ਇਸਲਾਮਾਬਾਦ (ਸਮਾਜ ਵੀਕਲੀ): ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਅੱਜ ਕਿਹਾ ਕਿ ਜੇ ਲੋੜ ਪੈਂਦੀ ਹੈ ਤਾਂ ਉਹ ਮੁਲਕ ਵਿਚ ਚੋਣਾਂ ਕਰਵਾਉਣ ਦੀ ਆਪਣੀ ਜ਼ਿੰਮੇਵਾਰੀ ਨਿਭਾਏਗਾ। ਜ਼ਿਕਰਯੋਗ ਹੈ ਕਿ ਸਿਆਸੀ ਸੰਕਟ ’ਚ ਘਿਰੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਐਤਵਾਰ ਚੋਣਾਂ ਦੀ ਸਿਫ਼ਾਰਸ਼ ਕਰ ਕੇ ਵਿਰੋਧੀ ਧਿਰਾਂ ਨੂੰ ਝਟਕਾ ਦੇ ਦਿੱਤਾ ਸੀ। ਖਾਨ ਖ਼ਿਲਾਫ਼ ਪੇਸ਼ ਬੇਭਰੋਸਗੀ ਮਤਾ ਡਿਪਟੀ ਸਪੀਕਰ ਨੇ ਰੱਦ ਕਰ ਦਿੱਤਾ ਸੀ। ਇਸ ਤੋਂ ਬਾਅਦ ਰਾਸ਼ਟਰਪਤੀ ਆਰਿਫ਼ ਅਲਵੀ ਨੇ ਕੌਮੀ ਅਸੈਂਬਲੀ ਨੂੰ ਭੰਗ ਕਰ ਦਿੱਤਾ ਸੀ ਜਦਕਿ ਇਸ ਦੀ ਮਿਆਦ ਅਗਸਤ, 2023 ਵਿਚ ਖ਼ਤਮ ਹੋਣੀ ਸੀ। ਚੋਣਾਂ ਕਰਵਾਉਣ ਦੇ ਮਾਮਲੇ ’ਤੇ ਪਾਕਿਸਤਾਨ ਚੋਣ ਕਮਿਸ਼ਨ ਦੇ ਬੁਲਾਰੇ ਨੇ ਅੱਜ ਕਿਹਾ ਕਿ ਸੰਵਿਧਾਨਕ ਤੇ ਕਾਨੂੰਨੀ ਤਜਵੀਜ਼ਾਂ ਮੁਤਾਬਕ ਚੋਣ ਕਮਿਸ਼ਨ ਆਪਣੀ ਭੂਮਿਕਾ ਅਦਾ ਕਰੇਗਾ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਕੁਝ ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਸੀ ਕਿ ਚੋਣ ਕਮਿਸ਼ਨ ਤਿੰਨ ਮਹੀਨਿਆਂ ਵਿਚ ਚੋਣਾਂ ਨਹੀਂ ਕਰਵਾ ਸਕਦਾ। ਰਿਪੋਰਟਾਂ ਵਿਚ ਕੁਝ ਕਾਨੂੰਨੀ ਤੇ ਹੋਰ ਚੁਣੌਤੀਆਂ ਦਾ ਹਵਾਲਾ ਦਿੱਤਾ ਗਿਆ ਸੀ। ਇਸੇ ਦੌਰਾਨ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਬੇਭਰੋਸਗੀ ਮਤਾ ਪੇਸ਼ ਕਰਨ ਵੇਲੇ ਸਦਨ ਵਿਚ ਚੱਲੀ ਕਾਰਵਾਈ ਦਾ ਰਿਕਾਰਡ ਤਲਬ ਕਰ ਲਿਆ ਹੈ। ਮਗਰੋਂ ਸੁਪਰੀਮ ਕੋਰਟ ਨੇ ਸੁਣਵਾਈ ਭਲਕ ਤੱਕ ਲਈ ਮੁਲਤਵੀ ਕਰ ਦਿੱਤੀ। ਚੀਫ਼ ਜਸਟਿਸ ਉਮਰ ਅਤਾ ਬੰਦਿਆਲ ਦੀ ਅਗਵਾਈ ਵਾਲੇ ਬੈਂਚ ਨੇ ਅੱਜ ਬੇਭਰੋਸਗੀ ਮਤਾ ਰੱਦ ਹੋਣ ਬਾਰੇ ਸੁਣਵਾਈ ਮੁੜ ਸ਼ੁਰੂ ਕੀਤੀ। ਸੰਸਦੀ ਕਾਰਵਾਈ ਦਾ ਰਿਕਾਰਡ ਤਲਬ ਕਰਨ ’ਤੇ ਚੀਫ਼ ਜਸਟਿਸ ਨੇ ਕਿਹਾ ਕਿ ਅਦਾਲਤ ਸਿਰਫ਼ ਇਹ ਜਾਣਨਾ ਚਾਹੁੰਦੀ ਹੈ ਕਿ ਕੀ ਡਿਪਟੀ ਸਪੀਕਰ ਨੇ ਮਤਾ ਰੱਦ ਕਰਨ ਵੇਲੇ ਸੰਵਿਧਾਨਕ ਤਜਵੀਜ਼ਾਂ ਦੀ ਪਾਲਣਾ ਕੀਤੀ ਹੈ ਜਾਂ ਨਹੀਂ। ਅਦਾਲਤ ਇਹ ਵੀ ਜਾਣਨਾ ਚਾਹੁੰਦੀ ਹੈ ਕਿ ਕੀ ਅਸੈਂਬਲੀ ਨੂੰ ਸੰਵਿਧਾਨ ਦੇ ਦਾਇਰੇ ਵਿਚ ਹੀ ਭੰਗ ਕੀਤਾ ਗਿਆ। ਸੁਪਰੀਮ ਕੋਰਟ ਨੇ ਕਿਹਾ ਕਿ ਉਨ੍ਹਾਂ ਦਾ ਸਾਰਾ ਧਿਆਨ ਡਿਪਟੀ ਸਪੀਕਰ ਦੇ ਹੁਕਮਾਂ ਉਤੇ ਲੱਗਾ ਹੋਇਆ ਹੈ। ਅਦਾਲਤ ਇਨ੍ਹਾਂ ਫ਼ੈਸਲਿਆਂ ਦੀ ਸਮੀਖਿਆ ਕਰੇਗੀ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਹੀ ਕੋਈ ਫ਼ੈਸਲਾ ਸੁਣਾਇਆ ਜਾਵੇਗਾ।
ਅੱਜ ਸੁਣਵਾਈ ਦੌਰਾਨ ਪਾਕਿਸਤਾਨ ਪੀਪਲਜ਼ ਪਾਰਟੀ ਦੇ ਸੈਨੇਟਰ ਰਜ਼ਾ ਰੱਬਾਨੀ ਤੇ ਸੀਨੀਅਰ ਵਕੀਲ ਮਖ਼ਦੂਮ ਅਲੀ ਖਾਨ ਨੇ ਅਦਾਲਤ ਅੱਗੇ ਦਲੀਲਾਂ ਪੇਸ਼ ਕੀਤੀਆਂ। ਉਨ੍ਹਾਂ ਕਿਹਾ ਕਿ ਸਪੀਕਰ ਦਾ ਫ਼ੈਸਲਾ ‘ਗੈਰਕਾਨੂੰਨੀ’ ਸੀ। ਉਨ੍ਹਾਂ ਕਿਹਾ ਕਿ ਸੰਵਿਧਾਨ ਦੀ ਧਾਰਾ 95 ਤਹਿਤ ‘ਬੇਭਰੋਸਗੀ ਮਤਾ ਵੋਟਿੰਗ ਤੋਂ ਬਿਨਾਂ ਰੱਦ ਨਹੀਂ ਕੀਤਾ ਜਾ ਸਕਦਾ।’ ਰੱਬਾਨੀ ਨੇ ਕਿਹਾ ਕਿ ਮਤੇ ਵਿਰੁੱਧ ਜਾਣਬੁੱਝ ਕੇ ਕਹਾਣੀਆਂ ਘੜਨ ਦੀ ਕੋਸ਼ਿਸ਼ ਕੀਤੀ ਗਈ ਤੇ ਨਾਲ ਹੀ ਵਿਦੇਸ਼ੀ ਸਾਜ਼ਿਸ਼ ਦਾ ਹਵਾਲਾ ਦਿੱਤਾ ਗਿਆ। ਕਾਨੂੰਨੀ ਮਾਹਿਰਾਂ ਮੁਤਾਬਕ ਜੇ ਫ਼ੈਸਲਾ ਖਾਨ ਦੇ ਹੱਕ ਵਿਚ ਹੁੰਦਾ ਹੈ ਤਾਂ 90 ਦਿਨਾਂ ਦੇ ਅੰਦਰ ਚੋਣਾਂ ਹੋਣਗੀਆਂ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly