‘ਦਸਹਿਰਾ’ ਅਤੇ ‘ਦੁਸਹਿਰਾ’ ਸ਼ਬਦਾਂ ਵਿੱਚੋਂ ਕਿਹੜਾ ਸ਼ਬਦ ਸਹੀ ਹੈ ਅਤੇ ਕਿਉਂ?

ਜਸਵੀਰ ਸਿੰਘ ਪਾਬਲਾ 

ਜਸਵੀਰ ਸਿੰਘ ਪਾਬਲਾ 

(ਸਮਾਜ ਵੀਕਲੀ) ‘ਦਸਹਿਰਾ’ ਸ਼ਬਦ ਨੂੰ ਪੁਰਾਤਨ ਰਵਾਇਤ ਅਨੁਸਾਰ ‘ਦੁਸਹਿਰਾ’ ਦੇ ਤੌਰ ‘ਤੇ ਲਿਖਣ ਸੰਬੰਧੀ ਸ਼ਬਦ-ਜੋੜਾਂ ਵਿੱਚ ਹੁਣ ਤਬਦੀਲੀ ਆ ਚੁੱਕੀ ਹੈ ਤੇ ਬਦਲੇ ਹੋਏ ਸ਼ਬਦ-ਜੋੜਾਂ ਅਨੁਸਾਰ ਅੱਜ ਇਸ ਨੂੰ ‘ਦੁਸਹਿਰਾ’ ਨਹੀਂ ਸਗੋਂ ‘ਦਸਹਿਰਾ’ ਅਰਥਾਤ ‘ਦ’ ਅੱਖਰ ਨੂੰ ਮੁਕਤੇ ਦੇ ਤੌਰ ‘ਤੇ ਲਿਖਣ ਦੀ ਹਿਦਾਇਤ ਹੈ। ਇਸ ਦਾ ਕਾਰਨ ਇਹ ਹੈ ਕਿ ਇਹ ਸ਼ਬਦ ‘ਦਸ’ ਦੀ ਗਿਣਤੀ ਨਾਲ ਸੰਬੰਧਿਤ ਹੈ। ‘ਦੁਸ’ ਸ਼ਬਦ ਦੇ ਇੱਥੇ ਕੋਈ ਅਰਥ ਹੀ ਨਹੀਂ ਹਨ। ਇਸ ਦੀ ਥਾਂ ‘ਦਸ’ ਤੋਂ ਭਾਵ ਰਾਵਣ ਦੇ ਦਸ ਸਿਰ ਨਹੀਂ ਹਨ ਸਗੋਂ ਇਸ ਦੇ ਅਰਥ ‘ਦਸ ਦਿਨ’ ਹਨ ਅਰਥਾਤ ਦਸਹਿਰੇ ਸਮੇਤ ਉਹ ਦਸ ਦਿਨ ਜਿਨ੍ਹਾਂ ਵਿੱਚ ਕੁਝ ਵਿਸ਼ੇਸ਼ ਧਾਰਮਿਕ ਰਸਮਾਂ ਨਿਭਾਈਆਂ ਜਾਂਦੀਆਂ ਹਨ। ਉਹਨਾਂ ਦਿਨਾਂ ਉਪਰੰਤ ਆਏ ਇਸ ਦਿਨ ਨੂੰ ਹੀ ‘ਦਸਹਿਰਾ’ ਕਿਹਾ ਜਾਂਦਾ ਹੈ। ਇਸ ਪ੍ਰਕਾਰ ਇਹ ਸ਼ਬਦ ‘ਦਸ+ਅਹਿਰ’ ਸ਼ਬਦਾਂ ਤੋਂ ਬਣਿਆ ਹੋਇਆ ਹੈ ਜਿਸ ਵਿੱਚ ‘ਅਹਿਰ’ ਸ਼ਬਦ ਸੰਸਕ੍ਰਿਤ ਭਾਸ਼ਾ ਦਾ ਹੈ ਜਿਸ ਦੇ ਅਰਥ ਹਨ- ਦਿਨ। ਇਸੇ ਕਰਕੇ ਇਸ ਤਿਉਹਾਰ ਨੂੰ ‘ਵਿਜੇ-ਦਸਮੀ’ ਵੀ ਆਖਿਆ ਜਾਂਦਾ ਹੈ। ਸੰਸਕ੍ਰਿਤ ਮੂਲ ਦੇ ਇਸ ‘ਅਹਿਰ’ ਸ਼ਬਦ ਨਾਲ਼ ਹਿੰਦੀ/ਪੰਜਾਬੀ ਭਾਸ਼ਾਵਾਂ ਦੇ ਕਈ ਹੋਰ ਸ਼ਬਦ ਵੀ ਬਣੇ ਹੋਏ ਹਨ ਤੇ ਇਸ ਪ੍ਰਕਾਰ ਅਹਿਰ ਨਾਂ ਦਾ ਇਹ ਸ਼ਬਦ ਇਹਨਾਂ ਭਾਸ਼ਾਵਾਂ ਦੇ ਕਈ ਸ਼ਬਦਾਂ ਵਿੱਚ ਅੱਜ ਪੂਰੀ ਤਰ੍ਹਾਂ ਰਚ-ਮਿਚ ਗਿਆ ਹੈ। ਹਿੰਦੀ/ਪੰਜਾਬੀ ਭਾਸ਼ਾਵਾਂ ਦਾ ‘ਤਿਉਹਾਰ’ ਸ਼ਬਦ ਵੀ ‘ਅਹਿਰ’ ਸ਼ਬਦ ਨਾਲ਼ ਹੀ ਬਣਿਆ ਹੋਇਆ ਹੈ ਜਿਸ ਦੇ ਅਰਥ ਹਨ ਉਹ ਦਿਨ ਜੋ ਬੀਤੇ ਸਮੇਂ ਦੇ ਕਿਸੇ (ਵਿਸ਼ੇਸ਼) ਦਿਨ ਨੂੰ ਵਰਤਮਾਨ ਸਮੇਂ ‘ਤੇ ਆਏ ਉਸੇ ਦਿਨ ਨਾਲ਼ ਜੋੜੇ ਭਾਵ ਹਰ ਸਾਲ ਆਉਣ ਵਾਲ਼ਾ ਉਹੀ ਵਿਸ਼ੇਸ਼ ਦਿਨ। ਸੰਸਕ੍ਰਿਤ ਮੂਲ ਦਾ ਪਹਿਰ (ਪ+ਅਹਿਰ) ਸ਼ਬਦ ਵੀ ਅਹਿਰ ਸ਼ਬਦ ਨਾਲ਼ ਹੀ ਬਣਿਆ ਹੋਇਆ ਹੈ। ਪਹਿਰ (ਦਿਨ ਦੇ ਅੱਠ ਪਹਿਰਾਂ ਵਿੱਚੋਂ ਇੱਕ ਪਹਿਰ) ਸ਼ਬਦ ਵਿੱਚ ਪ ਧੁਨੀ ਦਾ ਅਰਥ ਹੈ- ਦੂਜਾ, ਦੂਜੇ, ਦੂਜਿਆਂ ਆਦਿ ਅਤੇ ਅਹਿਰ ਦਾ ਭਾਵ- ਦਿਨ। ਇਸ ਪ੍ਰਕਾਰ ਪਹਿਰ ਸ਼ਬਦ ਦੇ ਅਰਥ ਬਣੇ- ਦਿਨ ਦੇ ਦੂਜੇ ਅਰਥਾਤ ਸਾਰੇ ਪਹਿਰਾਂ ਵਿੱਚੋਂ ਕੋਈ ਇੱਕ ਪਹਿਰ। ਦੁਪਹਿਰ (ਦੋ+ਪਹਿਰ) ਸ਼ਬਦ ਵੀ ‘ਪਹਿਰ’ ਸ਼ਬਦ ਤੋਂ ਹੀ ਬਣਿਆ ਹੈ ਅਰਥਾਤ ਉਹ ਸਮਾਂ ਜਦੋਂ ਦਿਨ ਦੇ ਕੁੱਲ ਅੱਠਾਂ ਵਿੱਚੋਂ ਦੋ ਪਹਿਰ ਬੀਤ ਚੁੱਕੇ ਹੋਣ।
ਗੁਰਬਾਣੀ ਵਿੱਚ ਵਾਰ-ਵਾਰ ਵਰਤਿਆ ਗਿਆ ਸ਼ਬਦ ‘ਅਹਿਨਿਸ’ (ਦਿਨ-ਰਾਤ) ਵੀ ‘ਅਹਿਰ’ ਸ਼ਬਦ ਤੋਂ ਹੀ ਬਣਿਆ ਹੋਇਆ ਹੈ। ਇਸ ਵਿੱਚ ‘ਅਹਿਰ’ ਦੇ ਅਰਥ- ਦਿਨ ਅਤੇ ਨਿਸ (ਨਿਸ਼ਾ) ਦੇ ਅਰਥ- ਰਾਤ ਹਨ। ਇੱਥੋਂ ਤੱਕ ਕਿ ‘ਸਪਤਾਹ’ (ਸੱਤ ਦਿਨ) ਸ਼ਬਦ ਵਿੱਚ ਵੀ ‘ਅਹਿਰ’ ਸ਼ਬਦ ਹੀ ਆਪਣਾ ਜਲਵਾ ਦਿਖਾ ਰਿਹਾ ਹੈ। ਇਸ ਵਿੱਚ ‘ਅਹਿਰ’ ਸ਼ਬਦ ਦਾ ‘ਅ’ ਅੰਤਲੇ ਅੱਖਰ ‘ਹ’ ਤੋਂ ਪਹਿਲਾਂ ਲੱਗੇ ਕੰਨੇ ਵਿੱਚ ਬਦਲ ਗਿਆ ਹੈ (ਸਪਤ+ਆਹ/ਅਹਿਰ) ਅਤੇ ਅਹਿਰ ਸ਼ਬਦ ਵਿਚਲਾ ‘ਰ’ ਅੱਖਰ ਸਮੇਂ ਦੇ ਨਾਲ਼ ਲੋਕ-ਉਚਾਰਨ ਨੇ ਖ਼ਤਮ ਕਰ ਦਿੱਤਾ ਹੈ। ਸੋ, ਸਾਨੂੰ ‘ਦਹਿਸਰ’ ਅਤੇ ‘ਦਸਹਿਰਾ’ ਸ਼ਬਦਾਂ ਦੇ ਅਰਥਾਂ ਨੂੰ ਰਲ਼ਗੱਡ ਨਹੀਂ ਕਰਨਾ ਚਾਹੀਦਾ ਅਤੇ ਇਹਨਾਂ ਦੇ ਵੱਖੋ-ਵੱਖਰੇ ਅਰਥਾਂ ਨੂੰ ਸਮਝਣਾ ਚਾਹੀਦਾ ਹੈ। ਹਿੰਦੀ/ਸੰਸਕ੍ਰਿਤ ਭਾਸ਼ਾਵਾਂ  ਵਿੱਚ ਵੀ ਦਸਹਿਰਾ ਸ਼ਬਦ ਨੂੰ ‘ਦਸ਼ਹਿਰਾ’ (दशहरा= ਦਸ਼ਮ+ ਅਹਿਰ+ਆ) ਅਰਥਾਤ ਬਿਨਾਂ ਔਂਕੜ ਤੋਂ ਹੀ ਲਿਖਿਆ ਜਾਂਦਾ ਹੈ ਪਰ ਅਸੀਂ ਪੰਜਾਬੀ ਅੱਜ ਤੱਕ ਪਤਾ ਨਹੀਂ ਕਿਉਂ ‘ਦਸਹਿਰੇ’ ਨੂੰ ਹਮੇਸ਼ਾਂ ‘ਔਂਕੜ’ ਪਾ ਕੇ ਹੀ ਲਿਖਦੇ ਆ ਰਹੇ ਹਾਂ? ਹਾਂ, ਚੰਡੀਗੜ੍ਹ ਤੋਂ ਛਪਦੇ ਪੰਜਾਬੀ ਦੇ ਇੱਕ ਪ੍ਰਮੁੱਖ ਅਖ਼ਬਾਰ ਨੇ ਜ਼ਰੂਰ ਪਿਛਲੇ ਕੁਝ ਸਾਲਾਂ ਤੋਂ ਇਸ ਦੇ ਸ਼ਬਦ-ਜੋੜ ਸਹੀ ਢੰਗ ਨਾਲ਼ (‘ਦਸਹਿਰਾ’  ਦੇ ਤੌਰ ‘ਤੇ) ਲਿਖਣੇ ਸ਼ੁਰੂ ਕਰ ਦਿੱਤੇ ਹਨ। ਮੀਡੀਆ ਦੇ ਬਾਕੀ ਹਿੱਸੇ ਨੂੰ ਵੀ ਇਸ ਪਾਸੇ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ।

ਪੰਜਾਬੀ ਸ਼ਬਦਾਂ ਦੇ ਅੰਤ ਵਿੱਚ ਊੜੇ (ੳ) ਅੱਖਰ ਦੀ ਸਥਿਤੀ:
ਪੰਜਾਬੀ ਸ਼ਬਦ-ਜੋੜਾਂ ਸੰਬੰਧੀ ਇੱਕ ਨਿਯਮ ਇਹ ਹੈ ਕਿ ਪੰਜਾਬੀ ਸ਼ਬਦਾਂ ਦੇ ਅੰਤ ਵਿੱਚ ਜੇਕਰ ‘ੳ’ ਅੱਖਰ ਆਉਂਦਾ ਹੈ ਤਾਂ ਕੇਵਲ ਚਾਰ ਸ਼ਬਦਾਂ: ਇਉਂ , ਕਿਉਂ, ਜਿਉਂ, ਤਿਉਂ ਨੂੰ ਛੱਡ ਕੇ,  ਬਾਕੀ ਸਾਰੇ ਸ਼ਬਦਾਂ ਵਿੱਚ ਊੜੇ ਦਾ ਮੂੰਹ ਖੁੱਲ੍ਹਾ ਹੀ ਰੱਖਣਾ ਹੈ, ਊੜੇ ਦੀ ਅਵਾਜ਼ ਭਾਵੇਂ ਔਂਕੜ ਦੀ ਹੋਵੇ ਤੇ ਭਾਵੇਂ ਹੋੜੇ ਦੀ; ਜਿਵੇਂ: ਘਿਓ, ਪਿਓ, ਲਓ, ਦਿਓ, ਆਓ, ਜਾਓ, ਖਾਓ, ਪੀਓ, ਨ੍ਹਾਓ, ਭਿਓਂ, ਜਗਾਓ, ਲਿਆਓ, ਸਮਝਾਓ, ਬੁਝਾਓ, ਸਮਾਓਂ, ਜਗਰਾਓਂ, ਲੁਧਿਆਣਿਓਂ, ਖੰਨਿਓਂ, ਦਿਲੀਓਂ, ਅੰਬਾਲ਼ਿਓਂ, ਹਰਿਆਣਿਓਂ ਆਦਿ। ਉਪਰੋਕਤ ਚਾਰ ਸ਼ਬਦਾਂ (ਇਉਂ, ਜਿਉਂ, ਕਿਉਂ, ਤਿਉਂ) ਨੂੰ ਵੀ ਔਂਕੜ ਪਾਉਣ ਦੀ ਖੁੱਲ੍ਹ ਇਸ ਕਾਰਨ ਹੈ ਕਿ ਵਿਦਵਾਨਾਂ ਦੁਆਰਾ ਇਹਨਾਂ ਸ਼ਬਦਾਂ ਨੂੰ ਇਸੇ ਢੰਗ ਨਾਲ਼ ਹੀ ਸਥਾਪਿਤ ਹੋੇਏ ਮੰਨ ਲਿਆ ਗਿਆ ਹੈ। ਹਾਂ, ਜੇਕਰ ਅੰਤ ਵਿੱਚ ਊੜੇ ਨੂੰ ਦੁਲੈਂਕੜ ਲੱਗਦਾ ਹੈ ਤਾਂ ਇਸ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ, ਜਿਵੇਂ: ਸਾਊ, ਭਾਊ, ਗਊ, ਕਮਾਊ ਆਦਿ) ਇਸ ਤੋਂ ਬਿਨਾਂ ਜੇਕਰ ਊੜਾ ਅੱਖਰ ਕਿਸੇ ਸ਼ਬਦ ਦੇ ਵਿਚਕਾਰ ਆਉਂਦਾ ਹੋਵੇ ਤਾਂ ਉੱਥੇ ਜੇਕਰ ਉਸ ਦੀ ਅਵਾਜ਼ ਹੋੜੇ ਦੀ ਆਉਂਦੀ ਹੋਵੇ ਤਾਂ ਊੜੇ ਦਾ ਮੂੰਹ ਖੁੱਲ੍ਹਾ ਰੱਖਣਾ ਹੈ ਤੇ ਜੇ ਉਸ ਦੀ ਅਵਾਜ਼ ਔਂਕੜ ਜਾਂ ਦੁਲੈਂਕੜ ਵਾਲ਼ੀ ਹੋਵੇ ਤਾਂ ਉੱਥੇ ਔਂਕੜ ਜਾਂ ਦੁਲੈਂਕੜ ਹੀ ਪੈਣਗੇ, ਜਿਵੇਂ: ਹੋੜੇ ਦੀ ਅਵਾਜ਼:- ਸਿਓੰਂਕ (ਦੀਰਘ ਮਾਤਰਾ ਹੋੜੇ ਦੀ ਅਵਾਜ਼ ਆਉਣ ਕਾਰਨ ਊੜੇ ਦਾ ਮੂੰਹ ਖੁੱਲ੍ਹਾ ਰਹੇਗਾ ਤੇ ਨਾਲ਼ ਬਿੰਦੀ ਪਵੇਗੀ), ਕਿਓਂਟਣਾ (ਸਮੇਟਣਾ), ਭਿਓਂਣਾ, ਰਿਓੜੀ, ਨਿਓਲ਼ਾ, ਦਿਓਰ, ਲਿਓਟੀ (ਮੱਝ/ਗਾਂ ਆਦਿ ਦਾ ਲੇਵਾ), ਲਿਓੜ (ਲੇਅ/ਪਰਤ), ਤਿਓੜ (ਦਹੀਂ/ਲੱਸੀ ਆਦਿ ਤੋਂ ਬਣਿਆ ਇੱਕ ਪਦਾਰਥ), ਤਿਓਰ (ਤਿੰਨ ਕਾਪੜੀ), ਪਿਓਂਦ, ਨਿਓਂਦਰਾ, ਵਿਓਂਤ ਆਦਿ। ਔਂਕੜ ਦੀ ਅਵਾਜ਼:- ਆਉਣਾ, ਨ੍ਹਾਉਣਾ, ਛੁਪਾਉਣਾ, ਹਉਂਮੈਂ (ਹਉਂ+ਮੈਂ), ਤਿਉਹਾਰ (ਲਘੂ ਮਾਤਰਾ ਔਂਕੜ ਦੀ ਅਵਾਜ਼ ਹੈ), ਸਮਾਉਣਾ, ਕਮਾਉਣਾ ਆਦਿ। ਦੁਲੈਂਕੜ ਦੀ ਅਵਾਜ਼:-  ਤਿਊੜੀ, ਸਿਊਂਣਾ, ਜਿਊੰਦਾ (ਜਿਊਂ ਤੋਂ ਬਣਿਆ) ਆਦਿ। ਕੁਝ ਲੋਕ ‘ਤਿਉਹਾਰ’ ਆਦਿ ਔਂਕੜ ਦੀ ਅਵਾਜ਼ ਵਾਲ਼ੇ ਸ਼ਬਦਾਂ ਨੂੰ ਵੀ ਊੜੇ ਦਾ ਮੂੰਹ ਖੁੱਲ੍ਹਾ ਰੱਖ ਕੇ (ਤਿਓਹਾਰ) ਹੀ ਲਿਖ ਦਿੰਦੇ ਹਨ, ਕੁਝ ਜਿਊਂਦਾ ਜਾਂ ਜਿਊਂਣਾ ਆਦਿ ਦੁਲੈਂਕੜ ਲੱਗਣ ਵਾਲ਼ੇ ਸ਼ਬਦਾਂ ਨੂੰ ਵੀ ਔਂਕੜ ਪਾ ਕੇ (ਜਿਉਂਦਾ/ਜਿਉਂਣਾ) ਹੀ ਲਿਖਦੇ ਹਨ ਅਤੇ ਕੁਝ ‘ਓਹਲੇ’ ਅਰਥਾਤ ਊੜੇ ਨੂੰ ਹੋੜੇ ਦੀ ਅਵਾਜ਼ ਵਾਲ਼ੇ ਸ਼ਬਦਾਂ ਨੂੰ ਵੀ ਔਂਕੜ ਪਾ ਕੇ (ਉਹਲੇ) ਆਦਿ ਲਿਖ ਦਿੰਦੇ ਹਨ ਜੋਕਿ ਸਹੀ ਨਹੀਂ ਹੈ।

 ਜਸਵੀਰ ਸਿੰਘ ਪਾਬਲਾ 

 ਸੰਪਰਕ ਨੰਬਰ-+91 98884 03052

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਕਿਯੂ ਡਕੌਂਦਾ ਨੇ ਸ਼ਹੀਦ ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ ਦੀ 14 ਵੀ ਬਰਸੀ ਜੋਸ਼ੋ ਖਰੋਸ਼ ਨਾਲ ਮਨਾਈ।
Next articleਕੀ ਹੋ ਗਿਆ…..