ਟੱਲੇਵਾਲ (ਸਮਾਜ ਵੀਕਲੀ): ਨੇੜਲੇ ਪਿੰਡ ਗਹਿਲ ਵਿੱਚ ਅੱਜ ਸਵੇਰੇ ਇੱਕ ਬਿਰਧ ਔਰਤ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਮੌਕੇ ਬਚਾਅ ਵਿੱਚ ਅੱਗੇ ਆਈ ਇੱਕ ਹੋਰ ਔਰਤ ਵੀ ਗੰਭੀਰ ਜ਼ਖ਼ਮੀ ਹੋ ਗਈ। ਮ੍ਰਿਤਕਾ ਦੀ ਪਛਾਣ ਮੁਖਤਿਆਰ ਕੌਰ (65) ਵਜੋਂ ਹੋਈ ਹੈ। ਮ੍ਰਿਤਕਾ ਦੇ ਪਤੀ ਜੀਤ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਮੁਖਤਿਆਰ ਕੌਰ ਸਵੇਰੇ ਘਰ ਵਿੱਚ ਇਕੱਲੀ ਸੀ। ਇਸ ਦੌਰਾਨ ਜਗਰੂਪ ਸਿੰਘ ਵਾਸੀ ਚੁਹਾਣਕੇ ਖੁਰਦ ਨੇ ਘਰ ਵਿੱਚ ਦਾਖ਼ਲ ਹੋ ਕੇ ਮੁਖਤਿਆਰ ਕੌਰ ਦੀ ਧੌਣ ਅਤੇ ਢਿੱਡ ਵਿੱਚ ਚਾਕੂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਅਤੇ ਮੁਖਤਿਆਰ ਕੌਰ ਦੀ ਮਦਦ ਲਈ ਅੱਗੇ ਆਈ ਗੁਆਂਢਣ ਕੁਲਵੰਤ ਕੌਰ ਦੇ ਵੀ ਢਿੱਡ ਵਿੱਚ ਚਾਕੂ ਮਾਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ।
ਕੁਲਵੰਤ ਕੌਰ ਇਸ ਵੇਲੇ ਡੀਐੱਮਸੀ ਲੁਧਿਆਣਾ ਵਿੱਚ ਜ਼ੇਰੇ ਇਲਾਜ ਹੈ। ਮੌਕੇ ’ਤੇ ਮੌਜੂਦ ਲੋਕਾਂ ਨੇ ਜਗਰੂਪ ਨੂੰ ਘੇਰ ਕੇ ਥਾਣਾ ਟੱਲੇਵਾਲ ਦੀ ਪੁਲੀਸ ਹਵਾਲੇ ਕਰ ਦਿੱਤਾ ਹੈ। ਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਧੀ ਸਰਬਜੀਤ ਕੌਰ ਦਾ ਕਰੀਬ 14 ਸਾਲ ਪਹਿਲਾਂ ਮੁਲਜ਼ਮ ਜਗਰੂਪ ਸਿੰਘ ਨਾਲ ਵਿਆਹ ਹੋਇਆ ਸੀ, ਪਰ ਘਰੇਲੂ ਕਲੇਸ਼ ਰਹਿਣ ਕਾਰਨ ਦੋਹਾਂ ਦਾ ਤਲਾਕ ਹੋ ਗਿਆ ਸੀ। ਉਪਰੰਤ ਸਰਬਜੀਤ ਕੌਰ ਦਾ ਵਿਆਹ ਪਿੰਡ ਹਿੰਮਤਪੁੁਰਾ ਵਿੱਚ ਕਰ ਦਿੱਤਾ ਗਿਆ ਸੀ। ਜੀਤ ਸਿੰਘ ਨੇ ਦੋਸ਼ ਲਗਾਇਆ ਕਿ ਜਗਰੂਪ ਨੇ ਦੋ ਦਿਨ ਪਹਿਲਾਂ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਸਨ। ਉਨ੍ਹਾਂ ਇਸ ਸਬੰਧੀ ਸ਼ਿਕਾਇਤ ਵੀ ਦਰਜ ਕਰਵਾਈ ਸੀ ਪਰ ਕੋਈ ਕਾਰਵਾਈ ਹੋਈ ਤੇ ਜਗਰੂਪ ਨੇ ਅੱਜ ਉਸ ਦੀ ਪਤਨੀ ਦਾ ਕਤਲ ਕਰ ਦਿੱਤਾ। ਮਹਿਲ ਕਲਾਂ ਦੇ ਡੀਐੱਸਪੀ ਜਤਿੰਦਰਪਾਲ ਸਿੰਘ ਅਤੇ ਥਾਣਾ ਟੱਲੇਵਾਲ ਦੇ ਐੱਸਐੱਚਓ ਬਲਤੇਜ ਸਿੰਘ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਰਨਾਲਾ ਭੇਜ ਦਿੱਤਾ ਹੈ। ਪੁਲੀਸ ਨੇ ਜਗਰੂਪ ਸਿੰਘ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly