇਟਾ ਆਖ ਬੁਲਾਵੇ!!
ਮਾਂ ਮੇਰੀ ਨੂੰ ਕੱਲੀ ਛੱਡ ਗਿਆ,ਕਿਥੋਂ ਲਿਆ ਇਹ ਜੇਰਾ
ਹਾਉਕੇ ਲੈ ਲੈ ਰੋਂਦੀ ਤੱਕ ਆਏ,ਬਾਹਰ ਕਾਲਜਾ ਮੇਰਾ!!
ਮਾਂ ਭਾਈ ਤਿੰਨ ਧੀਆਂ ਤੇਰੀਆਂ ਖੂੰਝੇ ਬਹਿ ਕੇ ਘਰ ਦੇ
ਹੁਣ ਤੇਰੀ ਤਸਵੀਰ ਨਾਲ,ਅਸੀਂ ਸਾਰੇ ਗੱਲਾਂ ਕਰਦੇ!!
ਤੇਰੀ ਚਿੱਟੀ ਦਾੜ੍ਹੀ ਦਾ ਸਭ ਤੇ ਰੋਹਬ ਕਮਾ ਲੈਣ ਦਿੰਦਾ
ਕੁਝ ਵਰੇ ਸਾਨੂੰ ਹੋਰ ਪਿਆਰ ਦੀ, ਤੰਦ ਤਾਂ ਪਾ ਲੈਣ ਦਿੰਦਾ!”। ਔਰਤ ਦੀ ਮਹਾਨਤਾ ਬਾਰੇ ਉਸਦੀਆਂ ਕਵਿਤਾਵਾਂ ਵਿੱਚ ਆਮ ਹੀ ਜ਼ਿਕਰ ਮਿਲਦਾ ਹੈ। ਇਹਨਾ ਕਵਿਤਾਵਾਂ ਵਿਚ ਔਰਤ ਕੀ ਹੈ ਬਹੁਤ ਸੋਹਣੇ ਢੰਗ ਨਾਲ ਬਿਆਨ ਕੀਤਾ ਹੈ।
ਜੱਗ ਦੀ ਜਨਨੀ
ਇਹ ਨਾ ਸੋਚੀਂ ਮੈ ਵੰਗਾਂ ਜੋਗੀ
ਸੁਰਖੀ ਬਿੰਦੀ ਦੇ ਰੰਗਾਂ ਜੋਗੀ
ਸਿੱਧਰੀ ਜਾ ਫਟਕਾਰ ਨਹੀ ਹਾਂ
ਮੈ ਆਪੇ ਤੋਂ ਬਾਹਰ ਨਹੀ ਹਾਂ
ਪੈਰ ਦੀ ਜੁੱਤੀ ਸਮਝ ਨਾ ਮੈਨੂੰ
ਝਾਂਜਰ ਦੀ ਛਣਕਾਰ ਨਹੀ ਹਾਂ
ਜ਼ੁਲਮ ਨਾ ਕਰਦੀ ਨਾਹੀ ਸਹਿੰਦੀ
ਮੈ ਦੁਰਕਾਰੀ ਨਾਰ ਨਹੀ ਹਾਂ
ਸ਼ਰਮ ਹਯਾ ਤੇ ਭੋਲਾ ਚਿਹਰਾ
ਉਂਝ ਸ਼ਮਸ਼ੀਰ ਦੀ ਧਾਰ ਜਿਹੀ ਹਾਂ
ਕੋਇਲ ਵਾਂਗਰ ਮਿੱਠੀ ਬੋਲੀ
ਸ਼ੇਰਨੀ ਦੀ ਦਹਾੜ ਜਿਹੀ ਹਾਂ
ਲੋੜ ਪੈਣ ਤੇ ਚੰਡੀ ਬਣ ਜਾ
ਉਂਝ ਮੈਂ ਠੰਢੀ ਠਾਰ ਜਿਹੀ ਹਾਂ
ਔਰਤ ਹਾਂ ਮੈਂ ਜਗ ਦੀ ਜਨਨੀ
ਚੀਜ ਕੋਈ ਬੇਕਾਰ ਨਹੀਂ ਹਾਂ!!”
ਔਰਤ
ਕੋਮਲ ਕਲੀਆਂ ਜਾਂ
ਪਰੀਆਂ ਹੀ ਨਹੀਂ
ਦੁਰਗਾ ਤੇ ਚੰਡੀ ਦਾ
ਰੂਪ ਵੀ ਹੈ ਔਰਤ
ਸੋਹਣੀਆਂ ਸੁਨੱਖੀਆਂ ਹੀ ਨਹੀਂ
ਖੌਫਨਾਕ ਕਰੂਪ ਵੀ ਹੈ ਔਰਤ।
ਬੇਸ਼ੱਕ ਮੈਨੂੰ ਫੁੱਲਾਂ ਨਾਲ ਤੋਲ
ਪਰ ਤੇਰੇ ਸ਼ਬਦ ਇਜ਼ਤਦਾਰ ਵੀ ਹੋਵੇ
ਤੇਰੀਆਂ ਅੱਖਾਂ ਚ ਸਤਿਕਾਰ ਵੀ ਹੋਵੇ
ਮੈਨੂੰ ਅਬਲਾ ਕਹਿ ਕੇ
ਅਪਮਾਨ ਨਾ ਕਰ
ਇਹ ਚੂੜੀਆਂ ਮੇਰਾ ਸਿੰਗਾਰ ਹੈ
ਗੁਲਾਮੀ ਦਾ ਚਿੰਨ ਨਹੀਂ
ਮੇਰੀ ਇੱਜਤ ਦੀ ਤਾਂ
ਮੇਰੀ ਮਾਂ ਨੇ ਬੁੱਕਲ ਮਾਰੀ ਹੈ।
ਮੇਰੀ ਇੱਜਤ ਦੀ ਤਾਂ
ਬਾਪ ਦੇ ਸਿਰ ਸਵਾਰੀ ਹੈ।
ਮੇਰੀ ਇੱਜਤ ਦੀ ਤਾਂ
ਮੇਰੇ ਵੀਰਾਂ ਦੀ ਸਰਦਾਰੀ ਹੈ।
ਮੇਰਾ ਵਜੂਦ ਨਾ ਮਿਟਾ
ਮੈਨੂੰ ਰਾਹੋਂ ਨਾ ਭਟਕਾ
ਆਪਣੀ ਮੈਲੀ ਨਜ਼ਰ ਹਟਾ
ਪੈਰ ਦੀ ਜੁੱਤੀ ਦਾ ਖਿਤਾਬ ਦੇ ਕੇ
ਐਵੇਂ ਬਦਨਾਮ ਨਾ ਕਰ।
ਮੈਂ ਕੀ ਹਾਂ,ਮੈਂ ਕੌਣ ਹਾਂ
ਮੇਰੇ ਇਤਿਹਾਸ ਵਲ
ਨਜ਼ਰ ਤਾ ਕਰ ।
ਜੇ ਅਜੇ ਵੀ ਰਹਿ ਗਿਆ
ਕੋਈ ਭੁਲੇਖਾ ਮਨ ਵਿੱਚ
ਬਾਬਾ ਨਾਨਕ ਕੀ ਕਹਿੰਦਾ
ਕੇਰਾਂ ਬਾਣੀ ਤਾ ਪੜ…।
ਇਸ ਲੇਖਿਕਾ ਨੇ ਗੁਰੂ ਨਾਨਕ ਦੇਵ ਜੀ ਦੇ ਗੁਰੂਪੁਰਬ ਦਿਵਸ ਤੇ ਪਿੰਡ ਹਾਜੀਪੁਰ ਸਲੈਚਾਂ ਵਿਖੇ ਜੋ ਬੱਚੇ ਦਸਤਾਰ ਸਜਾ ਕੇ ਗੁਰੂ ਘਰ ਆਏ ਸਨ। ਓਹਨਾਂ ਨੂੰ ਸਨਮਾਨਿਤ ਕੀਤਾ ਗਿਆ ਓਹਨਾ ਨੇ ਹਰੇਕ ਬੱਚੇ ਦੀ ਦਸਤਾਰ ਤੇ ਖੰਡਾ ਸਜਾਇਆ ਅਤੇ ਗੁਟਕਾ ਸਾਹਿਬ ਦੇ ਕੇ ਬੱਚਿਆਂ ਨੂੰ ਬਾਣੀ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਅਤੇ ਆਉਣ ਵਾਲੀ ਪੀੜੀ ਨੂੰ ਨਸ਼ਿਆ ਤੋਂ ਦੂਰ ਰਹਿਣ ਦਾ ਸੰਦੇਸ਼ ਵੀ ਦਿੱਤਾ ਓਹਨਾ ਕਿਹਾ ਆਉਣ ਵਾਲੇ ਸਮੇਂ ਵਿੱਚ ਦਸਤਾਰ ਦੇ ਮੁਕਾਬਲੇ ਵੀ ਕਰਵਾਏ ਜਾਣਗੇ ਅਤੇ ਇਨਾਮ ਵੀ ਦਿੱਤੇ ਜਾਣਗੇ। ਇਸ ਉਪਰਾਲੇ ਸ਼ਾਬਾਸ਼ੀ ਵਜੋਂ ਪਿੰਡ ਵਾਸੀਆਂ ਨੇ ਇਹਨਾਂ ਨੂੰ ਹੱਲਾਸ਼ੇਰੀ ਦਿੱਤੀ ਅਤੇ ਸਨਮਾਨਿਤ ਵੀ ਕੀਤਾ।
ਸਰਬਜੀਤ ਕੌਰ ਦੀਆਂ ਰਚਨਾਵਾਂ ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਸਾਰੇ ਅਖਬਾਰਾਂ ਵਿਚ ਛਪਦੀਆਂ ਰਹਿੰਦੀਆਂ ਹਨ। ਸੋਸ਼ਲ ਮੀਡੀਆ ਤੇ ਜਦੋਂ ਇਹਨਾਂ ਨੇ ਆਪਣੀਆਂ ਰਚਨਾਵਾਂ ਲਿਖਣੀਆਂ ਸ਼ੁਰੂ ਕੀਤੀਆਂ ਉਸ ਸਮੇਂ ਹੀ ਪਤਾ ਲੱਗ ਗਿਆ ਸੀ ਤੇ ਇਕ ਦਿਨ ਜ਼ਰੂਰ ਸਥਾਪਤ ਕਵਿੱਤਰੀ ਬਣੇਗੀ। ਜਿਸ ਤਰ੍ਹਾਂ ਅੱਜ ਕੱਲ੍ਹ ਇਹਨਾਂ ਦੀਆਂ ਰਚਨਾਵਾਂ ਅੱਜ ਕੱਲ੍ਹ ਅਖ਼ਬਾਰਾਂ ਵਿਚ ਛਪ ਰਹੀਆਂ ਹਨ ਉਸਤੋਂ ਪਤਾ ਲੱਗ ਰਿਹਾ ਹੈ ਕਿ ਉਹ ਦਿਨ ਦੂਰ ਨਹੀਂ ਜਦੋਂ ਸਰਬਜੀਤ ਕੌਰ ਪਹਿਲੀ ਕਤਾਰ ਦੇ ਕਵਿੱਤਰੀ ਹੋਵੇਗੀ ਆਮੀਨ।
ਰਮੇਸ਼ਵਰ ਸਿੰਘ
ਸੰਪਰਕ ਨੰਬਰ-9914880392
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly