ਨਵੀਂ ਦਿੱਲੀ, (ਸਮਾਜ ਵੀਕਲੀ): ਚੋਣ ਕਮਿਸ਼ਨ ਨੇ ਪੰਜਾਬ ਸਮੇਤ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ’ਚ ਰੈਲੀਆਂ ਅਤੇ ਰੋਡ ਸ਼ੋਅਜ਼ ’ਤੇ ਲਾਈ ਗਈ ਪਾਬੰਦੀ ਨੂੰ 31 ਜਨਵਰੀ ਤੱਕ ਵਧਾ ਦਿੱਤਾ ਹੈ। ਉਂਜ ਚੋਣਾਂ ਦੇ ਪਹਿਲੇ ਗੇੜ ਲਈ ਸਿਆਸੀ ਪਾਰਟੀਆਂ ਜਾਂ ਚੋਣਾਂ ਲੜ ਰਹੇ ਉਮੀਦਵਾਰਾਂ ਨੂੰ ਜਨਤਕ ਮੀਟਿੰਗਾਂ ਲਈ 28 ਜਨਵਰੀ ਤੋਂ ਰਾਹਤ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸੇ ਤਰ੍ਹਾਂ ਦੂਜੇ ਗੇੜ ਲਈ ਪਹਿਲੀ ਫਰਵਰੀ ਤੋਂ ਜਨਤਕ ਮੀਟਿੰਗਾਂ ’ਚ ਛੋਟ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਕਰੋਨਾ ਦੇ ਵਧ ਰਹੇ ਕੇਸਾਂ ਕਾਰਨ ਚੋਣ ਕਮਿਸ਼ਨ ਨੇ ਰੈਲੀਆਂ, ਰੋਡ ਸ਼ੋਅ ਅਤੇ ਪੈਦਲ ਯਾਤਰਾਵਾਂ ’ਤੇ ਪਹਿਲਾਂ 15 ਅਤੇ ਫਿਰ 22 ਜਨਵਰੀ ਤੱਕ ਪਾਬੰਦੀਆਂ ਲਾਈਆਂ ਸਨ।
ਚੋਣ ਕਮਿਸ਼ਨ ਨੇ ਕਿਹਾ ਕਿ ਘਰ-ਘਰ ਪ੍ਰਚਾਰ ਕਰਨ ਲਈ ਹੁਣ ਪੰਜ ਦੀ ਥਾਂ ’ਤੇ 10 ਵਿਅਕਤੀ ਜਾ ਸਕਣਗੇ। ਉਨ੍ਹਾਂ ਕੋਵਿਡ ਨੇਮਾਂ ਦੀ ਪਾਲਣਾ ਕਰਦਿਆਂ ਤੈਅਸ਼ੁਦਾ ਖੁੱਲ੍ਹੀਆਂ ਥਾਵਾਂ ’ਤੇ ਪ੍ਰਚਾਰ ਲਈ ਵੀਡੀਓ ਵੈਨਾਂ ਖੜ੍ਹੀਆਂ ਕਰਨ ਦੀ ਵੀ ਮਨਜ਼ੂਰੀ ਦਿੱਤੀ ਹੈ। ਉਂਜ ਰੋਡ ਸ਼ੋਅਜ਼, ਪੈਦਲ ਯਾਤਰਾ, ਸਾਈਕਲ/ਬਾਈਕ/ਵਾਹਨ ਰੈਲੀਆਂ ਅਤੇ ਜਲੂਸਾਂ ’ਤੇ ਪਾਬੰਦੀ 31 ਜਨਵਰੀ ਤੱਕ ਰਹੇਗੀ। ਚੋਣ ਕਮਿਸ਼ਨ ਨੇ ਕਿਹਾ,‘‘ਚੋਣਾਂ ਦੇ ਪਹਿਲੇ ਗੇੜ ਲਈ ਉਮੀਦਵਾਰਾਂ ਦੇ ਨਾਮ 27 ਜਨਵਰੀ ਨੂੰ ਤੈਅ ਹੋ ਜਾਣਗੇ। ਇਸ ਕਰਕੇ ਫ਼ੈਸਲਾ ਲਿਆ ਗਿਆ ਹੈ ਕਿ ਸਬੰਧਤ ਪਾਰਟੀਆਂ ਜਾਂ ਚੋਣਾਂ ਲੜ ਰਹੇ ਉਮੀਦਵਾਰ ਤੈਅਸ਼ੁਦਾ ਖੁੱਲ੍ਹੀਆਂ ਥਾਵਾਂ ’ਤੇ 500 ਵਿਅਕਤੀਆਂ ਜਾਂ ਮੈਦਾਨ ਦੀ 50 ਫ਼ੀਸਦ ਸਮਰੱਥਾ ਜਾਂ ਐੱਸਡੀਐੱਮਏ ਵੱਲੋਂ ਤੈਅ ਹੱਦ, ਜੋ ਗਿਣਤੀ ’ਚ ਸਭ ਤੋਂ ਘੱਟ ਹੋਵੇ, ਉਥੇ 28 ਜਨਵਰੀ ਤੋਂ 8 ਫਰਵਰੀ ਤੱਕ ਮੀਟਿੰਗਾਂ ਕਰ ਸਕਣਗੇ।’’
ਕਮਿਸ਼ਨ ਨੇ ਕਿਹਾ ਕਿ ਚੋਣਾਂ ਦੇ ਦੂਜੇ ਪੜਾਅ ਲਈ ਉਮੀਦਵਾਰਾਂ ਦੇ ਨਾਵਾਂ ਦਾ ਫ਼ੈਸਲਾ 31 ਜਨਵਰੀ ਤੱਕ ਹੋ ਜਾਵੇਗਾ। ਇਸੇ ਤਰ੍ਹਾਂ ਸਬੰਧਤ ਪਾਰਟੀਆਂ ਜਾਂ ਚੋਣਾਂ ਲੜਨ ਵਾਲੇ ਉਮੀਦਵਾਰਾਂ ਨੂੰ ਪਹਿਲੀ ਤੋਂ 12 ਫਰਵਰੀ ਤੱਕ ਮੀਟਿੰਗਾਂ ਲਈ ਰਾਹਤ ਦਿੱਤੀ ਜਾਵੇਗੀ। ਚੋਣ ਕਮਿਸ਼ਨ ਨੇ ਕੇਂਦਰੀ ਸਿਹਤ ਮੰਤਰਾਲੇ ਨਾਲ ਵਰਚੁਅਲੀ ਸਮੀਖਿਆ ਬੈਠਕ ਤੋਂ ਬਾਅਦ ਇਹ ਫ਼ੈਸਲੇ ਲਏ ਹਨ। ਕਮਿਸ਼ਨ ਨੇ ਪੰਜਾਬ, ਗੋਆ, ਮਨੀਪੁਰ, ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਸਕੱਤਰਾਂ, ਮੁੱਖ ਚੋਣ ਅਧਿਕਾਰੀਆਂ ਅਤੇ ਸਿਹਤ ਸਕੱਤਰਾਂ ਨਾਲ ਵੀ ਬੈਠਕਾਂ ਕੀਤੀਆਂ। ਕਮਿਸ਼ਨ ਨੇ ਦੇਸ਼ ’ਚ ਟੀਕਾਕਰਨ ਦੀ ਵੀ ਸਮੀਖਿਆ ਕੀਤੀ ਅਤੇ ਹੁਣ ਉਸ ਵੱਲੋਂ 31 ਜਨਵਰੀ ਨੂੰ ਹਾਲਾਤ ਦਾ ਜਾਇਜ਼ਾ ਲਿਆ ਜਾਵੇਗਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly