ਪੰਜ ਰਾਜਾਂ ‘ਚ ਹੋਈਆਂ ਚੋਣਾਂ ਧਰਮ ਨਿਰਪੱਖਤਾ ਖ਼ਤਰੇ ‘ਚ

(ਸਮਾਜ ਵੀਕਲੀ)

ਪੰਜ ਰਾਜਾਂ ਦੀਆਂ ਹੋਈਆਂ ਵਿਧਾਨ ਸਭਾਵਾਂ ਦੀਆਂ ਚੋਣਾਂ ਦੇ ਨਤੀਜੇ  10-ਮਾਰਚ ਨੂੰ ਆ ਗਏ ਹਨ।  ਪੰਜਾਬ ਅੰਦਰ  ਆਪ ਪਾਰਟੀ ਨੂੰ ਭਾਰੀ ਬਹੁਮਤ ਮਿਲਿਆ ਅਤੇ ਫਿਰਕੂ-ਕਾਰਪੋਰੇਟੀ ਪੂੰਜੀਵਾਦੀ ਬੀ. ਜੇ.ਪੀ ਗਠਜੋੜ,  ਅਕਾਲੀ ਬੀ.ਐਸ.ਪੀ  ਗਠਜੋੜ  ਅਤੇ ਸਮੇਤ ਕਾਂਗਰਸ  ਪਾਰਟੀ ਸਭ ਦਾ ਸਫਾਇਆ  ਹੋ ਗਿਆ ਹੈ। ਪੰਜਾਬ ‘ਚ ਆਪ ਦਾ ਜਿਤਣਾ ਰਿਵਾਇਤੀ  ਕਾਂਗਰਸ ਦੇ ਅਕਾਲੀ ਪਾਰਟੀਆਂ ਦੇ ਲੋਕ ਵਿਰੋਧੀ  ਕਿਰਦਾਰਾਂ ਤੋਂ ਅੱਕੇ ਤੇ ਥੱਕੇ ਪੰਜਾਬੀਆਂ  ਦੇ ਗੁੱਸੇ ਦਾ ਪ੍ਰਗਟਾਵਾ ਹੈ। ਅਸੀਂ ਇਸ ਨਤੀਜੇ ਨੂੰ ਇਕ ਰਾਜਨੀਤਕ  ਬਦਲਾਉ  ਤਾਂ ਕਹਿ ਸਕਦੇ ਹਾਂ, ਪਰ ਇਹ ਨਤੀਜਾ ਸੱਜੇ ਪੱਖੀ  ਰਾਜਨੀਤੀ  ਦੇ ਨਿਰੰਤਰ ਦਬਦਬੇ ਦਾ ਹੀ ਇਕ ਪ੍ਰਗਟਾਵਾ ਕਿਹਾ ਜਾ ਸਕਦਾ ਹੈ। ਬਾਕੀ ਚਾਰ ਰਾਜਾਂ ਯੂ.ਪੀ, ਉੱਤਰਾਖੰਡ,  ਮਨੀਪੁਰ ਤੇ ਗੋਆ ਰਾਜਾਂ ਅੰਦਰ ਸਾਰੀਆਂ ਨਾਕਾਮੀਆਂ  ਦੇ ਬਾਵਜੂਦ ਆਰ. ਐਸ.ਐਸ  ਦੀ ਅਗਵਾਈ ਵਾਲੀ ਬੀ.ਜੇ.ਪੀ ਪਾਰਟੀ ਹੀ ਮੁੜ ਕਾਬਜ ਹੋ ਗਈ ਹੈ। ਸਾਲ-2024 ਨੂੰ ਹੋਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਜਿੱਤਣ ਲਈ ਬੀ.ਜੇ.ਪੀ ਇਕ ਧਾਕੜ ਧਿਰ ਵਜੋਂ ਫਿਰ ਆਪਣੇ ਆਪ ਨੂੰ ਮੁੜ ਮਜਬੂਤ ਦਾਅਵੇਦਾਰ ਸਾਬਤ ਕਰ ਦਿੱਤਾ ਹੈ।ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਪੰਜ ਰਾਜਾਂ ਦੇ ਵਿਧਾਨ ਸਭਾਵਾਂ  ਦੇ ਨਤੀਜੇ ਸੱਜੇ ਪੱਖੀ ਰਾਜਨੀਤੀ ਦੇ ਨਿਰੰਤਰ ਦੱਬ-ਦੱਬੇ ਦਾ ਹੀ ਪ੍ਰਗਟਾਵਾ ਕਰਦੇ ਹਨ।
ਦੇਸ਼ ਅੰਦਰ ਮੁੱਖ-ਵਿਰੋਧੀ ਧਿਰ ਕਾਂਗਰਸ ਆਪਣੀਆਂ ਨੀਤੀਆਂ ਕਾਰਨ ਹੀ ਮੂਦੇ ਮੂੰਹ  ਡਿੱਗੀ ਹੋਈ ਹੈ। ਸਗੋਂ ਇਹ ਗਾਂਧੀ ਪ੍ਰੀਵਾਰ ਵਾਲੀ ਧਿਰ ਬੀ.ਜੇ.ਪੀ  ਨੂੰ ਕੋਈ ਕਾਰਗਾਰ ਚੁਣੌਤੀ ਨਾ ਦੇਣ ਕਰਕੇ  ਬੀ.ਜੇ.ਪੀ ਨੂੰ ਉਭਰਨ  ਲਈ ਸਹਾਇਕ ਹੋਈ ਹੈ। 1947 ਤੋਂ ਬਾਦ  ਦੇਸ਼ ਅੰਦਰ ਰਾਜਨੀਤੀ   ਦੀ ਵਾਂਗ ਡੋਰ  ਇਕ ਪੀੜੀ ਨੂੰ ਹੀ ਸੌਂਪਦੇ ਰਹਿਣਾ  ਭਾਵੇ ਭਖਵਾਂ  ਸਵਾਲ ਹੈ ? ਪਰ ਗਾਂਧੀ ਪ੍ਰੀਵਾਰ ਜੇ ਇਸ ਦੇ ਫਿੱਟ ਨਾ ਹੋਵੇ ਤਾਂ ਵਿਰੋਧੀ ਧਿਰਾਂ ਨੂੰ ਫਿਰ ਆਪਸੀ ਸਿਰ ਜੋੜ ਕੇ ਇਕ ਮੁੱਠ ਹੋਣ ਲਈ ਸੋਚਣਾ ਤਾ ਚਾਹੀਦਾ ਹੈ ! ਪਰ ਅਜਿਹਾ ਵੀ ਨਹੀਂ ਹੋ ਰਿਹਾ ਹੈ। ਅੱਜ ਵੀ ਬੀ.ਜੇ.ਪੀ ਦੇ ਵਿਰੋਧ ਵਿਚ ਕਾਂਗਰਸ,  ਸੀ.ਪੀ.ਆਈ (ਐਮ) ਤੇ ਖੱਬੀਆਂ  ਧਿਰਾਂ  ਡੀ.ਐਮ.ਕੇ. ਟੀ.ਆਰ.ਐਸ., ਟੀ.ਐਮ.ਸੀ., ਬੀ.ਜੇ.ਡੀ., ਆਪ, ਐਨ.ਸ..ਪੀ., ਆਰ.ਐਲ.ਡੀ. ਆਦਿ ਖੇਤਰੀ ਪਾਰਟੀਆਂ ਮੌਜੂਦ ਹਨ। ਜੇਕਰ ਇਹ ਪਾਰਟੀਆਂ ਸਾਂਝੇ ਮੁੱਦੇ ਲੈ ਕੇ ਮੁੱਦਿਆਂ ਅਧਾਰਤ ਹੀ ਇਕੱਠੀਆਂ ਹੋ ਜਾਣ ਤਾਂ ਬੀ.ਜੇ.ਪੀ. ਦੀਆਂ ਫਿਰਕਾਪ੍ਰਸਤ ਹਿੰਦੂਤਵੀ ਕਾਰਪੋਰੇਟੀ ਨੀਤੀਆਂ ਵਿਰੁੱਧ ਵੱਧ ਰਹੇ ਤਾਨਾਸ਼ਾਹੀ  ਖਤਰੇ ਨੂੰ ਰੋਕਣ ਅਤੇ ਦੇਸ਼ ਨੂੰ ਬਚਾਉਣ  ਲਈ  ਇਕ ਸ਼ਕਤੀ ਸ਼ਾਲੀ ਵਿਰੋਧੀ  ਧਿਰ ਵਜੋਂ ਰੋਲ ਅਦਾ ਕਰ ਸਕਦੀਆਂ ਹਨ। ਆਜ਼ਾਦੀ ਤੋਂ ਬਾਅਦ ਭਾਰਤ ਅੰਦਰ ਅਜਿਹਾ ਕੁਝ ਨਹੀਂ  ਉੱਭਰ ਰਿਹਾ ਹੈ ਜੋ ਆਜ਼ਾਦੀ ਘੁਲਾਟੀਆਂ ਨੇ ਸੋਚਿਆਂ ਸੀ।ਸਮਾਜ ਨੂੰ ਸਾਰੇ ਖੇਤਰਾਂ ‘ਚ ਹਾਣੂ, ਉਸਾਰੂ ਤੇ ਵਿਕਸਤ ਕਰਨਾ ਜਰੂਰੀ ਹੈ ਤਾਂਕਿ ਰਾਜਨੀਤਿਕ ਪੱਖੋ ਵੀ ਦੇਸ਼ ਨੂੰ ਤੰਦਰੁਸਤ ਬਣਾਇਆ ਜਾ ਸਕੇ, ‘ਵਿਰੋਧੀ ਧਿਰ ਨੂੰ ਹੁਣ ਸੋਚਣਾ ਚਾਹੀਦਾ ਹੈ।
ਚੋਣਾਂ ਦੀਆਂ ਤਮਾਮ ਭਵਿੱਖ  ਬਾਣੀਆਂ ਅਤੇ ਸਰਵੇਖਣਾਂ ਨੂੰ ਝੁਠਲਾਉਂਦੇ  ਹੋਏ  ਪੰਜ ਰਾਜਾਂ ਦੀਆਂ ਵਿਧਾਨ ਸਭਾ ਦੇ ਵੋਟਰਾਂ ਨੇ ਜੋ ਫਤਵਾ ਦਿੱਤਾ, ਇਸ ਨਾਲ ਧਰਮ-ਨਿਰਪੱਖ ਤੇ ਜਮਹੂਰੀ ਸ਼ਕਤੀਆਂ  ਜੋ ਲੋਕਾਂ ਦੀ ਬਾਂਹ ਫੜ  ਸਕਦੀਆਂ  ਸਨ, ‘ਉਨ੍ਹਾਂ ਦੀ ਥਾਂ  ਮੁੜ ਪੰਜਾਬ ਨੂੰ ਛੱਡ  ਕੇ ਚਾਰ ਰਾਜਾਂ ਅੰਦਰ ਫਿਰ ਫਿਰਕੂ ਪਾਰਟੀ ਬੀ.ਜੇ.ਪੀ. ਜਿੱਤ ਕੇ ਅੱਗੇ ਆ ਗਈ ਹੈ। ਇਨ੍ਹਾਂ ਨਤੀਜਿਆਂ ਨੇ ਇਹ ਦਰਸਾਇਆ ਹੈ ਕਿ ਮੰਦ ਹਾਲੀ ਦੇ ਹਾਲਾਤਾਂ ਅੰਦਰ ਜਿਸ ਲਈ ਬੀ.ਜੇ.ਪੀ ਪਾਰਟੀ ਜਿੰਮੇਵਾਰ ਹੈ ਲੋਕਾਂ ਨੇ ਮੁੜ ਫਤਵਾ ਹਾਕਮ ਪਾਰਟੀ ਨੂੰ ਹੀ ਦਿੱਤਾ ਹੈ। ਕੇਂਦਰ ਅੰਦਰ ਮੋਦੀ ਸਰਕਾਰ ਜਿਸ ਨੇ ਸਾਡੇ ਸੰਵਿਧਾਨ ਅੰਦਰ ਲੋਕਾਂ ਨੂੰ ਦਿੱਤੇ ਧਰਮ ਨਿਰਪੱਖ, ਜਮਹੂਰੀ  ਤੇ ਲੋਕਰਾਜੀ ਕਦਰਾਂ ਕੀਮਤਾਂ ਨੂੰ ਇਕ-ਇਕ ਕਰਕੇ  ਦਾਅ ਤੇ ਲਾਉਣਾ ਸ਼ੁਰੂ ਕਰ ਦਿੱਤਾ ਹੋਇਆ ਹੈ।ਸਾਡੇ ਲੋਕ ਜਮਹੂਰੀ ਅਦਾਰੇ,  ਸੰਸਦ, ਨਿਆਪਾਲਕਾਂ, ਸਿਖਿਆ ਪ੍ਰਣਾਲੀ,  ਆਰਥਿਕਤਾ  ਅਤੇ ਧਰਮ ਨਿਰਪੱਖਤਾ  ਨੂੰ ਇਕ-ਇਕ ਕਰਕੇ ਖੋਰਾ ਲਾ ਕੇ ਉਨ੍ਹਾਂ ਦਾ ਫਿਰਕੂ ਧਰੁਵੀਕਰਨ  ਕਰਨਾ ਸ਼ੁਰੂ ਕਰ ਕੇ  ਸਾਡੇ ਦੇਸ਼ ਦੇ ਬਹੁੁਲਤਾਵਾਦੀ ਸਮਾਜਕ ਤਾਣੇ-ਬਾਣੇ ਦੀ ਭੰਨ-ਤੋੜ ਕਰਨੀ ਸ਼ੁਰੂ  ਕਰ ਦਿੱਤੀ ਹੋਈ ਹੈ। ਜਨਤਕ ਅਦਾਰੇ ਜਿਹੜੇ ਭਾਰਤ ਵਰਗੇ ਵਿਕਾਸਸ਼ੀਲ  ਤੇ ਗਰੀਬ ਦੇਸ਼ ਲਈ  ਸਾਡੀ ਆਰਥਿਕਤਾ, ਰੁਜ਼ਗਾਰ ਅਤੇ ਬੁਨਿਆਦੀ  ਢਾਂਚੇ  ਦੀ ਬੁਨਿਆਦ  ਸਨ ਇਕ ਇਕ ਕਰਕੇ ਉਨ੍ਹਾਂ ਦਾ ਨਿਜੀਕਰਨ  ਕਰਕੇ ਭੋਗ ਪਾਇਆ ਜਾ ਰਿਹਾ ਹੈ।
ਲੋਕਾਂ ਨੇ ਪੰਜ ਰਾਜਾਂ ਦੀਆਂ ਵਿਧਾਨ ਸਭਾਵਾਂ ਅੰਦਰ ਲੋਕ ਮੁੱਦੇ ਬੇਰੁਜਗਾਰੀ, ਸਿਖਿਆ ਤੇ ਸਿਹਤ ਜਿਹੀਆਂ ਸਹੂਲਤਾਂ ਦੇ ਵਾਅਦੇ ਪੂਰੇ ਨਾ ਹੋਣ ‘ਤੇ ਵੀ ਰਾਜ ਕਰਦੀਆਂ  ਹਾਕਮ ਪਾਰਟੀਆਂ ਨੂੰ  ਨਿੱਡ ਕੇ ਵੋਟਾਂ ਪਾਈਆਂ ਹਨ। ਪਰ ਤਬਦੀਲੀ ਚਾਹੁਣ ਵਾਲੇ ਵੋਟਰਾਂ ਨੂੰ ਘੋਰ ਨਿਰਾਸ਼ਾ ਪੱਲੇ ਪਈ ਜਦੋਂ ਉਹੀ ਹਾਕਮ ਉਨ੍ਹਾਂ ਦੇ ਪੱਲੇ ਪੈ ਗਏ ਜਿਨ੍ਹਾਂ ਨੂੰ ਉਹ ਬਦਲਣਾ ਚਾਹੁੰਦੇ ਸਨ। ਲੋਕਾਂ ਵਲੋਂ ਤਬਦੀਲੀ  ਚਾਹੁਣ ਦੇ ਬਾਵਜੂਦ ਵੀ ਇਨ੍ਹਾਂ ਪੰਜ ਰਾਜਾਂ ਅੰਦਰ ਕੱਟੜ ਹਿੰਦੂਤਵੀ ਸੋਚ ਵਾਲੀ  ਰਾਜਨੀਤਕ ਪਾਰਟੀ ਦਾ ਵੋਟ ਅਧਾਰ ਹੋਰ ਵੱਧ ਗਿਆ ਹੈ, ਭਾਵੇ ਲੋਕਾਂ ਨੇ ਤਬਦੀਲੀ ਲਈ ਇੱਛਾ ਪ੍ਰਗਟ ਕੀਤੀ। ਪਰ ਉਹਨਾਂ ਦੀਆਂ ਵੋਟਾਂ ਇਕ ਧਿਰ ਨੂੰ (ਪੰਜਾਬ ਨੂੰ ਛੱਡ ਕੇ) ਪੋਲ ਹੋਣ ਦੀ ਥਾਂ ਵੰਡੀਆਂ ਗਈਆਂ।  ਲੋਕਤੰਤਰ ਅੰਦਰ ਸਭ ਤੋਂ ਵੱਧ ਵੋਟਾਂ ਪ੍ਰਾਪਤ ਕਰਕੇ ਸਰਕਾਰ ‘ਤੇ ਕਾਬਜ ਹਾਕਮ ਪਾਰਟੀ ਹੀ ਜੇਤੂ ਸਮਝੀ ਜਾਂਦੀ ਹੈ, ਭਾਵੇਂ ਬਾਕੀ ਪਾਰਟੀਆਂ  ਨੂੰ ਪਾਈਆਂ ਵੋਟਾਂ ਦੇ ਕੁਲ ਜੋੜ ਤੋਂ ਉਹ ਕਾਫੀ  ਹੇਠਾਂ ਹੁੰਦੀ ਹੋਵੇ? ਨਿਰੰਤਰਤਾ,  ਤਬਦੀਲੀ ‘ਤੇ ਭਾਰੂ ਹੋ ਗਈ ਤੇ ਬੀ.ਜੇ.ਪੀ. ਜੇਤੂ ਰਹੀ। ਗਰੀਬੀ-ਗੁਰਬਤ, ਬੇਰੁਜਗਾਰੀ, ਮਹਿੰਗਾਈ ਅਤੇ ਦੁਸ਼ਵਾਰੀਆਂ ਦੇ ਵਿਰੁੱਧ, ਇਕ ਪਾਸੇ ਲੋਕਾਂ ਦੀ ਵੱਡੀ ਗਿਣਤੀ ਤਬਦੀਲੀ ਚਾਹੁੰਦੀ ਹੈ। ਪਰ ਗੁਣਾਤਮਕ ਪੱਖੋਂ ਉਨ੍ਹਾਂ ਜਿੰਮੇਵਾਰ ਹਾਕਮਾਂ ਨੂੰ ਪਹਿਲ ਦੇ ਕੇ ਜੇਤੂ ਬਣਾਉਂਦੇ ਹਨ।  ਇਸ ਲਈ ਚੋਣਾਂ ਅੰਦਰ ਮੌਜੂਦਾ ਨੀਤੀਗਤ ਦਿਸ਼ਾ ਨੂੰ ਮੂਲਗਾਮੀ ਢੰਗ ਨਾਲ ਆਵਾਮ ਹਿਤ ਵਿਚ ਤਬਦੀਲ ਕਰਕੇ ਹੀ ਲੋਕਾਂ ਤੀ ਸੋਚ ਨੂੰ ਬਦਲਿਆ ਜਾ ਸਕਦਾ ਹੈ।
ਬੀ.ਜੇ.ਪੀ.  ਵਾਲੀ ਕੇਂਦਰ ਵਿਚ ਮੋਦੀ ਸਰਕਾਰ ਨੇ ਆਪਣੀ ਦੂਸਰੀ ਪਾਰੀ ਦੇ  7-ਸਾਲ ਬਾਅਦ ਸਮੁਚੇ ਦੇਸ਼ ਅੰਦਰ ਸਜ-ਪਿਛਾਖੜੀ ਏਕਾ ਅਧਿਕਾਰਵਾਦੀ ਫਿਰਕੂ ਹਕੂਮਤ ਅਧੀਨ ਆਪਣੇ ਪ੍ਰਭਾਵ ਨੂੰ ਹੋਰ ਮਜ਼ਬੂਤ ਕੀਤਾ ਹੈ।  ਇਸ ਨੇ ਨਵ-ਉਦਾਰੀ ਨੀਤੀਆਂ ਨੂੰ ਤਿੱਖੇ ਰੂਪ ਵਿਚ ਲਾਗੂ ਕਰਨਾ ਜਿਸ ਦੇ ਫਲਸਰੂਪ ਕਿਰਤੀ ਵਰਗ ਤੇ ਚਾਰੇ ਪੱਖਾਂ ਤੋਂ ਹਮਲਾ  ਬੋਲਿਆ ਹੋਇਆ ਹੈ। ਦੂਸਰੇ ਪਾਸੇ ਆਰ.ਐਸ.ਐਸ. ਦਾ ਹਿੰਦੂਤਵ  ਏਜੇਂਡਾ ਲਾਗੂ ਕਰਨ ਲਈ ਬੱਝਵੇ ਯਤਨ ਕੀਤੇ ਗਏੇ ਹਨ, ਜਿਸ ਨੇ ਰਾਜ ਦਾ ਧਰਮ ਨਿਰਪੱਖ ਜਮਹੂਰੀ ਢਾਂਚਾ ਖਤਰੇ ਵਿਚ ਪਾ ਦਿੱਤਾ ਹੈ।ਘੱਟ-ਗਿਣਤੀਆਂ ਤੇ ਦਲਿਤਾਂ ਉਪਰ ਹਮਲੇ, ਫਾਸ਼ੀਵਾਦੀ ਰੁਝਾਨ, ਪਾਰਲੀਮਾਨੀ ਜਮਹੂਰੀਅਤ ਨੂੰ ਸੀਮਤ ਕਰਕੇ ਸੰਵਿਧਾਨਿਕ ਸੰਸਥਾਵਾਂ ਅਤੇ ਜਮਹੂਰੀ ਅਧਿਕਾਰਾਂ ਦੀ ਭੰਨ-ਤੋੜ ਕਰਕੇ, ਏਕਾ ਅਧਿਕਾਰਵਾਦੀ ਢਾਂਚੇ ਦੀ ਉਸਾਰੀ ਰਾਹੀਂ ਲੋਕ ਲਹਿਰਾਂ ਨੂੰ ਅਪੰਗ ਬਣਾਇਆ ਜਾ ਰਿਹਾ ਹੈ।  ਮੋਦੀ ਸਰਕਾਰ ਦੀਆਂ ਨੀਤੀਆਂ ਕਰਨ ਨਾਬਰਾਬਰੀਆਂ ਵਿੱਚ ਅਥਾਹ ਵਾਧਾ ਹੋਇਆ ਹੈ। ਬੇਰੁਜਗਾਰੀ, ਮਹਿੰਗਾਈ ਅਤੇ ਲੋਕਾਂ ਦੀਆਂ ਦੁਸ਼ਵਾਰੀਆਂ ਦੇ ਬਾਵਜੂਦ ਹਿੰਦੂਤਵੀ ਨਾਹਰਿਆ ਰਾਹੀਂ ਦੇਸ਼ ਦੇ ਜਨ-ਸਮੂਹ  ਨੂੰ ਹਿੰਦੂ ਆਸਥਾ, ਮੰਦਿਰਾਂ ਦੀ ਉਸਾਰੀ, ਬੁਤਾਂ, ਹਿੰਦੂ ਰਸਮਾਂ, ਪੂਜਾ ਪਾਠ, ਧਾਰਮਿਕ ਦਿਖਾਵੇ ਅਤੇ ਗੈਰ-ਸੰਗਤ ਸਜ-ਪਿਛਾਖੜੀ  ਪੂੰਜੀਵਾਦੀ ਰਾਜਨੀਤੀ ਵਾਲੀ ਕੱਟੜਤਾ ਤੇ ਫਿਰਕੂ ਤਨਜ ਰਾਹੀਂ ਦੇਸ਼ ਦੇ ਵੱਡੇ ਜਨ-ਸਮੂਹ ਨੂੰ ਆਪਣੇ ਪਿੱਛੇ ਲਾਉਣ ‘ਚ ਬੀ.ਜੇ.ਪੀ.  ਸਫਲ ਹੋਈ ਹੈ।
ਭਾਰਤ ਦੀ ਆਜ਼ਾਦੀ ਲਹਿਰ  ਅੰਦਰ ਸਮੁੱਚੇ ਭਾਰਤੀਆਂ ਨੇ ਮਿਲ ਕੇ ਯੋਗਦਾਨ ਪਾਇਆ ਸੀ। ਜਦ ਕਿ ਦੇਸ਼ ਦੇ ਇਸ ਆਜ਼ਾਦੀ ਸੰਗਰਾਮ ‘ਚ ਆਰ.ਐਸ.ਐਸ. ਬਸਤੀਵਾਦੀ ਬਰਤਾਨਵੀ ਸਾਮਰਾਜ ਪ੍ਰਤੀ ਪੂਰੀ-ਪੂਰੀ ਹਮਦਰਦੀ ਰੱਖਦੀ ਰਹੀ  ਸੀ। ਅੱਜ ਇਹੋ ਸੰਸਥਾ ਸੱਭਿਆਚਾਰਕ ਸੰਗਠਨ ਕਹਾਉਣ ਵਾਲੀ ਸੰਸਥਾ ਭਾਰਤ ਨੂੰ ਇਕ ਹਿੰਦੂ ਰਾਸ਼ਟਰ  ਬਣਾਉਣ ਲਈ  ਭਾਰਤ ਅੰਦਰ ਉਸਰੀ ਸਦੀਆਂ ਪੁਰਾਣੀ ਬਹੁਲਤਾਵਾਦੀ ਸੱਭਿਅਤਾ ਨੂੰ ਮੱਲਿਆਮੇਟ ਕਰਨ ਤੇ ਤੁਲੀ ਹੋਈ ਹੈ। ਫਿਰਕਾਪ੍ਰਸਤ-ਕਾਰਪੋਰੇਟੀ  ਗਠਜੋੜ ਹੋਰ ਮਜਬੂਤ ਹੋਇਆ ਹੈ । ਜਨਤਕ ਅਦਾਰਿਆਂ ਦਾ ਨਿਜੀਕਰਨ ਕਰਕੇ ਕੌਮੀ ਪੂੰਜੀ ਨੂੰ ਲੁਟਾਇਆ ਜਾ ਰਿਹਾ ਹੈ। ਦੂਸਰੀ ਵਾਰ ਸੰਸਦ ਅੰਦਰ ਭਾਰੀ ਬਹੁਮਤ  ਪ੍ਰਾਪਤ ਹੋਣ ਕਰਕੇ ਘੋਰ ਫਿਰਕਾਪ੍ਰਸਤ ਧਰੁਵੀਕਰਨ  ਹੋਇਆ ਹੈ। ਆਰ.ਐਸ.ਐਸ.  ਦੇ ਏਜੰਡੇ ਨੂੰ ਲਾਗੂ ਕਰਨ ਲਈ ਭਾਰਤ ਦੇ ਸੰਵਿਧਾਨਿਕ  ਲੋਕਤੰਤਰ ਦੇ ਰੂਪ ਨੂੰ ਬਦਲਣ ਲਈ ਕੋਸ਼ਿਸ਼ਾਂ ਹੋ ਰਹੀਆਂ ਹਨ। ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਵਿਰੁੱਧ ਲੋਕ ਹੋਰ ਵੀ ਪ੍ਰਚੰਡ  ਹੋਏ ਹਨ। ਦੇਸ਼ ਦੇ ਕਿਸਾਨਾਂ ਵਲੋਂ ਤਿੰਨ ਕਿਸਾਨ ਵਿਰੋਧੀ ਕਾਨੂੰਨ ਵਾਪਿਸ  ਲੈਣ  ਲਈ ਹੋਇਆ ਅੰਦੋਲਨ ਇਕ ਇਤਿਹਾਸਕ ਜਿੱਤ ਹੈ। ਪਰ ਇਸ ਦੇ ਬਾਵਜੂਦ ਅੱਜੇ ਵੀ ਭਾਰਤ ਦੇ ਜਨ-ਸਮੂਹ ਨੂੰ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਵਿਰੁੱਧ ਜਾਗਰੂਕ ਕਰਨ ਲਈ ਹੋਰ ਉਪਰਾਲੇ ਕਰਨੇ ਪੈਣਗੇ ਤਾਂ ਕੇ ਮੋਦੀ ਲਹਿਰ ਨੂੰ ਠੱਲ੍ਹਿਆ ਜਾਵੇ।
ਆਜ਼ਾਦ ਭਾਰਤ ਅੰਦਰ ਅੱਜ ਭਾਰੂ ਧਰਮ ਵਾਲਾ ਧੜਾ ਆਪਣੇ ਆਪ ਨੂੰ ਦੂਸਰੇ ਘੱਟ ਗਿਣਤੀ ਫਿਰਕਿਆਂ ਨਾਲੋਂ ਵੱਡਾ ਤੇ ਭਾਰੂ ਪੇਸ਼ ਕਰੇ ਇਹ ਧਾਰਨਾ ਫਿਰਕਿਆਂ ਅੰਦਰ ਕੱਟੜਵਾਦੀ ਸੋਚ ਸਮਝੀ ਜਾਂਦੀ ਹੈ। ਕੱਟੜਵਾਦੀ ਹੀ ਸਾਰੇ ਬਹੁਲਤਾਵਾਦੀ ਇਕ-ਮਿਕ ਫਿਰਕਿਆਂ ਅੰਦਰ ਖਟਾਸ ਭਰਦਾ ਹੈ! ਇਹ ਸੋਚ ਹੀ ਅੱਗੋ ਦੂਸਰਿਆਂ ਫਿਰਕਿਆਂ ਅੰਦਰ ਨਫ਼ਰਤ ਤੇ ਦੁਸ਼ਮਣੀ ਨੂੰ ਜਨਮ ਦਿੰਦੀ ਹੈ। ਬਸ! ਫਿਰ ਤਨਾਅ, ਝਗੜੇ ਅਤੇ ਫਸਾਦ ?  ਭਾਰਤ ਦਾ ਪੁਰਾਣਾ ਇਤਿਹਾਸ  ਅਤੇ ਸੱਭਿਆਚਾਰ ਕੁਝ ਕੁ  ਘਟਨਾਵਾਂ ਨੂੰ ਛੱਡ ਕੇ ਸਹਿਣਸ਼ੀਲਤਾ, ਮਿਠਾਸ ਅਤੇ ਆਪਸੀ ਸਾਂਝ ਨਾਲ ਭਰਿਆ ਪਿਆ ਹੈ।ਜੋ ਸਾਡੇ ਸਾਰੀਆਂ ਲਈ ਇਕ ਸ਼ੀਸ਼ਾ ਹੈ।ਪਰ ਰਾਜਸੀ ਮੁਫ਼ਾਦ ਨੂੰ ਇਹ  ਵਰਤਾਰਾ ਫਿੱਟ  ਨਹੀਂ ਹੈ।
ਮੋਦੀ ਦੀ ਅਗਵਾਈ ਹੇਠ ਹੁਣ ਭਾਰੂ ਧਰਮ ਅਧਾਰਿਤ  ਸਿਆਸਤ ਅਤੇ ਗਿਣਤੀ ਅਧੀਨ, ‘ਉਸ ਦੀਆਂ ਝਾਲਰਾਂ (ਫਰਿੰਜ) ਵੱਲੋ ਆਪਣੇ ਆਪ ਨੂੰ ਭਾਰੂ ਅਤੇ ਵੱਡਾ ਕਹਿ, ‘ਕੇ ਦੇਸ਼ ਅੰਦਰ ਘੱਟ ਗਿਣਤੀਆਂ ਅੰਦਰ  ਦਹਿਸ਼ਤਜ਼ਦਾ, ਡਰ ਅਤੇ ਬੇਗਾਨਗੀ ਪੈਦਾ ਕੀਤੀ ਹੈ। ਜੋ ਉਨ੍ਹਾਂ ਦਾ ਨਾ ਹੱਕ ਹੈ ਤੇ  ਨਾ ਹੀ ਰੁਤਬਾ ? ਇਸ ਲਈ ਕਿਸੇ ਫਿਰਕੇ ਨਾਲ ਕੱਟੜਵਾਦ ਕਰਕੇ ਸਾਰਿਆਂ ਨੂੰ ਇਕ ਰੱਸੇ ਬੰਨ੍ਹਣਾ ਜਾ ਤਨਾਅ ਪੈਦਾ ਕਰਨਾ, ਨਾ ਤਰਕਸੰਗਤ ਹੈ ਅਤੇ ਨਾ ਹੀ ਨਿਆਪੂਰਣ ਹੋਵੇਗਾ? ਪਰ ਦੁਖਾਂਤ ਇਹ ਹੈ, ‘ਕਿ ਭਾਰਤ ਦੀ ਰਾਜਨੀਤੀ  ਅਤੇ ਮੌਜੂਦਾ ਹਾਵੀ ਰਾਜਨੀਤਕ ਅਵੱਸਥਾ ਇਨ੍ਹਾਂ ਦੋਨੋ  ਧਾਰਨਾਵਾਂ ਨੂੰ ਰੱਲ-ਗੱਡ ਕਰਕੇ ਰਾਜਸਤਾ ਤੇ ਕਾਬਜ਼ ਹੋ ਕੇ ਅਤਿ ਕੱਟੜਵਾਦੀ  ਬੀ.ਜੇ.ਪੀ. ਹੁਣ ਏਕਾ-ਅਧਿਕਾਰਵਾਦੀ ਰਾਹ ਤੇ ਤੁਰ ਪਈ ਹੈ! ਮੰਦਿਰ ਉਸਾਰੀ, ਮੁਸਲਿਮ ਸਾਮੰਤਵਾਦ ਵੇਲੇ ਦੇ ਲੋਕਧਾਰਾ  ਅਧੀਨ ਸਮਾਜ ਅੰਦਰ ਵਿਕਸਤ ਹੋਏ ਸਰਵਜਨਕ ਥਾਵਾਂ ਦੇ ਨਾ ਬਦਲ ਕੇ, ‘ਵਿਵਾਦਤ ਮੁੱਦੇ ਖੜੇ ਕਰਕੇ ਫਿਰਕਾਪ੍ਰਸਤੀ ਦਾ ਧਰੁਵੀਕਰਨ ਤੇਜ ਕਰਨਾ ਹੈ।ਮਨੁੱਖੀ ਨਿਜੀ ਆਸਥਾ ਅਨੁਸਾਰ, ‘ਅਨੁਕੂਲਤਾ,  ਖੁਰਾਕ ਅਤੇ ਪਹਿਰਾਵਾ ਉਸ ਦੀ ਨਿੱਜਤਾ ਹੈ, ‘ਨੂੰ ਬਦਲਣ ਲਈ ਮਜਬੂਰ ਕਰਨਾ ਕੀ ਇਹ ਤੁਗਲਕੀ ਜ਼ੋਰ ਜੱਬਰ ਨਹੀਂ ਹੈ ? ਘੱਟ ਗਿਣਤੀ ਫਿਰਕਿਆਂ ਨੂੰ ਨਿਸ਼ਾਨਾ ਬਣਾ ਕੇ ਘਿਰਣਾ ਕਰਨੀ ਅਤੇ ਹਿੰਸਾ ਫੈਲਾਅ ਕੇ ਮਾਹੌਲ ਵਿਗਾੜਨਾ ਕੀ ਮੋਦੀ ਸੋਚ ਦੀ ਇਹੀ ਧਰਮ ਨਿਰਪੱਖਤਾ ਹੈ ? ਉਹ ਤਾਂ ਵੋਟਾਂ ਲਈ ਧਰੁਵੀਕਰਨ ਚਾਹੁੰਦਾ ਹੈ।
ਭਾਰਤ ਅੰਦਰ ਸੱਭਿਆਚਾਰ ਦਾ ਉਠਾਨ, ਇਸ ਦੀ ਦਿਸ਼ਾ ਤੇ ਦਸ਼ਾ ਸ਼ੁਰੂ ਤੋਂ ਹੀ ਸਾਮੰਤਵਾਦੀ ਪ੍ਰਭਾਵ ਅਧੀਨ ਅੱਗੇ ਵੱਧੀ ਹੈ। ਜਿਸ ਨੂੰ ਬਸਤੀਵਾਦੀ ਬਰਤਾਨਵੀ ਸਾਮਰਾਜ ਨੇ ਆਪਣੀ ਲੋੜ ਅਨੁਸਾਰ ਹੀ ਅੱਗੇ ਵਧਾਇਆ ਹੈ! ਸਾਮੰਤਵਾਦ ਤੋਂ ਪੂੰਜੀਵਾਦ ਵੱਲ ਤਬਦੀਲੀ  ਦੀ ਚਾਲ ਧੀਮੀ ਰਹੀ, ‘ਜਿਸ ਕਰਕੇ ਭਾਰਤ ਅੰਦਰ ਜਾਗੀਰੂ-ਸੰਸਕਰਨ, ਰੂੜੀਵਾਦੀ ਧਾਰਮਿਕ ਧਾਰਨਾਵਾਂ, ਜਾਤਪਾਤ, ਫਿਰਕੇ ਅਤੇੇ ਜੂਠਾ ਅੱਜ ਵੀ ਉਸੇ ਤਰ੍ਹਾਂ ਕਾਇਮ ਹਨ ! ਆਜ਼ਾਦੀ ਬਾਦ ਹਾਕਮ ਜਮਾਤਾਂ ਨੇ  ਇਨ੍ਹਾਂ ਪੁਰਾਣੇ ਰਿਸ਼ਤਿਆਂ ਨੂੰ ਖਤਮ ਕਰਨ ਦੀ ਥਾਂ ਸਗੋਂ ਇਨ੍ਹਾਂ ਨੂੰ ਹੋਰ ਮਜਬੂਤ ਕੀਤਾ ਹੈ।ਦੇਸ਼ ਅੰਦਰ ਵਿਗਿਆਨਕ-ਸੂਝ,  ਕਲਾਵਾਂ, ਸਿਖਿਆ, ਰਿਸ਼ਤੇ, ਕਿਰਤੀ -ਸੰਬੰਧ  ਉਸੇ ਤਰ੍ਹਾਂ  ਪੁਰਾਣੇ ਬੰਦਸ਼ਾਂ ਅਤੇ ਗੁਲਾਮੀ ਦੀਆਂ ਜੰਜੀਰਾਂ  ਨਾਲ ਜਕੜੇ ਹੋਏੇ ਹਨ!  ਸਾਡੇ ਧਰਮ ਨਿਰਪੱਖਤਾ ਪੱਖੀ ਵਿਚਾਰ, ਸਾਮਰਾਜ ਵਿਰੋਧੀ ਸੋਚ, ਹੱਕ ਲਈ ਰੋਹ ਅਤੇ ਵਿਗਿਆਨਕ ਸਿਖਿਆ ਦਾ ਰੁੱਖ ਅੱਗੇ ਵਧਣ ਦੀ ਥਾਂ ਪਤਲਾ ਅਤੇ ਕਮਜ਼ੋਰ ਹੋਇਆ ਹੈ! ਇਹੀ ਕਰਨ ਹੈ, ‘ਕਿ ਅਜੇ ਵੀ ਧਾਰਮਿਕ ਕੱਟੜਵਾਦ, ਜਾਤਪਾਤ,  ਫਿਰਕੂਪੁਣਾ  ਅਤੇ ਜਨੂੰਨ ਅਗੇ ਨਾਲੋਂ ਵੱਧਿਆ ਹੈ। ਜੋ ਜਨੂੰਨੀ ਰਾਜਨੀਤੀ ਨੂੰ ਪੱਠੇ ਪਾਉਂਦਾ ਹੈ।
ਸੰਸਾਰ ਪੂੰਜੀਵਾਦੀ ਸੱਜੇ ਪੱਖੀ ਪਿਛਾਖੜ ਪੁਣੇ ਵਾਲੀ  ਰਾਜਨੀਤੀ ਨੇ, ‘ਭਾਰਤ ਸਮੇਤ ਸੰਸਾਰ ਅੰਦਰ ਧਰਮ ਨਿਰਪੱਖਤਾ ਨੂੰ ਬਹੁਤ ਵੱਡੀ ਢਾਅ ਲਾਈ ਹੈ। ਸੰਸਾਰੀਕਰਨ ਅਤੇ ਨਵਉਦਾਰਵਾਦ ਨੇ ਪੂੰਜੀ ਦੇ ਅੰਬਾਰ ਲਾਉਣ ਲਈ, ‘ਆਮ ਜਨਤਾ ਨੂੰ ਉਣਾ, ਹੀਣਾ ਅਤੇ ਸਿਖਿਆ ਵਿਹੂਣਾ ਰੱਖਣ ਲਈ ਸਿਖਿਆ ਦਾ ਨਿਜੀਕਰਨ ਤੇ ਵਪਾਰੀਕਰਨ ਕਰ ਦਿੱਤਾ ! ਧਰਮ ਤੇ ਸਿੱਖਿਆ ਨੂੰ ਰੱਲ-ਗੱਡ ਅਤੇ ਧਰਮ ਨੂੰ ਸਿਆਸਤ ਨਾਲ ਮਿਲਾ ਕੇ ਆਪਣੇ ਰਾਜਸੀ ਲਾਭਾਂ ਲਈ ਹਾਕਮ ਜਮਾਤਾਂ, ‘ਆਪਣੀ ਉਮਰ ਵਧਾਉਣ ਲਈ ਨਿਤ ਦਿਨ ਕੋਝੀਆਂ ਰਾਜਸੀ ਸਾਜ਼ਸ਼ਾਂ ਰੱਚ ਰਹੀਆਂ ਹਨ। ਜਿਸ  ਨੇ ਭਾਰਤੀਆਂ ਨੂੰ ਤਰਕ ਵਿਹੂਣਾ, ਗਿਆਨ-ਵਿਗਿਆਨ ਅਤੇ ਮਨੁੱਖੀ ਸੋਚ ਤੋਂ ਖਾਲੀ, ‘ਇਕ-ਅਰਬ, 35-ਕਰੋੜ ਲੋਕਾਂ ਦਾ ਇਕ ਹਜੂਮ ਬਣਾ ਕੇ ਰੱਖ ਦਿੱਤਾ ਹੈ ? ਗਰੀਬੀ-ਗੁਰਬਤ, ਬੇਰੁਜ਼ਗਾਰੀ, ਅਨਪੜ੍ਹਤਾ ਅਤੇ ਲਾਚਾਰੀ ਦੇ ਮਾਰੇ ਭਾਰਤੀਆਂ ਨੂੰ ਚਲਾਕ ਤੇ ਫਿਰਕੂ ਹਾਕਮ  ਪੂਰੀ  ਸੋਝੀ, ਸ਼ਰਾਰਤ ਅਤੇ ਗਿਣ-ਮਿਥ ਕੇ ਧਰਮ ਨਿਰਪੱਖਤਾ ਦੀ ਥਾਂ ਮੋਦੀ ਨੇ, ‘ਨਕਲੀ ਧਰਮ ਨਿਰਪੱਖਤਾ ਰਾਹੀਂ ਰਾਸ਼ਟਰਵਾਦ, ਦੇਸ਼ਭਗਤੀ, ਹਿੰਦੂਰਾਸ਼ਟਰ ਅਤੇ ਸਭ ਕਾ ਸਾਥ ਸਭ ਕਾ ਵਿਕਾਸ ਅਤੇ ਸਮਾਵੇਸ਼ੀ ਦਾ ਚੋਲਾ ਪਾ ਕੇ ਰੱਖਿਆ ਹੈ ? ਇਹ ਠੱਗੀ ਜਾਰੀ ਹੈ।
ਭਾਰਤ ਦੀ ਰਾਜਨੀਤੀ ਅੰਦਰ ਜੋ ਹੁਣ ਨਵੀ ਅਤਿ ਸਿਰੇ ਦੀ ਸੱਜ-ਪਿੱਛਾਖੜੀ ਰਾਜਨੀਤਕ ਤਬਦੀਲੀ ਆਈ ਹੈ, ਇਕ ਬਹੁਤ ਖਤਰਨਾਕ  ਰੁਝਾਨਾਂ ਦਾ ਪ੍ਰਗਟਾਵਾ ਹੈ? ਸੱਤਾ ਤੇ ਕਾਬਜ ਮੋਦੀ ਸਰਕਾਰ ਨੇ ਸਾਡੇ ਸੰਵਿਧਾਨ ਢਾਂਚੇ, ਸੰਵਿਧਾਨਕ ਸੰਸਥਾਵਾਂ, ਧਰਮ ਨਿਰਪੱਖਤਾ, ਸੰਘਵਾਦ, ਬਹੁਲਤਾਵਾਦ ‘ਤੇ ਹਮਲੇ ਸੇਧੇ ਹੋਏ ਹਨ! ਦੂਸਰੇ ਪਾਸੇ ਧਾਰਮਿਕ ਫਿਰਕਾਪ੍ਰਸਤੀ, ਜਾਤਪਾਤੀ ਸ਼ਾਵਨਵਾਦ ਅਧਾਰਿਤ ਨਫ਼ਰਤ ਅਤੇ ਭਾਰੂ ਧਰਮ ਅਧਾਰਿਤ ਰਾਜਨੀਤਕ ਦਾਬੇ ‘ਤੇ ਘੱਟ ਗਿਣਤੀਆਂ ਤੇ ਹੋ ਰਹੇ ਹਮਲੇ ਦੇਸ਼ ਨੂੰ ਏਕਾ ਅਧਿਕਾਰਵਾਦ ਤੇ ਫਿਰਕੂ-ਤਨਜ ਵਾਲੀ ਹਕੂਮਤ ਵੱਲ ਧੱਕ ਰਹੇ ਹਨ ? ਦੇਸ਼ ਅੰਦਰ ਉਠ ਰਹੇ ਇਨ੍ਹਾਂ ਏਕਾ ਅਧਿਕਾਰਵਾਦੀ ਰੁਝਾਨਾਂ ਦੇ ਟਾਕਰੇ ਅਤੇ ਮੋੜਾ ਦੇਣ ਲਈ, ‘ਸਾਰੀਆਂ ਜਮਹੂਰੀ, ਲੋਕ ਪੱਖੀ, ਧਰਮ ਨਿਰਪੱਖ ਅਤੇ ਖੱਬੇ ਪੱਖੀ ਸ਼ਕਤੀਆਂ ਨੂੰ ਇਕ ਜੁਟ ਹੋ ਕੇ ਟਾਕਰਾ ਕਰਨਾ ਚਾਹੀਦਾ ਹੈ ਤਾਂ ਜੋ ਦੇਸ਼ ਅੰਦਰ ਵੱਧ ਰਹੇ ਸੱਜ-ਪਿਛਾਖੜ ਨੂੰ ਰੋਕਿਆ ਜਾ ਸਕੇ।

ਜਗਦੀਸ਼ ਸਿੰਘ ਚੋਹਕਾ

91-9217997445 ਜਗਦੀਸ਼ ਸਿੰਘ ਚੋਹਕਾ
001-403-285-4208 ਕੈਲਗਰੀ (ਕੈਨੇਡਾ)

ਸਮਾਜ ਵੀਕਲੀਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleProcure entire paddy from Telangana, KCR to PM Modi
Next articlePilot says he returned Gehlot’s ‘favour’, got LS ticket for his son