ਈਦ-ਉਲ-ਫਿਤਰ

ਰਮੇਸ਼ਵਰ ਸਿੰਘ ਪਟਿਆਲਾ

(ਸਮਾਜ ਵੀਕਲੀ)

ਇਸ ਸਮੇਂ ਰਮਜ਼ਾਨ ਦਾ ਪਾਕ ਮਹੀਨਾ ਚੱਲ ਰਿਹਾ ਹੈ। ਜਿਸ ਦਿਨ ਰਮਜ਼ਾਨ ਦਾ ਪਾਕ ਮਹੀਨਾ ਖ਼ਤਮ ਹੁੰਦਾ ਹੈ, ਠੀਕ ਉਸ ਦੇ ਅਗਲੇ ਦਿਨ ਈਦ-ਉਲ-ਫ਼ਿਤਰ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਸ ਨੂੰ ਮਿੱਠੀ ਈਦ ਵੀ ਕਹਿੰਦੇ ਹਨ। ਈਦ-ਉਲ-ਫ਼ਿਤਰ ਦਾ ਤਿਉਹਾਰ ਇਸਲਾਮਿਕ ਕੈਲੰਡਰ ਅਨੁਸਾਰ ਰਮਜ਼ਾਨ ਤੋਂ ਬਾਅਦ ਸ਼ਵਾਲ ਦੀ ਪਹਿਲੀ ਤਰੀਕ ਨੂੰ ਮਨਾਇਆ ਜਾਂਦਾ ਹੈ। ਈਦ-ਉਲ-ਫ਼ਿਤਰ ਦੇ ਦਿਨ ਮਸਜਿਦਾਂ ਨੂੰ ਸਜਾਇਆ ਜਾਂਦਾ ਹੈ। ਲੋਕ ਨਵੇਂ ਕਪੜੇ ਪਾਉਂਦੇ ਹਨ, ਈਦ ਦੀ ਨਮਾਜ਼ ਪੜ੍ਹਦੇ ਹਨ, ਇਕ-ਦੂਜੇ ਨਾਲ਼ ਗਲ਼ੇ ਮਿਲ ਕੇ ਮੁਬਾਰਕਬਾਦ ਦਿੰਦੇ ਹਨ। ਘਰਾਂ ‘ਚ ਮਿੱਠੇ ਪਕਵਾਨ ਖ਼ਾਸ ਕਰ ਕੇ ਮਿੱਠੀਆਂ ਸੇਵਈਆਂ ਬਣਾਈਆਂ ਜਾਂਦੀਆਂ ਹਨ।

ਚੰਦ ਦੇ ਨਿਕਲਣ ਦਾ ਮਹੱਤਵ :
ਦਰਅਸਲ ਇਸਲਾਮਿਕ ਕੈਲੰਡਰ ਚੰਦ ‘ਤੇ ਆਧਾਰਿਤ ਹੈ। ਚੰਦ ਦੇ ਦਿਖਾਈ ਦੇਣ ‘ਤੇ ਹੀ ਈਦ ਜਾਂ ਪ੍ਰਮੁੱਖ ਤਿਉਹਾਰ ਮਨਾਏ ਜਾਂਦੇ ਹਨ। ਰਮਜ਼ਾਨ ਦੇ ਪਵਿਤਰ ਮਹੀਨੇ ਦੀ ਸ਼ੁਰੂਆਤ ਚੰਦ ਦੇ ਦੇਖਣ ਨਾਲ਼ ਹੁੰਦੀ ਹੈ ਤੇ ਇਸ ਦੀ ਸਮਾਪਤੀ ਵੀ ਚੰਦ ਦੇ ਨਿਕਲਣ ਨਾਲ਼ ਹੀ ਹੁੰਦੀ ਹੈ। ਰਮਜ਼ਾਨ ਦੇ 29 ਜਾਂ 30 ਦਿਨਾਂ ਤੋਂ ਬਾਅਦ ਈਦ ਦਾ ਚੰਦ ਦਿਖਾਈ ਦਿੰਦਾ ਹੈ।

ਈਦ ਦਾ ਮਹੱਤਵ :
ਜਦੋਂ ਅੱਲਾਹ ਦੇ ਰਸੂਲ ਹਜ਼ਰਤ ਮੁਹੰਮਦ ਮੱਕਾ ਤੋਂ ਹਿਜਰਤ ਕਰਕੇ ਮਦੀਨਾ ਤਸ਼ਰੀਫ਼ ਲਿਆਏ ਤਾਂ ਮਦੀਨਾ ਦੇ ਲੋਕ ਦੋ ਤਿਉਹਾਰ ਮਨਾਉਂਦੇ ਸਨ ਅਤੇ ਉਨ੍ਹਾਂ ਤਿਉਹਾਰਾਂ ਦੌਰਾਨ ਖੇਡਾਂ ਅਤੇ ਤਮਾਸ਼ੇ ਕਰਦੇ ਸਨ। ਅੱਲਾਹ ਦੇ ਰਸੂਲ ਹਜ਼ਰਤ ਮੁਹੰਮਦ ਨੇ ਉਨ੍ਹਾਂ ਨੂੰ ਪੁੱਛਿਆ ਕਿ ਇਨ੍ਹਾਂ ਦੋ ਦਿਨਾਂ ਦੀ ਅਸਲੀਅਤ ਕੀ ਹੈ ਜੋ ਤੁਸੀਂ ਮਨਾ ਰਹੇ ਹੋ? ਉਹਨਾਂ ਨੇ ਕਿਹਾ ਕਿ ਅਸੀਂ ਇਹ ਤਿਉਹਾਰ ਅਗਿਆਨਤਾ ਵਿਚ ਵੀ ਇਸੇ ਤਰ੍ਹਾਂ ਮਨਾਉਂਦੇ ਸੀ।

ਫ਼ਿਰ ਅੱਲਾਹ ਦੇ ਰਸੂਲ ਹਜ਼ਰਤ ਮੁਹੰਮਦ ਨੇ ਫ਼ਰਮਾਇਆ “ਅੱਲਾਹ ਨੇ ਤੁਹਾਡੇ ਇਨ੍ਹਾਂ ਦੋ ਤਿਉਹਾਰਾਂ ਦੇ ਬਦਲੇ ਤੁਹਾਡੇ ਲਈ ਦੋ ਬਿਹਤਰ ਦਿਨ ਨਿਰਧਾਰਤ ਕੀਤੇ ਹਨ, ਈਦ-ਉਲ-ਫ਼ਿਤਰ ਅਤੇ ਈਦ-ਉਲ-ਅਜ਼ਹਾ ਦੇ ਦਿਨ”। ਇਸਲਾਮ ਧਰਮ ਵਿੱਚ ਇਸ ਤਰ੍ਹਾਂ ਈਦ-ਉਲ-ਫ਼ਿਤਰ ਅਤੇ ਈਦ-ਉਲ-ਅਜ਼ਹਾ ਦੀ ਸ਼ੁਰੂਆਤ ਹੋਈ । ਪ੍ਰਸਿੱਧ ਇਤਿਹਾਸਕਾਰ ਇਬਨ ਜਰੀਰ ਅਲ-ਤਬਰੀ ਦੇ ਅਨੁਸਾਰ, ਸਾਲ 2 ਹਿਜਰੀ ਵਿੱਚ, ਅੱਲਾਹ ਦੇ ਰਸੂਲ ਹਜ਼ਰਤ ਮੁਹੰਮਦ ਨੇ ਪਹਿਲੀ ਵਾਰ ਈਦ ਦੀ ਨਮਾਜ਼ ਪੜ੍ਹਾਈ । ਈਦ-ਉਲ-ਫ਼ਿਤਰ ਤੋਂ ਬਾਰਾਂ ਜਾਂ ਤੇਰਾਂ ਦਿਨ ਪਹਿਲਾਂ ਜਿੱਸ ਦਿਨ ਰਮਜ਼ਾਨ ਦੇ ਮਹੀਨੇ ਦੀ ਸਤਾਰਾਂ ਤਰੀਕ ਸੀ ਹਜ਼ਰਤ ਮੁਹੰਮਦ ਦੀ ਅਗਵਾਈ ਵਿੱਚ ਜੰਗ-ਏ-ਬਦਰ ‘ਚ ਮੁਸਲਮਾਨਾਂ ਦੀ ਜਿੱਤ ਹੋਈ ਸੀ। ਇਸ ਤਰ੍ਹਾਂ ਪਹਿਲੀ ਈਦ ‘ਤੇ ਮੁਸਲਮਾਨਾਂ ਨੂੰ ਦੁਹਰੀ ਖ਼ੁਸ਼ੀ ਪ੍ਰਾਪਤ ਹੋਈ , ਇੱਕ ਜੰਗ-ਏ-ਬਦਰ ਦੀ ਜਿੱਤ ਦੀ ਖ਼ੁਸ਼ੀ ਅਤੇ ਦੂਜੀ ਈਦ ਦੀ ਖ਼ੁਸ਼ੀ। ਈਦ ਇੱਕ ਅਰਬੀ ਸ਼ਬਦ ਹੈ ਜਿਸਦਾ ਅਰਥ ਹੈ ਖ਼ੁਸ਼ੀ, ਜਦੋਂ ਕਿ ਫ਼ਿਤਰ ਦਾ ਅਰਥ ਹੈ ਰੋਜ਼ਇਆਂ ਦਾ ਅੰਤ (ਭਾਵ ਰੋਜ਼ੇ ਖ਼ਤਮ ਹੋ ਜਾਣਾ)।

ਈਦ-ਉਲ-ਫ਼ਿਤਰ ਦੇ ਦਿਨ ਲੋਕ ਈਦ ਦੀ ਨਮਾਜ਼ ਪੜ੍ਹਕੇ ਅੱਲਾਹ ਦਾ ਸ਼ੁਕਰਾਨਾ ਅਦਾ ਕਰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਅੱਲਾਹ ਦੀ ਹੀ ਰਹਿਮਤ ਨਾਲ਼ ਉਹ ਰਮਜ਼ਾਨ ਦੇ ਪੂਰੇ ਮਹੀਨੇ ਦੇ ਵਰਤ ਰੱਖ ਪਾਉਂਦੇ ਹਨ। ਅੱਜ ਦੇ ਦਿਨ ਲੋਕ ਆਪਣੀ ਕਮਾਈ ਦਾ ਕੁਝ ਹਿੱਸਾ ਗ਼ਰੀਬ ਲੋਕਾਂ ‘ਚ ਵੰਡ ਦਿੰਦੇ ਹਨ। ਉਨ੍ਹਾਂ ਨੂੰ ਤੋਹਫ਼ੇ ਦੇ ਤੌਰ ‘ਤੇ ਕੱਪੜੇ, ਮਿਠਾਈ ਜਾਂ ਰੁਪਏ ਪੈਸੇ ਆਦਿ ਦਿੰਦੇ ਹਨ। ਆਪਣੇ ਪਰਿਵਾਰ, ਅਤੇ ਰਿਸ਼ਤੇਦਾਰੀ ਵਿੱਚ ਸਾਰੀਆਂ ਧੀਆਂ ਧਿਆਣੀਆਂ, ਭੈਣਾਂ, ਭੂਆ ਅਤੇ ਛੋਟੇ ਬੱਚਿਆਂ ਨੂੰ ਵੀ ਈਦੀ (ਤੋਹਫ਼ੇ ਦੇ ਤੌਰ ਤੇ ਰੁਪਏ ਪੈਸੇ ) ਦਿੱਤੀ ਜਾਂਦੀ ਹੈ।

ਰਮੇਸ਼ਵਰ ਸਿੰਘ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਈਦ ਮੁਬਾਰਕ ਬੋਲਾਂਗੇ
Next articleਵਿਸ਼ਵ ਰਤਨ ਬਾਵਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ 132ਵਾਂ ਜਨਮ ਦਿਨ ਮਨਾਇਆ ਗਿਆ ।