(ਸਮਾਜ ਵੀਕਲੀ)- ਇੱਕ ਵਾਰ ਇੱਕ ਬੰਦਾ ਮੂਰਤੀਆਂ ਬਣਾਇਆ ਕਰਦਾ ਸੀ। ਉਹ ਬਹੁਤ ਹੀ ਵਧੀਆ ਮੂਰਤੀਕਾਰ ਸੀ। ਉਹਦੀਆਂ ਮੂਰਤੀਆਂ ਦੀ ਬਹੁਤ ਹੀ ਸ਼ੋਭਾ ਹੋਣ ਲੱਗੀ। ਲੋਕ ਕਹਿੰਦੇ ਕਿ ਮੂਰਤੀਕਾਰ ਦੀਆਂ ਮੂਰਤੀਆਂ ਇੰਝ ਲਗਦੀਆਂ ਹਨ ਜਿਵੇਂ ਜੀਊਂਦੇ ਜਾਗਦੇ ਪ੍ਰਾਣੀ ਹੋਣ। ਜਿਵੇਂ ਜਿਵੇਂ ਓਹਦੀ ਪ੍ਰਸਿੱਧੀ ਵੱਧਦੀ ਗਈ ਉਵੇਂ ਉਵੇਂ ਹੀ ਓਹਦਾ ਹੰਕਾਰ ਵੀ ਵੱਧਦਾ ਗਿਆ।
ਇੱਕ ਸਮਾਂ ਅਜਿਹਾ ਆਇਆ ਕਿ ਉਹ ਪੂਰੀ ਤਰ੍ਹਾਂ ਹਊਮੈ ਦੀ ਗ੍ਰਿਫ਼ਤ ਵਿੱਚ ਆ ਗਿਆ।ਅਖੇ, ਮੇਰੇ ਵਰਗਾ ਮੂਰਤੀਕਾਰ ਤਾਂ ਇਸ ਪੂਰੀ ਦੁਨੀਆਂ ਵਿੱਚ ਕੋਈ ਨਹੀਂ ਹੈ। ਮੇਰੇ ਤੋਂ ਵੱਧ ਸੋਹਣੀ ਮੂਰਤੀ ਕੋਈ ਬਣਾ ਹੀ ਨਹੀਂ ਸਕਦਾ।
ਵਕਤ ਗੁਜ਼ਰਦਾ ਗਿਆ। ਹੁਣ ਓਹ ਬੁੱਢਾ ਤੇ ਬਿਮਾਰ ਹੋ ਗਿਆ ਸੀ। ਉਸ ਨੂੰ ਆਪਣਾ ਅੰਤ ਸਮਾਂ ਨੇੜੇ ਦਿਖਣ ਲੱਗਾ।
ਓਸਨੇ ਸੋਚਿਆ ਕਿ ਮੈਂ ਐਨਾ ਵਧੀਆ ਮੂਰਤੀਕਾਰ ਹਾਂ ਕਿ ਲੋਕ ਮੇਰੀਆਂ ਬਣਾਈਆਂ ਮੂਰਤਾਂ ਦੇਖ ਕੇ ਅਕਸਰ ਅਸਲ ਦਾ ਭੁਲੇਖਾ ਖਾਂਦੇ ਰਹਿੰਦੇ ਹਨ। ਮੈਂ ਕਿਉਂ ਨਾ ਜਮਦੂਤਾਂ ਨੂੰ ਹੀ ਚੱਕਰਾਂ ਵਿੱਚ ਪਾ ਦੇਵਾਂ।ਬਈ ਉਹ ਮੈਨੂੰ ਲੈਣ ਆਉਣ ਤੇ ਪਛਾਣ ਹੀ ਨਾ ਸਕਣ।ਇਹ ਸੋਚ ਕੇ ਓਹਦੀ ਹਿੰਮਤ ਮੁੜ ਆਈ ਤੇ ਉਹ ਜੀਅ- ਜਾਨ ਨਾਲ ਆਪਣੇ ਕੰਮ ਲੱਗ ਗਿਆ। ਬਹੁਤ ਮਿਹਨਤ ਕਰਕੇ ਓਹਨੇ ਹੂ-ਬ-ਹੂ ਆਪਣੇ ਵਰਗੀਆਂ ਕਈ ਮੂਰਤੀਆਂ ਬਣਾ ਲਈਆਂ।ਹਰ ਕੋਈ ਦੇਖ ਕੇ ਅਸ਼- ਅਸ਼ ਕਰ ਉੱਠਦਾ।
ਹੁਣ ਓਹਦੀ ਮੌਤ ਦਾ ਵਕਤ ਆਇਆ ਤਾਂ ਜਮਦੂਤ ਓਹਨੂੰ ਲਿਜਾਣ ਲਈ ਆ ਗਏ। ਪਰ ਇਹ ਕੀ….?ਇੱਥੇ ਤਾਂ ਇੱਕੋ ਜਿਹੇ ਕਈ ਬੰਦੇ ਸਨ। ਲਿਜਾਣ ਤਾਂ ਕੀਹਨੂੰ ਲਿਜਾਣ?ਛੇਤੀ ਹੀ ਉਹ ਉਸਦੀ ਚਾਲ ਸਮਝ ਗਏ। ਉਹਨਾਂ ਨੇ ਆਪਸ ਵਿੱਚ ਗੱਲਾਂ ਕਰਦਿਆਂ ਕਿਹਾ ਕਿ ਇਹ ਸਭ ਮੂਰਤਾਂ ਤਾਂ ਬਹੁਤ ਕਮਾਲ ਹਨ ਪਰ ਇਹਨਾਂ ਵਿੱਚ ਇੱਕ ਗ਼ਲਤੀ ਹੈ….!
ਜਮਦੂਤਾਂ ਦੇ ਐਨਾ ਕਹਿੰਦਿਆਂ ਹੀ ਮੂਰਤੀਕਾਰ ਝੱਟ ਸਾਰੇ ਹਾਲਾਤ ਭੁੱਲ-ਭੁਲਾ ਕੇ ਇੱਕਦਮ ਰੌਲ਼ਾ ਪਾਉਣ ਲੱਗਾ ਕਿ ਇਹ ਹੋ ਹੀ ਨਹੀਂ ਸਕਦਾ।ਮੈਂ ਕੋਈ ਗ਼ਲਤੀ ਨਹੀਂ ਕਰ ਸਕਦਾ। ਦੱਸੋ ਭਲਾ ਕੀ ਗਲ਼ਤੀ ਹੈ?
ਜਮਦੂਤ ਹੱਸ ਕੇ ਕਹਿਣ ਲੱਗੇ ਕਿ ਭਲਿਆ ਮਾਣਸਾ ਇਹ ‘ਮੈਂ’ ਹੀ ਤੇਰੀ ਗ਼ਲਤੀ ਹੈ।
ਮਨਜੀਤ ਕੌਰ ਧੀਮਾਨ,
ਸ਼ੇਰਪੁਰ, ਲੁਧਿਆਣਾ।
ਸੰ:9464633059
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly