ਈਡੀ ਵੱਲੋਂ ਚੰਨੀ ਦੇ ਕਰੀਬੀ ਘਰੋਂ 8 ਕਰੋੜ ਮਿਲਣ ਦਾ ਦਾਅਵਾ

 

  • ਸੰਘੀ ਏਜੰਸੀ ਨੇ ਕੁੱਲ 10 ਕਰੋੜ ਦੀ ਨਗ਼ਦੀ ਕਬਜ਼ੇ ’ਚ ਲਈ
  • 21 ਲੱਖ ਦਾ ਸੋਨਾ ਤੇ 12 ਲੱਖ ਦੀ ਰੋਲੈਕਸ ਘੜੀ ਵੀ ਮਿਲੀ
  • ਸਬੰਧਿਤ ਧਿਰਾਂ ਨੂੰ ਜਲਦੀ ਸੰਮਨ ਕਰਕੇ ਤਫ਼ਸੀਲ ਿਵੱਚ ਹੋਵੇਗੀ ਪੁੱਛ-ਪੜਤਾਲ

ਚੰਡੀਗੜ੍ਹ (ਸਮਾਜ ਵੀਕਲੀ): ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ‘ਰੇਤ ਮਾਫੀਆ’ ਤੇ ਗੈਰਕਾਨੂੰਨੀ ਖਣਨ ਨਾਲ ਜੁੜੇ ਕੇਸਾਂ ਦੇ ਸਬੰਧ ਵਿੱਚ ਪੰਜਾਬ ਵਿੱਚ ਦਰਜਨਾਂ ਥਾਵਾਂ ’ਤੇ ਕੀਤੀ ਛਾਪੇਮਾਰੀ ਦੌਰਾਨ ਦਸ ਕਰੋੜ ਰੁਪਏ ਦੀ ਨਗ਼ਦੀ ਬਰਾਮਦ ਕੀਤੀ ਹੈ। ਇਸ ਵਿੱਚੋਂ ਅੱਠ ਕਰੋੜ ਰੁਪਏ ਦੀ ਨਗ਼ਦੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਰੀਬੀ ਰਿਸ਼ਤੇਦਾਰ ਦੇ ਟਿਕਾਣਿਆਂ ਤੋਂ ਮਿਲਣ ਦਾ ਦਾਅਵਾ ਕੀਤਾ ਗਿਆ ਹੈ। ਮੰਗਲਵਾਰ ਸਵੇਰ ਤੋਂ ਦਰਜਨਾਂ ਥਾਵਾਂ ’ਤੇ ਸ਼ੁਰੂ ਹੋਇਆ ਛਾਪੇਮਾਰੀ ਦਾ ਅਮਲ ਅੱਜ ਵੱਡੇ ਤੜਕੇ ਮੁੱਕਿਆ। ਏਜੰਸੀ ਨੇ ਛਾਪਿਆਂ ਦੌਰਾਨ ‘ਗੈਰਕਾਨੂੰਨੀ’ ਰੇਤ ਖਣਨ ਤੇ ਜਾਇਦਾਦ ਦੇ ਲੈਣ-ਦੇਣ ਨਾਲ ਜੁੜੇ ਵੱਡੀ ਗਿਣਤੀ ਦਸਤਾਵੇਜ਼, ਮੋਬਾਈਲ ਫੋਨ, 21 ਲੱਖ ਰੁਪਏ ਤੋਂ ਵੱਧ ਕੀਮਤ ਦਾ ਸੋਨਾ ਤੇ 12 ਲੱਖ ਰੁਪਏ ਦੀ ਰੋਲੈਕਸ ਘੜੀ ਕਬਜ਼ੇ ਵਿੱਚ ਲੲੇ ਹਨ।

ਸੂਤਰਾਂ ਨੇ ਕਿਹਾ ਕਿ ਛਾਪੇਮਾਰੀ ਦੌਰਾਨ ਈਡੀ ਨੇ ਕੁੱਲ ਮਿਲਾ ਕੇ 10 ਕਰੋੜ ਰੁਪਏ ਬਰਾਮਦ ਕੀਤੇ ਹਨ। ਮੁੱਖ ਮੰਤਰੀ ਚੰਨੀ ਦੇ ਕਰੀਬੀ ਰਿਸ਼ਤੇਦਾਰ ਭੁਪਿੰਦਰ ਸਿੰਘ ਉਰਫ਼ ਹਨੀ ਦੇ ਟਿਕਾਣਿਆਂ ਤੋਂ 8 ਕਰੋੜ ਰੁਪਏ ਦੀ ਨਗ਼ਦੀ ਮਿਲੀ ਹੈ ਜਦੋਂਕਿ ਬਾਕੀ ਬਚਦੇ 2 ਕਰੋੜ ਰੁਪਏ ਸੰਦੀਪ ਕੁਮਾਰ ਨਾਂ ਦੇ ਸ਼ਖ਼ਸ ਦੇ ਘਰੋਂ ਬਰਾਮਦ ਕੀਤੇ ਗਏ ਹਨ। ਸੂਤਰਾਂ ਨੇ ਕਿਹਾ ਕਿ ਸੰਘੀ ਜਾਂਚ ਏਜੰਸੀ ਜਲਦੀ ਹੀ ਸਬੰਧਤ ਵਿਅਕਤੀਆਂ ਨੂੰ ਸੰਮਨ ਜਾਰੀ ਕਰਕੇ ਤਫ਼ਸੀਲ ਵਿੱਚ ਪੁੱਛ-ਪੜਤਾਲ ਕਰੇਗੀ। ਉਨ੍ਹਾਂ ਕਿਹਾ ਕਿ ਛਾਪਿਆਂ ਦੌਰਾਨ ਵੀ ਮੁੱਢਲੀ ਪੁੱਛਗਿੱਛ ਕੀਤੀ ਗਈ ਹੈ।

ਈਡੀ ਨੇ ਇਕ ਬਿਆਨ ਵਿੱਚ ਕਿਹਾ ਕਿ ਜਿਨ੍ਹਾਂ ਵਿਅਕਤੀਆਂ/ਫ਼ਰਮਾਂ ਦੇ ਟਿਕਾਣਿਆਂ ’ਤੇ ਛਾਪੇ ਮਾਰੇ ਗਏ ਸਨ, ਉਨ੍ਹਾਂ ਵਿੱਚ ‘ਕੁਦਰਤਦੀਪ ਸਿੰਘ, ਦਿ ਪਿੰਜੌਰ ਰੌਇਲਟੀ ਕੰਪਨੀ ਤੇ ਉਸ ਦੇ ਭਾਈਵਾਲ ਤੇ ਸ਼ੇਅਰਧਾਰਕ, ਕੰਵਰਮਹੀਪ ਸਿੰਘ, ਮਨਪ੍ਰੀਤ ਸਿੰਘ, ਸੁਨੀਲ ਕੁਮਾਰ ਜੋਸ਼ੀ, ਜਗਵੀਰ ਇੰਦਰ ਸਿੰਘ, ਰਣਦੀਪ ਸਿੰਘ, ਪ੍ਰੋਵਾਈਡਰਜ਼ ਓਵਰਸੀਜ਼ ਕੰਸਲਟੈਂਟਸ ਪ੍ਰਾਈਵੇਟ ਲਿਮਿਟਡ, ਇਸ ਦੇ ਡਾਇਰੈਕਟਰ ਤੇ ਸ਼ੇਅਰਧਾਰਕ ਜਿਨ੍ਹਾਂ ਵਿੱਚ ਭੁਪਿੰਦਰ ਸਿੰਘ ਤੇ ਸੰਦੀਪ ਕੁਮਾਰ ਵੀ ਸ਼ਾਮਲ ਹਨ।’

ਦੱਸਣਾ ਬਣਦਾ ਹੈ ਕਿ ਸੰਘੀ ਜਾਂਚ ਏਜੰਸੀ ਨੇ ਕਾਲੇ ਧਨ ਨੂੰ ਸਫ਼ੇਦ ਬਣਾਉਣ ਤੋਂ ਰੋਕਣ ਵਾਲੇ ਐਕਟ ਪੀਐੱਮਐੱਲਏ ਦੀਆਂ ਵਿਵਸਥਾਵਾਂ ਤਹਿਤ ਲੰਘੇ ਦਿਨ ਚੰਡੀਗੜ੍ਹ, ਮੁਹਾਲੀ, ਲੁਧਿਆਣਾ ਤੇ ਪਠਾਨਕੋਟ ਸਮੇਤ ਦਰਜਨਾਂ ਟਿਕਾਣਿਆਂ ’ਤੇ ਇਕੋ ਵੇਲੇ ਛਾਪੇਮਾਰੀ ਕੀਤੀ ਸੀ। ਸੂਤਰਾਂ ਨੇ ਕਿਹਾ ਕਿ ਏਜੰਸੀ ਵੱਲੋਂ ਮੁੱਖ ਮੰਤਰੀ ਦੇ ਕਰੀਬੀ ਰਿਸ਼ਤੇਦਾਰ ਭੁਪਿੰਦਰ ਸਿੰਘ ਉਰਫ਼ ਹਨੀ ਦੇ ਅੱਗੇ ਕੁਦਰਤਦੀਪ ਸਿੰਘ ਨਾਂ ਦੇ ਵਿਅਕਤੀ ਨਾਲ ਸਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਕ ਹਨੀ ਤੇ ਸਿੰਘ ਇਕ ਫਰਮ ਵਿੱਚ ਭਾਈਵਾਲ ਹਨ। ਈਡੀ ਨੇ ਪਿਛਲੇ ਸਾਲ ਨਵੰਬਰ ਵਿੱਚ ਪੀਐੱਮਐੱਲਏ ਤਹਿਤ ਫੌਜਦਾਰੀ ਕੇਸ ਦਰਜ ਕੀਤਾ ਸੀ। ਈਡੀ ਵਿਚਲੇ ਸੂਤਰਾਂ ਨੇ ਕਿਹਾ ਕਿ ਮੁੱਢਲੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਗੈਰ-ਨੋਟੀਫਾਈ ਖੇਤਰਾਂ ਵਿੱਚੋਂ ਰੇਤਾਂ ਦਾ ਖਣਨ ਕੀਤਾ ਜਾ ਰਿਹਾ ਸੀ ਤੇ ‘ਰੇਤ ਮਾਫ਼ੀਆ’ ਨੇ ਗੈਰਕਾਨੂੰਨੀ ਤਰੀਕੇ ਨਾਲ ਕੀਤੀ ਇਸ ਕਮਾਈ ਨਾਲ ਨਿੱਜੀ ਤੇ ਬੇਨਾਮੀ ਅਸਾਸੇ ਖੜ੍ਹੇ ਕੀਤੇ ਸਨ।

ਸੂਤਰਾਂ ਨੇ ਕਿਹਾ ਕਿ ਪੁਲੀਸ ਐੱਫਆਈਆਰ ਤਾਂ ਜਾਂਚ ਦਾ ਅਮਲ ਸ਼ੁਰੂ ਕਰਨ ਲਈ ਸੀ ਤੇ ਇਕ ਵਾਰ ਈਡੀ ਪੀਐੱਮਐੱਲਏ ਤਹਿਤ ਕੇਸ ਆਪਣੇ ਹੱਥਾਂ ਵਿੱਚ ਲੈ ਲਏ, ਕਥਿਤ ਗੈਰਕਾਨੂੰਨੀ ਸਰਗਰਮੀਆਂ ਵਿੱਚ ਸ਼ਾਮਲ ਤੇ ਰੇਤ ਮਾਫ਼ੀਆ ਦੀ ‘ਢਾਲ’ ਬਣਨ ਵਾਲੇ ਸਾਰਿਆਂ ਦੀ ਭੂਮਿਕਾ ਦੀ ਪੜਤਾਲ ਕੀਤੀ ਜਾਵੇਗੀ। ਚੇਤੇ ਰਹੇ ਕਿ ਈਡੀ ਦਾ ਕੇਸ ਸਾਲ 2018 ਵਿੱਚ ਸ਼ਹੀਦ ਭਗਤ ਸਿੰਘ ਨਗਰ(ਨਵਾਂਸ਼ਹਿਰ) ਪੁਲੀਸ ਵੱਲੋਂ ਦਰਜ ਐੱਫਆਈਆਰ ’ਤੇ ਅਧਾਰਿਤ ਹੈ, ਜਿਸ ਵਿੱਚ ਆਈਪੀਸੀ ਤੇ ਮਾਈਨਜ਼ ਤੇ ਮਿਨਰਲਜ਼ (ਰੈਗੂਲੇਸ਼ਨ ਆਫ਼ ਡਿਵੈਲਪਮੈਂਟ) ਐਕਟ 1957 ਦੀਆਂ ਵੱਖ ਵੱਖ ਧਾਰਾਵਾਂ ਲਾਈਆਂ ਗਈਆਂ ਸਨ। ਐੱਫਆਈਆਰ ਮੁਤਾਬਕ ਮਲਿਕਪੁਰ ਤੋਂ ਇਲਾਵਾ ਬੁਰਜਟਹਿਲ ਦਾਸ, ਬਰਸਾਲ, ਲਾਲੇਵਾਲ, ਮੰਡਾਲਾ ਤੇ ਖੋਸਾ ਵਿੱਚ ਵੀ ਗੈਰਕਾਨੂੰਨੀ ਖਣਨ ਦਾ ਅਮਲ ਜਾਰੀ ਸੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleUK’s central bank under pressure as inflation reaches 30-yr high
Next articleਭਾਜਪਾ ਨੇ ਕਿਸਾਨਾਂ ਦਾ ਦੁੱਖ ਵਧਾਇਆ: ਸੁਰਜੇਵਾਲਾ