30 ਸਤੰਬਰ ਤੱਕ ਵਰਕ ਟੂ ਰੂਲ ਤਹਿਤ 8 ਘੰਟੇ ਕਰਨਗੇ ਡਿਊਟੀ
10 , 11 ਅਤੇ 12 ਸਤੰਬਰ ਨੂੰ ਸਮੂਹਿਕ ਛੁੱਟੀ ਤੇ ਜਾਣ ਦਾ ਐਲਾਨ
ਲੁਧਿਆਣਾ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਪਾਵਰ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੇ ਮੁਲਾਜ਼ਮ ਮੰਗਾਂ ਪ੍ਰਤੀ ਟਾਲ – ਮਟੋਲ ਅਤੇ ਗੈਰ ਜਿੰਮੇਵਰਾਨਾਂ ਰਵੱਈਏ ਖਿਲਾਫ਼ ਬਿਜਲੀ ਕਾਮਿਆਂ ਦੀ ਪ੍ਰਤੀਨਿਧਤਾ ਕਰ ਰਹੇ ਦੋ ਫਰੰਟਾਂ ਸਾਂਝਾ ਫੋਰਮ ਅਤੇ ਏਕਤਾ ਮੰਚ ਦੇ ਸੂਬਾਈ ਅਹੁੱਦੇਦਾਰਾਂ ਦੀ ਸਥਾਨਿਕ ਸ਼ਹੀਦ ਕਰਨੈਲ ਸਿੰਘ ਈਸੜੂ ਯਾਦਗਾਰੀ ਭਵਨ ਵਿਖੇ ਭਰਵੀਂ ਮੀਟਿੰਗ ਰਤਨ ਸਿੰਘ ਮਜਾਰੀ ਅਤੇ ਗੁਰਪ੍ਰੀਤ ਸਿੰਘ ਗੰਡੀਵਿੰਡ ਦੀ ਸਾਂਝੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਪਾਵਰ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੇ ਮੁਲਾਜ਼ਮ ਮੰਗਾਂ ਪ੍ਰਤੀ ਧਾਰਨ ਕੀਤੇ ਵਤੀਰੇ ਖਿਲਾਫ਼ 21 ਅਗਸਤ ਤੋਂ ਚਲ ਰਹੇ ਸੰਘਰਸ਼ ਦਾ ਰੀਵਿਊ ਕਰਨ ਅਤੇ ਅਗਲੇ ਤਿੱਖੇ ਸੰਘਰਸ਼ ਦੀ ਤਿਆਰੀ ਦਾ ਏਜੰਡਾ ਸਾਂਝਾ ਫੋਰਮ ਦੇ ਸਕੱਤਰ ਹਰਪਾਲ ਸਿੰਘ ਅਤੇ ਏਕਤਾ ਮੰਚ ਦੇ ਸਕੱਤਰ ਗੁਰਵੇਲ ਸਿੰਘ ਬੱਲਪੁਰੀਆ ਨੇ ਪੇਸ਼ ਕੀਤਾ । ਜਿਸ ਤੇ ਚਰਚਾ ਕਰਦੇ ਹੋਏ ਮੀਟਿੰਗ ਵਿੱਚ ਹਾਜ਼ਰ ਸਾਂਝਾ ਫੋਰਮ ਅਤੇ ਏਕਤਾ ਮੰਚ ਦੇ ਆਗੂਆਂ ਬਲਦੇਵ ਸਿੰਘ ਮੰਢਾਲੀ, ਕੁਲਵਿੰਦਰ ਸਿੰਘ ਢਿੱਲੋ, ਦਵਿੰਦਰ ਸਿੰਘ ਪਿਸੋਰ, ਸਰਬਜੀਤ ਸਿੰਘ ਭਾਣਾ, ਰਣਜੀਤ ਸਿੰਘ ਢਿੱਲੋ, ਸਰਿੰਦਰਪਾਲ ਸਿੰਘ ਲਹੌਰੀਆ, ਕੌਰ ਸਿੰਘ ਸੋਹੀ, ਬਲਜੀਤ ਸਿੰਘ ਮੋਦਲਾ, ਜਗਜੀਤ ਸਿੰਘ ਕੋਟਲੀ, ਪੂਰਨ ਸਿੰਘ, ਖਾਈ, ਹਰਮਨਦੀਪ, ਰਘਬੀਰ ਸਿੰਘ, ਜਗਤਾਰ ਸਿੰਘ, ਤਜਿੰਦਰ ਸਿੰਘ ਸੇਖੋਂ, ਦਲੀਪ ਕੁਮਾਰ, ਰਛਪਾਲ ਸਿੰਘ ਪਾਲੀ ਆਦਿ ਨੇ ਕਿਹਾ ਕਿ 31 ਜੁਲਾਈ ਨੂੰ ਮਾਣਯੋਗ ਬਿਜਲੀ ਮੰਤਰੀ ਦੀ ਪ੍ਰਧਾਨਗੀ ਹੇਠ ਪਾਵਰ ਮੈਨੇਜਮੈਂਟ ਵੱਲੋ ਸਾਂਝਾ ਫੋਰਮ ਅਤੇ ਏਕਤਾ ਮੰਚ ਦੀ ਲੀਡਰਸ਼ਿਪ ਨਾਲ ਚੰਡੀਗੜ੍ਹ ਵਿਖੇ ਮੀਟਿੰਗ ਕਰਕੇ ਬਿਜਲੀ ਹਾਦਸੇ ਨਾਲ ਕਾਮੇ ਦੀ ਮੌਤ ਹੋ ਜਾਣ ਤੇ ਪੀੜਤ ਪਰਿਵਾਰ ਨੂੰ ਇਕ ਕਰੋੜ ਦੀ ਰਾਸ਼ੀ ਮੁਆਵਜ਼ਾ ਦੇਣ ਤੋਂ ਇਲਾਵਾ ਸ਼ਹੀਦ ਦਾ ਦਰਜਾ ਦੇਣ ਸਮੇਤ ਬਹੁਤ ਸਾਰੀਆਂ ਮੁਲਾਜ਼ਮ ਮੰਗਾਂ ਨਾਲ ਸਹਿਮਤੀ ਪ੍ਰਗਟ ਕਰਦੇ ਹੋਏ 15 ਅਗਸਤ ਤੱਕ ਲਾਗੂ ਕਰਨ ਦਾ ਵਾਅਦਾ ਕੀਤਾ ਸੀ। ਪਰ ਬਹੁਤ ਅਫਸੋਸ ਦੀ ਗੱਲ ਹੈ ਕਿ ਅੱਜ ਤੱਕ ਇਕ ਵੀ ਮੰਗ ਦਾ ਨਿਪਟਾਰਾ ਨਹੀਂ ਕੀਤਾ ਗਿਆ । ਬਿਜਲੀ ਮੰਤਰੀ ਅਤੇ ਪਾਵਰ ਮੈਨੇਜਮੈਂਟ ਦੀ ਵਾਅਦਾ ਖਿਲਾਫ਼ੀ ਅਤੇ ਮੁਲਾਜ਼ਮ ਵਿਰੋਧੀ ਵਤੀਰੇ ਖਿਲਾਫ 21 ਅਗਸਤ ਤੋਂ ਚਲ ਰਹੇ ਸੰਘਰਸ਼ ਦੀ ਕੜੀ ਵਜੋਂ 1 ਸਤੰਬਰ ਨੂੰ ਬਿਜਲੀ ਮੰਤਰੀ ਦੀ ਰਹਾਇਸ਼ ਨਿਊ ਅੰਮ੍ਰਿਤਸਰ ਵਿਖੇ ਦਿੱਤੇ ਜਾ ਰਹੇ ਰੋਸ ਧਰਨੇ ਅਤੇ ਝੰਡਾ ਮਾਰਚ ਨੂੰ ਕਾਮਯਾਬ ਕਰਨ ਤੋਂ ਇਲਾਵਾ ਬਿਜਲੀ ਕਾਮੇ ਫੀਲਡ ਵਿੱਚ ਵਰਕ ਟੂ ਰੂਲ ਕੰਮ ਕਰਦੇ ਹੋਏ 30 ਸਤੰਬਰ ਤੱਕ 8 ਘੰਟੇ ਦੀ ਬਣਦੀ ਡਿਊਟੀ ਕਰਦਿਆਂ 10 , 11 ਅਤੇ 12 ਸਤੰਬਰ ਨੂੰ ਸਮੂਹਿਕ ਛੁੱਟੀ ਲੈ ਕੇ ਸੂਬਾ ਪੱਧਰ ਤੇ ਡਵੀਜ਼ਨ ਦਫਤਰਾਂ ਅੱਗੇ ਰੋਸ ਪ੍ਰਦਰਸ਼ਨ ਕਰਨਗੇ । ਆਗੂਆਂ ਨੇ ਸਖਤ ਲਹਿਜੇ ਵਿੱਚ ਕਿਹਾ ਕਿ ਸੰਘਰਸ਼ ਤੋਂ ਨਿਕਲੇ ਸਿਟਿਆਂ ਦੀ ਜਿੰਮੇਵਾਰੀ ਪਾਵਰ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੀ ਹੋਵੇਗੀ। ਸਾਂਝਾ ਫੋਰਮ ਅਤੇ ਏਕਤਾ ਮੰਚ ਦੇ ਆਗੂਆਂ ਨੇ ਵਿਭਾਗ ਵਿੱਚ ਕੰਮ ਕਰ ਰਹੀਆਂ ਭਰਾਤਰੀ ਜਥੇਬੰਦੀਆਂ ਅਤੇ ਪੈਨਸ਼ਨਰ ਜਥੇਬੰਦੀਆਂ ਨੂੰ 1 ਸਤੰਬਰ ਦੇ ਬਿਜਲੀ ਮੰਤਰੀ ਦੀ ਰਹਾਇਸ਼ ਤੇ ਦਿੱਤੇ ਜਾ ਰਹੇ ਰੋਸ ਧਰਨੇ ਵਿੱਚ ਪਹੁੰਚਣ ਸਮੇਤ ਚਲ ਰਹੇ ਸੰਘਰਸ਼ ਦੀ ਹਮਾਇਤ ਕਰਨ ਦੀ ਜੋਰਦਾਰ ਅਪੀਲ ਕੀਤੀ ਹੈ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly