ਈਡੀ ਛਾਪੇ: ਕਾਂਗਰਸ ਵੱਲੋਂ ਚੋਣ ਕਮਿਸ਼ਨ ਤੱਕ ਪਹੁੰਚ

 

  • ਈਡੀ ਅਧਿਕਾਰੀਆਂ ਖਿਲਾਫ਼ ਕਾਰਵਾਈ ਮੰਗੀ

ਚੰਡੀਗੜ੍ਹ (ਸਮਾਜ ਵੀਕਲੀ):   ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ‘ਰੇਤ ਮਾਫ਼ੀਆ’ ਤੇ ਗੈਰਕਾਨੂੰਨੀ ਖਣਨ ਨੂੰ ਲੈ ਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਰੀਬੀ ਰਿਸ਼ਤੇਦਾਰ ਦੇ ਟਿਕਾਣਿਆਂ ’ਤੇ ਕੀਤੀ ਛਾਪੇਮਾਰੀ ਦਾ ਮਾਮਲਾ ਚੋਣ ਕਮਿਸ਼ਨ ਕੋਲ ਪੁੱਜ ਗਿਆ ਹੈ। ਕਾਂਗਰਸ ਪਾਰਟੀ ਨੇ ਅੱਜ ਚੋਣ ਕਮਿਸ਼ਨ ਕੋਲ ਵਰਚੁਅਲੀ ਇਸ ਸਬੰਧੀ ਇਕ ਰਸਮੀ ਸ਼ਿਕਾਇਤ ਦਰਜ ਕਰਾਈ ਹੈ। ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਣਦੀਪ ਸੁਰਜੇਵਾਲਾ, ਅਭਿਸ਼ੇਕ ਸਿੰਘਵੀ ਅਤੇ ਹਰੀਸ਼ ਚੌਧਰੀ ਨੇ ਸਾਂਝੇ ਤੌਰ ’ਤੇ ਚੋਣ ਕਮਿਸ਼ਨ ਤੱਕ ਪਹੁੰਚ ਕਰਕੇ ਈਡੀ ਦੇ ਛਾਪਿਆਂ ਨੂੰ ਨਿਰੋਲ ਸਿਆਸਤ ਤੋਂ ਪ੍ਰੇਰਿਤ ਦੱਸਿਆ ਹੈ। ਆਗੂਆਂ ਨੇ ਕਿਹਾ ਕਿ ਛਾਪੇ ਸੂਬੇ ਵਿੱਚ ਲਾਗੂ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਹੈ, ਲਿਹਾਜ਼ਾ ਇਸ ਮਾਮਲੇ ’ਚ ਫੌਰੀ ਦਖ਼ਲ ਦਿੱਤਾ ਜਾਵੇ।

ਉਨ੍ਹਾਂ ਮੁੱਖ ਮੰਤਰੀ ਦਾ ਅਕਸ ਖ਼ਰਾਬ ਕਰਨ ਵਾਲੇ ਈਡੀ ਅਧਿਕਾਰੀਆਂ ਖਿਲਾਫ਼ ਕਾਰਵਾਈ ਦੀ ਮੰਗ ਵੀ ਕੀਤੀ ਹੈ। ਈਡੀ ਨੇ ਦਰਜਨਾਂ ਥਾਵਾਂ ’ਤੇ ਮਾਰੇ ਛਾਪਿਆਂ ਦੌਰਾਨ ਮੁੱਖ ਮੰਤਰੀ ਚੰਨੀ ਦੇ ਕਰੀਬੀ ਰਿਸ਼ਤੇਦਾਰ ਅਤੇ ਹੋਰਨਾਂ ਦੇ ਟਿਕਾਣਿਆਂ ਤੋਂ 10 ਕਰੋੜ ਰੁਪਏ ਦੀ ਨਗ਼ਦੀ ਮਿਲਣ ਦਾ ਦਾਅਵਾ ਕੀਤਾ ਸੀ, ਜਿਸ ਮਗਰੋਂ ਸਿਆਸੀ ਵਿਵਾਦ ਖੜ੍ਹਾ ਹੋ ਗਿਆ ਹੈ। ਮੁੱਖ ਮੰਤਰੀ ਚੰਨੀ ਖ਼ੁਦ ਆਖ ਚੁੱਕੇ ਹਨ ਕਿ ਕੇਂਦਰ ਦੀ ਭਾਜਪਾ ਸਰਕਾਰ ਚੋਣਾਂ ਲੜਨ ਤੋਂ ਰੋਕਣ ਲਈ ਅਜਿਹੀ ਸਾਜ਼ਿਸ਼ ਰਚ ਰਹੀ ਹੈ। ਸ਼ਿਕਾਇਤ ਵਿੱਚ ਕਾਂਗਰਸੀ ਆਗੂਆਂ ਨੇ ਕਿਹਾ ਕਿ ਗ਼ਲਤ ਇਰਾਦੇ ਨਾਲ ਮੁੱਖ ਮੰਤਰੀ ਦੇ ਕਰੀਬੀਆਂ ’ਤੇ ਛਾਪੇ ਮਾਰਨ ਵਾਲੇ ਅਧਿਕਾਰੀਆਂ ਖਿਲਾਫ਼ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਛਾਪਿਆਂ ਰਾਹੀਂ ਮੁੱਖ ਮੰਤਰੀ ਦਾ ਅਕਸ ਵਿਗਾੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਜੋ ਵੋਟਾਂ ਨੂੰ ਪ੍ਰਭਾਵਿਤ ਕੀਤਾ ਜਾ ਸਕੇ।

ਸ਼ਿਕਾਇਤ ਵਿਚ ਲਿਖਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 5 ਜਨਵਰੀ ਨੂੰ ਫ਼ਿਰੋਜ਼ਪੁਰ ਰੈਲੀ ਦੇ ਰਸਤੇ ’ਚੋਂ ਹੀ ਵਾਪਸ ਮੁੜਨਾ ਪੈ ਗਿਆ ਸੀ ਕਿਉਂਕਿ ਰੈਲੀ ਵਿਚ ਲਾਈਆਂ ਕੁਰਸੀਆਂ ਖ਼ਾਲੀ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਪੰਜਾਬੀਆਂ ਦੇ ਪੱਖ ਵਿਚ ਸਟੈਂਡ ਲਿਆ ਸੀ, ਜਿਸ ਦਾ ਬਦਲਾ ਲੈਣ ਲਈ ਛਾਪੇਮਾਰੀ ਕੀਤੀ ਗਈ ਹੈ। ਕਾਂਗਰਸ ਪਾਰਟੀ ਦੇ ਤਰਜਮਾਨ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਭਾਜਪਾ ਵੱਲੋਂ ਇਹ ਡੂੰਘੀ ਸਾਜ਼ਿਸ਼ ਰਚੀ ਗਈ ਹੈ। ਕਾਂਗਰਸੀ ਆਗੂਆਂ ਨੇ ਕਿਹਾ ਕਿ ਈਡੀ ਇਨ੍ਹਾਂ ਛਾਪਿਆਂ ਰਾਹੀਂ ਪੰਜਾਬ ਚੋਣਾਂ ਵਿਚ ਸਿੱਧਾ ਦਖ਼ਲ ਦੇ ਰਹੀ ਹੈ ਅਤੇ ਇਹ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਵੀ ਹੈ। ਆਗੂਆਂ ਨੇ ਚੋਣ ਕਮਿਸ਼ਨ ਨੂੰ ਕਿਹਾ ਕਿ ਇਹ ਆਦਰਸ਼ ਚੋਣ ਜ਼ਾਬਤੇ ਦੀ ਵੀ ਉਲੰਘਣਾ ਹੈ। ਉਧਰ ਕੈਬਨਿਟ ਮੰਤਰੀ ਡਾ. ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਭਾਜਪਾ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਦਲਿਤ ਹੋਣ ਕਰਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਕਨ੍ਹੱਈਆ ਤੇ ਹਾਰਦਿਕ ਦੀ ਚੋਣ ਨਿਗਰਾਨ ਵਜੋਂ ਨਿਯੁਕਤੀ

ਕਾਂਗਰਸ ਨੇ ਪੰਜਾਬ ਚੋਣਾਂ ਨੂੰ ਲੈ ਕੇ ਸਾਰੇ ਜ਼ਿਲ੍ਹਿਆਂ ਵਿਚ ਪਾਰਟੀ ਨਿਗਰਾਨਾਂ ਦੀ ਨਿਯੁਕਤੀ ਕੀਤੀ ਹੈ। ਪਾਰਟੀ ਦੇ ਜਨਰਲ ਸਕੱਤਰ ਕੇ.ਸੀ.ਵੇਣੂਗੋਪਾਲ ਵੱਲੋਂ ਜਾਰੀ ਸੂਚੀ ਮੁਤਾਬਕ ਕਨ੍ਹੱਈਆ ਕੁਮਾਰ ਨੂੰ ਮਾਨਸਾ, ਹਾਰਦਿਕ ਪਟੇਲ ਨੂੰ ਜਲੰਧਰ, ਪਠਾਨਕੋਟ ਵਿਚ ਰਘੂਬੀਰ ਬਾਲੀ, ਨਵਾਂ ਸ਼ਹਿਰ ਵਿਚ ਮੁਰਾਰੀ ਲਾਲ ਮੀਨਾ, ਮੁਹਾਲੀ ਵਿਚ ਰਜਿੰਦਰ ਰਾਣਾ ਤੇ ਰਜਨੀਸ਼ ਖੀਮਤਾ, ਬਠਿੰਡਾ ਵਿਚ ਕੇ.ਵੀ.ਸਿੰਘ, ਸੰਗਰੂਰ ਵਿਚ ਪ੍ਰਮੋਦ ਜੈਨ, ਫ਼ਰੀਦਕੋਟ ਵਿਚ ਗੋਬਿੰਦ ਰਾਮ ਮੇਘਵਾਲ, ਪਟਿਆਲਾ ਵਿਚ ਦਰਸ਼ਨ ਸਿੰਘ ਛੋਕਰ, ਲੁਧਿਆਣਾ ਸ਼ਹਿਰੀ ਵਿਚ ਅਨਿਲ ਚੌਧਰੀ, ਹੁਸ਼ਿਆਰਪੁਰ ਵਿਚ ਤੇਜਿੰਦਰ ਬਿੱਟੂ ਅਤੇ ਮਾਲੇਰਕੋਟਲਾ ਵਿਚ ਫ਼ਤਿਹ ਮੁਹੰਮਦ ਨੂੰ ਨਿਗਰਾਨ ਲਾਇਆ ਗਿਆ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ-ਹਰਿਆਣਾ ਵਿੱਚ ਅਗਲੇ ਤਿੰਨ ਦਿਨ ਭਰਵਾਂ ਮੀਂਹ ਪੈਣ ਦੀ ਚਿਤਾਵਨੀ
Next articleਪੰਜਾਬ ’ਚ ਚੋਣ ਪਾਬੰਦੀਆਂ ਵਧਣ ਦੇ ਆਸਾਰ