ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਲਾਇੰਜ਼ ਕਲੱਬ ਹੁਸ਼ਿਆਰਪੁਰ ਪਰਲ ਵੱਲੋਂ ਓਲਡ ਏਜ ਹੋਮ ਰਾਮ ਕਲੋਨੀ ਕੈਂਪ ਵਿੱਚ ਲੋਹੜੀ ਦਾ ਪਵਿੱਤਰ ਤਿਉਹਾਰ ਪ੍ਰਧਾਨ ਵਿਜੇ ਅਰੋੜਾ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ। ਇਸ ਮੌਕੇ ਓਲਡ ਏਜ ਹੋਮ ਵਿਖੇ ਰਹਿ ਰਹੇ ਬਜ਼ੁਰਗਾਂ ਨੂੰ ਮੂੰਗਫਲੀ, ਰੇਵੜੀ, ਜੂਸ, ਫਲ ਅਤੇ ਹੋਰ ਖਾਣ-ਪੀਣ ਦੀ ਸਮੱਗਰੀ ਭੇਟ ਕੀਤੀ ਗਈ। ਇਸ ਮੋਕੇ ਪ੍ਰਧਾਨ ਵਿਜੇ ਅਰੋੜਾ ਨੇ ਕਿਹਾ ਕਿ ਲੋਹੜੀ ਸਿਰਫ਼ ਇੱਕ ਤਿਉਹਾਰ ਨਹੀਂ, ਸਗੋਂ ਆਪਸੀ ਪਿਆਰ, ਸਤਿਕਾਰ ਅਤੇ ਏਕਤਾ ਦਾ ਪ੍ਰਤੀਕ ਹੈ। ਉਨ੍ਹਾਂ ਨੇ ਕਿਹਾ ਕਿ ਬਜ਼ੁਰਗਾਂ ਦੇ ਚਿਹਰਿਆਂ ‘ਤੇ ਖੁਸ਼ੀ ਵੇਖ ਕੇ ਮਨ ਨੂੰ ਬਹੁਤ ਸਕੂਨ ਮਿਲਿਆ। ਕਿਉਂਕਿ ਬਜ਼ੁਰਗ ਆਪਣੇ ਬੱਚਿਆਂ ਤੋਂ ਦੂਰ ਰਹਿ ਕੇ ਆਪਣਾ ਜੀਵਨ ਬਤੀਤ ਕਰ ਰਹੇ ਹਨ। ਅੱਜ ਉਨ੍ਹਾਂ ਨਾਲ ਮਿਲ ਕੇ ਲੋਹੜੀ ਦਾ ਤਿਉਹਾਰ ਮਨਾਉਣ ਨਾਲ ਸਾਨੂੰ ਬਜ਼ੁਰਗਾਂ ਦੀਆਂ ਬੇਅੰਤ ਦੁਆਵਾਂ ਮਿਲੀਆਂ ਹਨ, ਜਿਨ੍ਹਾਂ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਮੁਸ਼ਕਲ ਹੈ। ਇਸ ਮੌਕੇ ਪ੍ਰਮੁੱਖ ਸਮਾਜਸੇਵੀ ਸੰਜੀਵ ਅਰੋੜਾ ਅਤੇ ਲਾਇਨ ਉਮੇਸ਼ ਰਾਣਾ ਨੇ ਕਿਹਾ ਕਿ ਪੰਜਾਬ ਦੀ ਲੋਕ ਸੰਸਕ੍ਰਿਤੀ ਦਾ ਪ੍ਰਮੁੱਖ ਤਿਉਹਾਰ ਲੋਹੜੀ ਹੁਣ ਸਿਰਫ਼ ਅੱਗ ਜਲਾਉਣ ਤੱਕ ਸੀਮਤ ਨਹੀਂ ਰਹਿ ਗਿਆ, ਸਗੋਂ ਸਮੇਂ ਦੇ ਨਾਲ ਇਸ ਵਿੱਚ ਕਾਫ਼ੀ ਬਦਲਾਅ ਆਇਆ ਹੈ। ਪਹਿਲਾਂ ਲੋਹੜੀ ਮੁੱਖ ਤੌਰ ‘ਤੇ ਮੁੰਡੇ ਦੇ ਜਨਮ ‘ਤੇ ਹੀ ਮਨਾਈ ਜਾਂਦੀ ਸੀ, ਪਰ ਹੁਣ ਕੁੜੀਆਂ ਦੇ ਜਨਮ ‘ਤੇ ਵੀ ਲੋਹੜੀ ਮਨਾਉਣ ਦੀ ਰਵਾਇਤ ਸ਼ੁਰੂ ਹੋ ਚੁੱਕੀ ਹੈ, ਜੋ ਕਿ ਕਾਬਿਲ-ਏ-ਤਾਰੀਫ਼ ਹੈ।ਉਨ੍ਹਾਂ ਕਿਹਾ ਕਿ ਧੀਆਂ ਦੀ ਲੋਹੜੀ ਮਨਾਉਣਾ ਸਿਰਫ਼ ਇੱਕ ਰਸਮ ਨਹੀਂ, ਸਗੋਂ ਇੱਕ ਸਮਾਜਿਕ ਸੰਦੇਸ਼ ਹੈ, ਜੋ ਇਹ ਦਰਸਾਉਂਦਾ ਹੈ ਕਿ ਅੱਜ ਧੀਆਂ ਹਰ ਖੇਤਰ ਵਿੱਚ ਮੁੰਡਿਆਂ ਦੇ ਬਰਾਬਰ ਕੰਮ ਕਰ ਰਹੀਆਂ ਹਨ। ਇਸ ਮੌਕੇ ਓਲਡ ਏਜ ਹੋਮ ਪ੍ਰਬੰਧਕਾਂ ਨੇ ਲਾਇੰਜ਼ ਕਲੱਬ ਦੇ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਮਾਜ ਨੂੰ ਅੱਗੇ ਆ ਕੇ ਬਜ਼ੁਰਗਾਂ ਨਾਲ ਸਮਾਂ ਬਿਤਾਉਣਾ ਚਾਹੀਦਾ ਹੈ, ਤਾਂ ਜੋ ਉਹ ਆਪਣੇ ਆਪ ਨੂੰ ਇਕੱਲਾ ਮਹਿਸੂਸ ਨਾ ਕਰਨ। ਆਸ਼ਰਮ ਵਿੱਚ ਰਹਿ ਰਹੇ ਬਜ਼ੁਰਗਾਂ ਨੇ ਵੀ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਉਨ੍ਹਾਂ ਨੂੰ ਖੁਸ਼ੀ ਦਿੰਦੇ ਹਨ ਅਤੇ ਉਨ੍ਹਾਂ ਨੂੰ ਪਰਿਵਾਰ ਵਾਲਾ ਅਨੁਭਵ ਹੁੰਦਾ ਹੈ।ਆਖ਼ਿਰ ਵਿੱਚ ਸਾਰਿਆਂ ਨੇ ਮਿਲ ਕੇ ਲੋਹੜੀ ਦੇ ਗੀਤ ਗਾਏ ਅਤੇ ਬਜ਼ੁਰਗਾਂ ਵਿੱਚ ਖਾਣ ਪੀਣ ਵਾਲੀ ਸਮਗਰੀ ਵੰਡੀਂ ਗਈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly


