ਲੈਸਟਰ(ਇੰਗਲੈਂਡ ) (ਸਮਾਜ ਵੀਕਲੀ) (ਸੁਖਜਿੰਦਰ ਸਿੰਘ ਢੱਡੇ) – ਬ੍ਰਿਟੇਨ ਦੀ ਸਿਆਸਤ ਵਿੱਚ ਅੱਜ ਸੋਮਵਾਰ ਨੂੰ ਇੱਕ ਨਵੇਂ ਦੌਰ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਲੇਬਰ ਪਾਰਟੀ ਦੇ ਨਵੇਂ ਚੁਣੇ ਗਏ ਆਗੂ ਐਂਡੀ ਬਰਨਹਮ ਕਿੰਗ ਚਾਰਲਜ਼ ਤੀਜੇ ਨਾਲ ਮੁਲਾਕਾਤ ਤੋਂ ਬਾਅਦ ਅਧਿਕਾਰਕ ਤੌਰ ‘ਤੇ ਬਰਤਾਨੀਆ ਦੇ 59ਵੇ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਣਗੇ। ਮੌਜੂਦਾ ਪ੍ਰਧਾਨ ਮੰਤਰੀ ਸਰ ਕੀਅਰ ਸਟਾਰਮਰ ਆਪਣਾ ਅਸਤੀਫ਼ਾ ਕਿੰਗ ਚਾਰਲਜ ਤੀਜੇ ਨੂੰ ਸੌਂਪਣਗੇ, ਜਿਸ ਤੋਂ ਬਾਅਦ ਬਰਨਹਮ ਨੂੰ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਜਾਵੇਗਾ। ਡਾਊਨਿੰਗ ਸਟਰੀਟ ਪਹੁੰਚਣ ਉਪਰੰਤ ਉਹ ਰਵਾਇਤੀ ਸੰਬੋਧਨ ਕਰਨਗੇ ਅਤੇ ਫਿਰ ਆਪਣੇ ਨਵੇ ਮੰਤਰੀ ਮੰਡਲ ਦਾ ਐਲਾਨ ਕਰਨਗੇ।ਲੇਬਰ ਪਾਰਟੀ ਦੀ ਉਪ ਨੇਤਾ ਲੂਸੀ ਪਾਵਲ ਨੇ ਮੀਡੀਏ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਐਂਡੀ ਬਰਨਹਮ ਦੀ ਸਰਕਾਰ 2024 ਦੀਆਂ ਆਮ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਗਏ ਵਾਅਦਿਆਂ ‘ਤੇ ਪੂਰੀ ਤਰ੍ਹਾਂ ਕਾਇਮ ਰਹੇਗੀ। ਉਨ੍ਹਾਂ ਕਿਹਾ ਕਿ ਨਵੀਂ ਲੀਡਰਸ਼ਿਪ ਪਾਰਟੀ ਦੇ ਚੋਣ ਮਨੋਰਥ ਪੱਤਰ ਤੋਂ ਪਿੱਛੇ ਨਹੀਂ ਹਟੇਗੀ, ਸਗੋਂ ਉਨ੍ਹਾਂ ਵਾਅਦਿਆਂ ਨੂੰ ਹੋਰ ਵੱਡੇ ਅਤੇ ਦਲੇਰ ਅੰਦਾਜ਼ ਨਾਲ ਅਮਲ ਵਿੱਚ ਲਿਆਏਗੀ। ਉਨ੍ਹਾਂ ਦੇ ਅਨੁਸਾਰ ਸਰਕਾਰ ਦਾ ਮੁੱਖ ਧਿਆਨ ਮਹਿੰਗਾਈ, ਵਧ ਰਹੀ ਜੀਵਨ-ਯਾਪਨ ਦੀ ਲਾਗਤ ਅਤੇ ਬ੍ਰਿਟੇਨ ਦੀ ਅਰਥਵਿਵਸਥਾ ਨੂੰ ਮੁੜ ਮਜ਼ਬੂਤ ਬਣਾਉਣ ‘ਤੇ ਕੇਂਦਰਿਤ ਰਹੇਗਾ। ਲੂਸੀ ਪਾਵਲ ਨੇ ਕਿਹਾ ਕਿ ਐਂਡੀ ਬਰਨਹਮ ਦੀ ਅਗਵਾਈ ਸਰਕਾਰ ਲਈ ਇੱਕ ਨਵੀਂ ਸ਼ੁਰੂਆਤ ਦਾ ਮੌਕਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਉਨ੍ਹਾਂ ਸਾਰੇ ਮੁੱਦਿਆਂ ਨੂੰ ਪਿੱਛੇ ਛੱਡੇਗੀ ਜੋ ਲੋਕਾਂ ਦੀਆਂ ਅਸਲ ਸਮੱਸਿਆਵਾਂ ਤੋਂ ਧਿਆਨ ਭਟਕਾਉਂਦੇ ਹਨ ਅਤੇ ਆਪਣੀ ਪੂਰੀ ਤਾਕਤ ਲੋਕਾਂ ਦੇ ਜੀਵਨ ਪੱਧਰ ਨੂੰ ਸੁਧਾਰਨ ਵਿੱਚ ਲਗਾਏਗੀ। ਉਨ੍ਹਾਂ ਦੱਸਿਆ ਕਿ ਲੇਬਰ ਦੇ ਚੋਣ ਮਨੋਰਥ ਪੱਤਰ ਵਿੱਚ ਸੱਤਾ ਦੇ ਵਿਕੇਂਦਰੀਕਰਨ, ਦੇਸ਼ ਦੀ ਪ੍ਰਸ਼ਾਸਨਿਕ ਬਣਤਰ ਵਿੱਚ ਸੁਧਾਰ ਅਤੇ ਪ੍ਰਭਾਵਸ਼ਾਲੀ ਹਿਤ ਸਮੂਹਾਂ ਦੇ ਪ੍ਰਭਾਵ ਨੂੰ ਘਟਾਉਣ ਦੇ ਵਾਅਦੇ ਕੀਤੇ ਗਏ ਸਨ, ਜਿਨ੍ਹਾਂ ਨੂੰ ਬਰਨਹਮ ਦੀ ਸਰਕਾਰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰੇਗੀ।ਐਂਡੀ ਬਰਨਹਮ ਵੱਲੋਂ ਲੇਬਰ ਆਗੂ ਬਣਨ ਤੋਂ ਬਾਅਦ ਕੀਤੇ ਗਏ ਪਹਿਲੇ ਵੱਡੇ ਐਲਾਨਾਂ ਵਿੱਚ ਡਿਜ਼ਿਟਲ ਆਈਡੀ ਯੋਜਨਾ ਨੂੰ ਰੱਦ ਕਰਨ ਦਾ ਫ਼ੈਸਲਾ ਵੀ ਸ਼ਾਮਲ ਹੈ। ਇਹ ਯੋਜਨਾ ਪਿਛਲੀ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸੀ, ਪਰ ਬਰਨਹਮ ਨੇ ਇਸ ਨੂੰ ਖਤਮ ਕਰਨ ਦਾ ਐਲਾਨ ਕੀਤਾ ਹੈ। ਲੂਸੀ ਪਾਵਲ ਨੇ ਕਿਹਾ ਕਿ ਇਸ ਯੋਜਨਾ ‘ਤੇ ਵੱਡੀ ਰਕਮ ਖਰਚ ਹੋਣੀ ਸੀ ਅਤੇ ਇਸ ਕਾਰਨ ਸਰਕਾਰ ਦਾ ਧਿਆਨ ਅਹਿਮ ਲੋਕ-ਹਿਤੀ ਕੰਮਾਂ ਤੋਂ ਹਟ ਸਕਦਾ ਸੀ। ਉਨ੍ਹਾਂ ਕਿਹਾ ਕਿ ਹੁਣ ਇਹ ਰਕਮ ਅਤੇ ਸਰਕਾਰੀ ਸਰੋਤ ਉਨ੍ਹਾਂ ਖੇਤਰਾਂ ਵਿੱਚ ਵਰਤੇ ਜਾਣਗੇ ਜਿੱਥੇ ਲੋਕਾਂ ਨੂੰ ਤੁਰੰਤ ਰਾਹਤ ਦੀ ਲੋੜ ਹੈ। ਇਸ ਦੌਰਾਨ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਬਰਨਹਮ ਸਰਕਾਰ ਉੱਤਰੀ ਸਮੁੰਦਰ ਵਿੱਚ ਨਵੇਂ ਤੇਲ ਅਤੇ ਗੈਸ ਪ੍ਰੋਜੈਕਟਾਂ ਸਬੰਧੀ ਆਪਣੀ ਨੀਤੀ ਦਾ ਐਲਾਨ ਕਰ ਸਕਦੀ ਹੈ। ਲੂਸੀ ਪਾਵਲ ਨੇ ਕਿਹਾ ਕਿ ਇਸ ਮਾਮਲੇ ਵਿੱਚ ਸਰਕਾਰ ਵਿਹਾਰਕ ਰਵੱਈਆ ਅਪਣਾਏਗੀ ਅਤੇ ਇਹ ਨੀਤੀ ਵਿੱਚ ਵੱਡੀ ਤਬਦੀਲੀ ਨਹੀਂ, ਸਗੋਂ ਤਰਜੀਹਾਂ ਵਿੱਚ ਬਦਲਾਅ ਹੋਵੇਗਾ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਇਸ ਸੰਭਾਵੀ ਕਦਮ ਦਾ ਸਵਾਗਤ ਕਰਦਿਆਂ ਕਿਹਾ ਕਿ ਜੇਕਰ ਬ੍ਰਿਟੇਨ ਉੱਤਰੀ ਸਮੁੰਦਰ ਦੇ ਤੇਲ ਅਤੇ ਗੈਸ ਸਰੋਤਾਂ ਦਾ ਵੱਧ ਤੋਂ ਵੱਧ ਲਾਭ ਲੈਂਦਾ ਹੈ ਤਾਂ ਦੇਸ਼ ਦੁਨੀਆ ਦੇ ਸਭ ਤੋਂ ਖੁਸ਼ਹਾਲ ਦੇਸ਼ਾਂ ਵਿੱਚ ਸ਼ਾਮਲ ਹੋ ਸਕਦਾ ਹੈ। ਸੂਤਰਾਂ ਅਨੁਸਾਰ ਨਵੀਂ ਸਰਕਾਰ ਜਲਦੀ ਹੀ ਪਾਣੀ ਅਤੇ ਊਰਜਾ ਖੇਤਰ ਵਿੱਚ ਸਰਕਾਰੀ ਨਿਯੰਤਰਣ ਵਧਾਉਣ, ਕੁਝ ਸੇਵਾਵਾਂ ਨੂੰ ਮੁੜ ਜਨਤਕ ਖੇਤਰ ਅਧੀਨ ਲਿਆਉਣ ਅਤੇ ਵੱਡੇ ਪੱਧਰ ‘ਤੇ ਨਵੇਂ ਕੌਂਸਲ ਘਰ ਬਣਾਉਣ ਲਈ ਯੋਜਨਾਵਾਂ ਦਾ ਵੀ ਐਲਾਨ ਕਰ ਸਕਦੀ ਹੈ। ਐਂਡੀ ਬਰਨਹਮ ਪਹਿਲਾਂ ਵੀ ਪਾਣੀ ਅਤੇ ਊਰਜਾ ਵਰਗੀਆਂ ਜ਼ਰੂਰੀ ਸੇਵਾਵਾਂ ‘ਤੇ ਵੱਧ ਸਰਕਾਰੀ ਨਿਯੰਤਰਣ ਦੀ ਵਕਾਲਤ ਕਰਦੇ ਰਹੇ ਹਨ। ਲੂਸੀ ਪਾਵਲ ਦਾ ਕਹਿਣਾ ਹੈ ਕਿ ਬ੍ਰਿਟੇਨ ਦੀ ਅਰਥਵਿਵਸਥਾ ਵਿੱਚ ਬਹੁਤ ਜ਼ਿਆਦਾ ਨਿੱਜੀਕਰਨ ਹੋ ਚੁੱਕਾ ਹੈ, ਜਿਸ ਕਾਰਨ ਆਮ ਲੋਕਾਂ ਦੇ ਬਿਜਲੀ, ਪਾਣੀ ਅਤੇ ਹੋਰ ਜ਼ਰੂਰੀ ਸੇਵਾਵਾਂ ਦੇ ਬਿੱਲ ਲਗਾਤਾਰ ਵਧ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸੇਵਾਵਾਂ ਨਿੱਜੀ ਕੰਪਨੀਆਂ ਦੀ ਬਜਾਏ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਚਲਾਈਆਂ ਜਾਣੀਆਂ ਚਾਹੀਦੀਆਂ ਹਨ।ਦੂਜੇ ਪਾਸੇ ਕਨਜ਼ਰਵੇਟਿਵ ਪਾਰਟੀ ਦੀ ਨੇਤਾ ਕੇਮੀ ਬੇਡਨੋਕ ਨੇ ਐਂਡੀ ਬਰਨਹਮ ਦੀ ਆਲੋਚਨਾ ਕਰਦਿਆਂ ਕਿਹਾ ਕਿ ਦੇਸ਼ ਨੂੰ ਅਜਿਹੇ ਨੇਤਾ ਦੀ ਲੋੜ ਹੈ ਜੋ ਔਖੇ ਅਤੇ ਸਖ਼ਤ ਫ਼ੈਸਲੇ ਲੈ ਸਕੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦਾ ਅਹੁਦਾ ਲੋਕਪ੍ਰਿਯਤਾ ਹਾਸਲ ਕਰਨ ਲਈ ਨਹੀਂ ਹੁੰਦਾ, ਸਗੋਂ ਦੇਸ਼ ਦੇ ਹਿੱਤ ਵਿੱਚ ਦ੍ਰਿੜ੍ਹ ਫ਼ੈਸਲੇ ਕਰਨ ਲਈ ਹੁੰਦਾ ਹੈ। ਸਾਬਕਾ ਕਨਜ਼ਰਵੇਟਿਵ ਮੰਤਰੀ ਜੈਕਬ ਰੀਸ-ਮੌਗ ਨੇ ਵੀ ਪਾਣੀ ਖੇਤਰ ਵਿੱਚ ਵੱਧ ਸਰਕਾਰੀ ਨਿਯੰਤਰਣ ਦੇ ਵਿਚਾਰ ‘ਤੇ ਸਵਾਲ ਉਠਾਉਂਦਿਆਂ ਕਿਹਾ ਕਿ ਇਸ ਖੇਤਰ ਨੂੰ ਚਲਾਉਣ ਲਈ ਜਾਂ ਤਾਂ ਨਿੱਜੀ ਪੂੰਜੀ ਦੀ ਲੋੜ ਹੋਵੇਗੀ ਜਾਂ ਫਿਰ ਟੈਕਸਦਾਤਾਵਾਂ ਦੇ ਪੈਸੇ ਦੀ। ਐਂਡੀ ਬਰਨਹਮ ਨੂੰ ਸ਼ੁੱਕਰਵਾਰ ਨੂੰ ਲੇਬਰ ਪਾਰਟੀ ਦਾ ਆਗੂ ਐਲਾਨਿਆ ਗਿਆ ਸੀ। ਉਹ ਇਸ ਅਹੁਦੇ ਲਈ ਇਕਲੌਤੇ ਉਮੀਦਵਾਰ ਸਨ ਅਤੇ ਉਨ੍ਹਾਂ ਨੂੰ ਪਾਰਟੀ ਦੇ 379 ਸੰਸਦ ਮੈਂਬਰਾਂ ਦਾ ਸਮਰਥਨ ਪ੍ਰਾਪਤ ਹੋਇਆ। ਕੁਝ ਵਿਰੋਧੀ ਪਾਰਟੀਆਂ ਨੇ ਮੰਗ ਕੀਤੀ ਹੈ ਕਿ ਬਰਨਹਮ ਨੂੰ ਆਪਣੀ ਸਰਕਾਰ ਲਈ ਜਨਤਕ ਮੰਡੇਟ ਹਾਸਲ ਕਰਨ ਵਾਸਤੇ ਛੇਤੀ ਆਮ ਚੋਣਾਂ ਕਰਵਾਉਣੀਆਂ ਚਾਹੀਦੀਆਂ ਹਨ, ਪਰ ਲੇਬਰ ਪਾਰਟੀ ਦਾ ਕਹਿਣਾ ਹੈ ਕਿ 2024 ਦੀਆਂ ਚੋਣਾਂ ਵਿੱਚ ਮਿਲਿਆ ਜਨਾਦੇਸ਼ ਹੀ ਸਰਕਾਰ ਨੂੰ ਆਪਣਾ ਕਾਰਜਕਾਲ ਜਾਰੀ ਰੱਖਣ ਲਈ ਕਾਫ਼ੀ ਹੈ। ਰਾਜਨੀਤਿਕ ਮਾਹਿਰਾਂ ਦਾ ਮੰਨਣਾ ਹੈ ਕਿ ਐਂਡੀ ਬਰਨਹਮ ਦੇ ਸਾਹਮਣੇ ਮਹਿੰਗਾਈ, ਆਰਥਿਕ ਵਿਕਾਸ, ਸਿਹਤ ਸੇਵਾਵਾਂ, ਰਿਹਾਇਸ਼ ਅਤੇ ਸਰਕਾਰੀ ਖਰਚਿਆਂ ‘ਤੇ ਕਾਬੂ ਵਰਗੀਆਂ ਕਈ ਵੱਡੀਆਂ ਚੁਣੌਤੀਆਂ ਹੋਣਗੀਆਂ। ਉਨ੍ਹਾਂ ਦੀ ਪਹਿਲੀ ਕੈਬਿਨੇਟ ਅਤੇ ਸ਼ੁਰੂਆਤੀ ਨੀਤੀਗਤ ਫ਼ੈਸਲਿਆਂ ‘ਤੇ ਨਾ ਸਿਰਫ਼ ਬ੍ਰਿਟੇਨ, ਸਗੋਂ ਅੰਤਰਰਾਸ਼ਟਰੀ ਭਾਈਚਾਰੇ ਦੀ ਵੀ ਨਜ਼ਰ ਟਿਕੀ ਹੋਈ ਹੈ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly






