- ਵੱਡੇ ਆਗੂਆਂ ਨੇ ਰੋਡ ਸ਼ੋਅਜ਼ ਕੱਢ ਕੇ ਪੂਰੀ ਵਾਹ ਲਾਈ
- ਕਰੋਨਾ ਪਾਬੰਦੀਆਂ ਕਾਰਨ ਚੋਣ ਪ੍ਰਚਾਰ ਦੇ ਢੰਗ-ਤਰੀਕੇ ਬਦਲੇ
ਚੰਡੀਗੜ੍ਹ (ਸਮਾਜ ਵੀਕਲੀ): ਪੰਜਾਬ ਵਿਧਾਨ ਸਭਾ ਚੋਣਾਂ ਲਈ ਅੱਜ ਸ਼ਾਮ 6 ਵਜੇ ਚੋਣ ਪ੍ਰਚਾਰ ਖ਼ਤਮ ਹੋ ਗਿਆ। ਸੂਬੇ ਦੇ 117 ਵਿਧਾਨ ਸਭਾ ਹਲਕਿਆਂ ਲਈ 2.12 ਕਰੋੜ ਤੋਂ ਵਧ ਵੋਟਰਾਂ ਵੱਲੋਂ ਐਤਵਾਰ ਨੂੰ ਆਪਣੇ ਸੰਵਿਧਾਨਕ ਅਧਿਕਾਰ ਦੀ ਵਰਤੋਂ ਕੀਤੀ ਜਾਵੇਗੀ। ਚੋਣਾਂ ’ਚ ਆਜ਼ਾਦ ਉਮੀਦਵਾਰਾਂ ਸਮੇਤ ਕੁੱਲ 1304 ਉਮੀਦਵਾਰ ਆਪਣੀ ਕਿਸਮਤ ਆਜ਼ਮਾ ਰਹੇ ਹਨ। ਹੁਣ ਚੋਣਾਂ ਤੋਂ ਪਹਿਲਾਂ ਘਰ-ਘਰ ਜਾ ਕੇ ਪ੍ਰਚਾਰ ਕੀਤਾ ਜਾ ਸਕੇਗਾ। ਚੋਣ ਕਮਿਸ਼ਨ ਨੇ ਅਜਿਹੇ ਵਿਅਕਤੀਆਂ ਨੂੰ ਵਿਧਾਨ ਸਭਾ ਹਲਕਿਆਂ ਤੋਂ ਬਾਹਰ ਚਲੇ ਜਾਣ ਦੇ ਆਦੇਸ਼ ਦਿੱਤੇ ਹਨ ਜਿਨ੍ਹਾਂ ਦੀ ਵੋਟ ਸਬੰਧਤ ਹਲਕੇ ਵਿੱਚ ਨਹੀਂ ਹੈ। ਚੋਣ ਪ੍ਰਚਾਰ ਦੇ ਅੰਤਿਮ ਦਿਨ ਅੱਜ ਵੱਡੇ ਸਿਆਸੀ ਆਗੂਆਂ ਨੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਰੋਡ ਸ਼ੋਅ ਕੀਤੇ।
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ‘ਆਪ’ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਮਾਨ ਆਦਿ ਨੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿੱਚ ਮਾਰਚ ਕੀਤੇ। ਚੋਣ ਕਮਿਸ਼ਨ ਵੱਲੋਂ ਨੀਮ ਸੁਰੱਖਿਆ ਦਸਤਿਆਂ ਦੀ ਤਾਇਨਾਤੀ ਕੀਤੀ ਗਈ ਹੈ। ਸੂਬੇ ਦੇ 80 ਹਜ਼ਾਰ ਤੋਂ ਵੱਧ ਪੁਲੀਸ ਮੁਲਾਜ਼ਮ ਵੀ ਚੋਣ ਡਿਊਟੀ ਅਤੇ ਕਾਨੂੰਨ ਵਿਵਸਥਾ ਕਾਇਮ ਰੱਖਣ ਲਈ ਤਾਇਨਾਤ ਕੀਤੇ ਗਏ ਹਨ। ਚੋਣ ਕਮਿਸ਼ਨ ਨੇ ਵੋਟਾਂ ਪੈਣ ਦੇ ਦਿਨ ਤੋਂ 48 ਘੰਟੇ ਪਹਿਲਾਂ ਤੱਕ ਸਿਵਲ ਤੇ ਪੁਲੀਸ ਪ੍ਰਸ਼ਾਸਨ ਨੂੰ ਵਧੇਰੇ ਚੌਕਸੀ ਵਰਤਣ ਦੀਆਂ ਹਦਾਇਤਾਂ ਦਿੱਤੀਆਂ ਹਨ। ਚੋਣ ਕਮਿਸ਼ਨ ਨੇ ਇਹ ਵੀ ਹਦਾਇਤਾਂ ਦਿੱਤਆਂ ਹਨ ਕਿ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਪੈਸੇ ਅਤੇ ਨਸ਼ਿਆਂ ਦੀ ਵਰਤੋਂ ਨੂੰ ਰੋਕਣ ਲਈ ਵਿਸ਼ੇਸ਼ ਨਾਕਾਬੰਦੀ ਕੀਤੀ ਜਾਵੇ।
ਕਾਂਗਰਸ, ਸ਼੍ਰੋਮਣੀ ਅਕਾਲੀ ਦਲ-ਬਸਪਾ, ਆਮ ਆਦਮੀ ਪਾਰਟੀ, ਭਾਜਪਾ ਦੀ ਅਗਵਾਈ ਵਾਲਾ ਗੱਠਜੋੜ ਅਤੇ ਸੰਯੁਕਤ ਸਮਾਜ ਮੋਰਚਾ ਵੱਕਾਰ ਦੀ ਲੜਾਈ ਮੰਨ ਕੇ ਚੋਣਾਂ ਲੜ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਭਾਜਪਾ ਦੇ ਸੀਨੀਅਰ ਆਗੂਆਂ ਅਤੇ ਕੇਂਦਰੀ ਮੰਤਰੀਆਂ ਨੇ ਧੂਆਂਧਾਰ ਪ੍ਰਚਾਰ ਕੀਤਾ। ਇਹ ਤੱਥ ਵੀ ਸਾਹਮਣੇ ਆਏ ਹਨ ਕਿ ਸਿਆਸੀ ਧਿਰਾਂ ਖਾਸ ਕਰਕੇ ਭਾਜਪਾ ਵੱਲੋਂ ਸੂਬੇ ਦੇ ਵੋਟਰਾਂ ’ਤੇ ਪ੍ਰਭਾਵ ਪਾਉਣ ਵਾਲੇ ਡੇਰਿਆਂ ਦੀ ਵੋਟ ਹਾਸਲ ਕਰਨ ਲਈ ਹਰ ਤਰ੍ਹਾਂ ਦਾ ਹਰਬਾ ਵਰਤਿਆ ਜਾ ਰਿਹਾ ਹੈ।
ਪੰਜਾਬ ਦੇ ਚੋਣ ਇਤਿਹਾਸ ਵਿੱਚ ਪਹਿਲੀ ਵਾਰੀ ਹੋਇਆ ਹੈ ਕਿ ਚੋਣਾਂ ਦੇ ਐਲਾਨ ਤੋਂ ਬਾਅਦ ਤਿੰਨ ਕੁ ਹਫ਼ਤਿਆਂ ਤੱਕ ਉਮੀਦਵਾਰਾਂ ਅਤੇ ਸਿਆਸੀ ਪਾਰਟੀਆਂ ਨੂੰ ਪ੍ਰਚਾਰ ਦੇ ਅਧਿਕਾਰ ਸੀਮਤ ਸਨ। ਚੋਣ ਕਮਿਸ਼ਨ ਨੇ ਕਰੋਨਾ ਮਹਾਮਾਰੀ ਦੀ ਤੀਜੀ ਲਹਿਰ ਦੇ ਫੈਲਾਅ ਨੂੰ ਰੋਕਣ ਲਈ 8 ਜਨਵਰੀ ਨੂੰ ਚੋਣਾਂ ਦੇ ਐਲਾਨ ਦੇ ਨਾਲ ਹੀ ਵੱਡੀਆਂ ਰੈਲੀਆਂ ਅਤੇ ਮਾਰਚ ਕੱਢਣ ’ਤੇ ਪਾਬੰਦੀ ਲਗਾ ਦਿੱਤੀ ਸੀ। ਸਿਆਸੀ ਧਿਰਾਂ ਨੇ ਆਖਰੀ ਹਫ਼ਤੇ ਦੌਰਾਨ ਹੀ ਵੱਡੀਆਂ ਰੈਲੀਆਂ ਕਰਕੇ ਚੋਣ ਮੈਦਾਨ ਭਖਾਇਆ। ਇਸ ਵਾਰ ਪ੍ਰਚਾਰ ਦਾ ਜ਼ੋਰ ਸੋਸ਼ਲ ਮੀਡੀਆ ਦੇ ਸਾਧਨਾਂ ਦੁਆਲੇ ਹੀ ਕੇਂਦਰਿਤ ਰਿਹਾ।
ਰਾਜਨੀਤਕ ਪਾਰਟੀਆਂ ਅਤੇ ਉਮੀਦਵਾਰਾਂ ਨੇ ਫੇਸਬੁੱਕ, ਯੂ-ਟਿਊਬ, ਇੰਸਟਾਗ੍ਰਾਮ ਆਦਿ ’ਤੇ ਖੁੱਲ੍ਹ ਕੇ ਪ੍ਰਚਾਰ ਕੀਤਾ। ਪੰਜਾਬ ਵਿੱਚ 21275066 ਵੋਟਰਾਂ ਵੱਲੋਂ ਆਪਣੇ ਜਮਹੂਰੀ ਹੱਕ ਦਾ ਪ੍ਰਯੋਗ ਕੀਤਾ ਜਾਵੇਗਾ। ਕੁੱਲ ਵੋਟਰਾਂ ਵਿੱਚ 11187857 ਪੁਰਸ਼, 10086514 ਮਹਿਲਾ, 695 ਵੋਟਰ ਤੀਜੇ ਲਿੰਗ, 144667 ਪੀਡਬਲਿਯੂਡੀ ਵੋਟਰ, 110163 ਸਰਵਿਸ ਵੋਟਰ, 1601 ਪਰਵਾਸੀ ਵੋਟਰ ਅਤੇ 513229 ਵੋਟਰ 80 ਸਾਲ ਤੋਂ ਵੱਧ ਉਮਰ ਦੇ ਹਨ। ਚੋਣ ਕਮਿਸ਼ਨ ਵੱਲੋਂ ਸੂਬੇ ਵਿੱਚ 14751 ਥਾਵਾਂ ਉੱਤੇ 24740 ਪੋਲਿੰਗ ਬੂਥ ਸਥਾਪਤ ਕੀਤੇ ਗਏ ਹਨ। ਪੰਜਾਬ ਵਿੱਚ ਵੋਟਾਂ ਵਾਲੇ ਦਿਨ ਸਾਰੇ ਬੂਥਾਂ ਤੋਂ ਵੈੱਬ-ਕਾਸਟਿੰਗ ਕੀਤੀ ਜਾਵੇਗੀ। ਵੋਟਾਂ 20 ਫਰਵਰੀ ਐਤਵਾਰ ਨੂੰ ਸਵੇਰੇ 8 ਤੋਂ ਸ਼ਾਮ 6 ਵਜੇ ਤੱਕ ਪੈਣਗੀਆਂ। ਚੋਣ ਕਮਿਸ਼ਨ ਨੇ ਵੋਟਰਾਂ ਨੂੰ ਵੋਟਰ ਪਛਾਣ ਪੱਤਰ ਦੇ ਨਾਲ ਨਾਲ 12 ਹੋਰ ਪਛਾਣ ਪੱਤਰ ਦੀ ਵਰਤੋਂ ਕਰਨ ਦੀ ਵੀ ਖੁੱਲ੍ਹ ਦਿੱਤੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly