ਬਿਜਲੀ ਮੰਤਰੀ ਨਾਲ ਬੇਸਿੱਟਾ ਰਹੀ ਮੀਟਿੰਗ ਤੋਂ ਬਾਅਦ ਜੱਥੇਬੰਦੀਆਂ ਹੋਈਆਂ ਹੋਰ ਸਰਗਰਮ

ਲੁਧਿਆਣਾ ‘ਚ ਮੀਟਿੰਗ ਕਰ ਬਣਾਈ ਅਗਲੀ ਰਣਨੀਤੀ, 3 ਦਿਨ ਦੀ ਸਮੂਹਿਕ ਛੁੱਟੀ ਭਰਨ ‘ਤੇ ਦਿੱਤਾ ਜੋਰ

ਲੁਧਿਆਣਾ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਅੱਜ ਸਾਂਝਾ ਫੋਰਮ ਪੰਜਾਬ, ਬਿਜਲੀ ਮੁਲਾਜ਼ਮ ਏਕਤਾ ਮੰਚ ਅਤੇ ਐਸੋਸੀਏਸ਼ਨ ਆਫ਼ ਜੂਨੀਅਰ ਇੰਜੀਨੀਅਰ ਦੇ ਆਗੂਆਂ ਦੀ ਸਾਂਝੀ ਮੀਟਿੰਗ ਕਨਵੀਨਰ ਰਤਨ ਸਿੰਘ ਮਜਾਰੀ ਅਤੇ ਕਨਵੀਨਰ ਗੁਰਪ੍ਰੀਤ ਸਿੰਘ ਗੰਡੀਵਿੰਢ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਵਰਕ ਟੂ ਰੂਲ ਨੂੰ ਹੋਰ ਸਖਤੀ ਨਾਲ ਲਾਗੂ ਕਰਨ ਅਤੇ ਸਾਰੇ ਮੁਲਾਜਮਾਂ ਨੂੰ 3 ਦਿਨ ਦੀ ਸਮੂਹਿਕ ਛੁੱਟੀ ਭਰ ਕੇ ਹੜਤਾਲ ‘ਤੇ ਜਾਣ ਉੱਤੇ ਜੋਰ ਦਿੱਤਾ ਗਿਆ।
ਮੀਟਿੰਗ ਦੀ ਸ਼ੁਰੂਆਤ ‘ਚ ਫੋਰਮ ਦੇ ਹਰਪਾਲ ਸਿੰਘ ਪੰਜਾਬ ਸਕੱਤਰ ਨੇ 6 ਸਤੰਬਰ ਨੂੰ ਬਿਜਲੀ ਮੰਤਰੀ, ਪਾਵਰ ਸੈਕਟਰੀ ਪੰਜਾਬ ਅਤੇ ਮਨੇਜਮੈਂਟ ਨਾਲ ਜਥੇਬੰਦੀ ਦੀ ਹੋਈ ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਮੀਟਿੰਗ ਵੀ 31 ਜੁਲਾਈ ਦੀ ਸਪਲੀਮੈਂਟਰੀ ਮੰਗ ਪੱਤਰ ‘ਤੇ ਹੋਈ ਮੀਟਿੰਗ ਵਾਂਗ ਹੀ ਹੋਈ। ਪੰਜਾਬ ਸਰਕਾਰ, ਮਨੇਜਮੈਂਟ ਸਾਨੂੰ ਕੁੱਝ ਵੀ ਦੇਣ ਨੂੰ ਤਿਆਰ ਨਹੀਂ ਸਗੋਂ ਗੱਲਾਂ ਨਾਲ ਹੀ ਸਾਰ ਰਹੀ ਹੈ। ਸਾਡੇ ਮੁਲਾਜ਼ਮ ਜੋ ਕੰਮ ਕਰਦਿਆਂ ਆਪਣੀਆਂ ਕੀਮਤੀ ਜਾਨਾਂ ਗਵਾ ਲੈਂਦੇ ਹਨ, ਉਹਨਾਂ ਨੂੰ ਸ਼ਹੀਦ ਦਾ ਦਰਜਾ ਦੇਣ ਅਤੇ ਕਰੋੜ ਰੁਪਏ ਦੀ ਆਰਥਿਕ ਸਹਾਇਤਾ ਦੀ ਮੰਗ ਕਰਦੇ ਹਾਂ। ਸਬ ਸਟੇਸ਼ਨ ਸਟਾਫ਼ ਦੀਆਂ ਪ੍ਰਮੁੱਖ ਮੰਗਾਂ ਆਰ ਟੀ ਐੱਮ ਤੋਂ ਏ ਐੱਲ ਐੱਮ ਦੀ ਤਰੱਕੀ ਦਾ ਸਮਾਂ ਘਟਾਉਣ, ਓ ਸੀ ਨੂੰ ਪੇਅ ਬੈਂਡ ਦੇਣ, ਸਬ ਸਟੇਸ਼ਨ ਸਟਾਫ਼ ਦੀ ਸੁਰੱਖਿਆ, ਓਵਰ ਟਾਈਮ ਦੇਣ, ਪੰਜਾਬ ਸਰਕਾਰ ਵੱਲੋਂ ਜੋ ਭੱਤੇ ਦੁਬਾਰਾ ਜਾਰੀ ਕੀਤੇ ਗਏ ਹਨ ਉਹ 2021 ਤੋਂ ਲਾਗੂ ਕਰਨ, 23 ਸਾਲਾ ਸਕੇਲ ਤੀਸਰੀ ਤਰੱਕੀ ‘ਤੇ ਗਿਣਨ, ਖਾਲ੍ਹੀ ਪੋਸਟਾਂ ‘ਤੇ ਭਰਤੀ ਕਰਨ, ਦੂਜੇ ਸੂਬਿਆਂ ਤੋਂ ਪਾਵਰਕਾਮ ‘ਚ ਕੀਤੀ ਜਾ ਰਹੀ ਭਰਤੀ ਬੰਦ ਕਰਨ, ਕੱਚੇ ਕਾਮੇ ਪੱਕੇ ਕਰਨ, 267/11 ਅਤੇ 281/13 ਦੇ ਸਾਥੀਆਂ ਦੀ ਐਡਹਕ ਸਰਵਿਸ ਦਾ ਸਮਾਂ ਰੈਗੂਲਰ ਸਰਵਿਸ ‘ਚ ਗਿਣਨ, 295/19 ਦੇ ਸਾਥੀਆਂ ਨੂੰ ਪੂਰੀ ਤਨਖ਼ਾਹ ਜਾਰੀ ਕਰਨ, ਪੈਨਸ਼ਨਰਜ਼ ਸਾਥੀਆਂ ਤੋਂ ਜੋ 200 ਚੰਦਾ ਹਰ ਮਹੀਨੇ ਕੱਟਿਆ ਜਾਂਦਾ ਹੈ ਉਹ ਬੰਦ ਕਰਨ, ਦਰਜਾ ਚਾਰ ਤੋਂ ਪ੍ਰਮੋਟ ਵੀਹ ਤੋਂ ਪ੍ਰਮੋਟ ਹੋਏ ਸਾਥੀਆਂ ਅਤੇ ਅਤੀਤ ਦੇ ਆਧਾਰ ‘ਤੇ ਭਰਤੀ ਹੋਏ ਕਾਮਿਆਂ ਉੱਪਰ ਛੇਵਾਂ ਪੇਅ ਕਮਿਸ਼ਨ ਲਾਗੂ ਕਰਨ ਅਤੇ ਹਾਦਸਾ ਹੋਣ ਦੀ ਸੂਰਤ ‘ਚ ਜੇ ਈ ਅਤੇ ਲਾਈਨਮੈਨ ਉੱਪਰ ਪਰਚਾ ਦਰਜ ਕਰਨ ਦੀ ਪਿਰਤ ਬੰਦ ਕਰਨ, ਜੇ ਈ ਤੋਂ ਜੇ ਈ 1 ਦੀ ਤਰੱਕੀ ਜਲਦੀ ਕਰਨ ਦੀ ਮੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਮੰਗਾਂ ਨੂੰ ਜਲਦ ਹੱਲ ਨਹੀਂ ਕੀਤਾ ਜਾਂਦਾ ਤਾਂ 30 ਸਤੰਬਰ 2024 ਤੱਕ ਵਰਕ ਟੂ ਰੂਲ ਲਾਗੂ ਰਹੇਗਾ ਅਤੇ 10, 11 ਤੇ 12 ਸਤੰਬਰ ਤੱਕ ਤਿੰਨ ਦਿਨਾਂ ਸਮੂਹਿਕ ਛੁੱਟੀ ‘ਤੇ ਸਾਰੇ ਸਾਥੀ ਜਾਣਗੇ। ਡਵੀਜ਼ਨ ਪੱਧਰ ‘ਤੇ ਰੋਸ ਰੈਲੀਆਂ ਕਰਕੇ ਇਸ ਪ੍ਰੋਗਰਾਮ ਨੂੰ ਹੋਰ ਅੱਗੇ ਵਧਾ ਕੇ ਸੰਘਰਸ਼ ਤਿੱਖਾ ਕੀਤਾ ਜਾਵੇਗਾ। ਅੱਜ ਦੀ ਮੀਟਿੰਗ ‘ਚ ਉੱਚ ਭਰਾਤਰੀ ਜਥੇਬੰਦੀਆਂ ਅਤੇ ਪੈਨਸ਼ਨਰ ਸਾਥੀਆਂ ਨੂੰ ਸੰਘਰਸ਼ ‘ਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ। ਮੀਟਿੰਗ ਵਿੱਚ ਪੰਜਾਬ ਭਰ ਚੋਂ ਵੱਖ ਵੱਖ ਜੱਥੇਬੰਦੀਆਂ ਦੇ ਸੂਬਾਈ ਆਗੂ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਖੇਡਾਂ ਵਤਨ ਪੰਜਾਬ ਦੀਆਂ ਸੀਜਨ -3 ਦਾ ਸਮਾਪਨ
Next articleਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਦਾਦ ਵਿਖੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਦਿਖਾਇਆ ਗਿਆ ਜਾਦੂ ਦਾ ਸ਼ੋਅ