ਸ਼ਰਾਰਤੀ ਅਨਸਰਾਂ ਵੱਲੋਂ ਲਗਾਈ ਨਾੜ ਨੂੰ ਅੱਗ ਕਾਰਣ ਪਿੰਡ ਮਿਆਨੀ ਮਲਾਹ ਚ ਕਿਸਾਨਾਂ ਵੱਲੋਂ ਸਟਾਕ ਕੀਤੀ ਤੁੜੀ ਨੂੰ ਲੱਗੀ ਭਿਆਨਕ ਅੱਗ

ਦੋ ਕਿਸਾਨਾਂ ਵੱਲੋਂ ਮੁੱਲ ਨਾੜ ਖਰੀਦਕੇ ਕਰੀਬ 180 ਟਰਾਲੀਆਂ ਕੀਤੀਆਂ ਗਈਆਂ ਸੀ ਸਟਾਕ

ਖੇਤਾਂ ਚ ਨਾੜ ਨੂੰ ਅੱਗ ਲਗਾਉਣ ਵਾਲਿਆਂ ਖ਼ਿਲਾਫ ਸਖ਼ਤ ਕਾਰਵਾਈ ਕਰਨ ਦੀ ਕੀਤੀ ਅਪੀਲ

ਕਪੂਰਥਲਾ (ਸਮਾਜ ਵੀਕਲੀ) ( ਕੌੜਾ )- ਹਲਕਾ ਸੁਲਤਾਨਪੁਰ ਲੋਧੀ ਦੇ ਅਧੀਨ ਪੈਂਦੇ ਪਿੰਡ ਮਿਆਣੀ ਮਲਾਹ ਚ ਦੋ ਕਿਸਾਨਾਂ ਵੱਲੋਂ ਸਟਾਕ ਕੀਤੀ ਗਈ ਲੱਖਾਂ ਰੁਪਏ ਦੀ ਤੁੜੀ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ। ਜਿਸ ਕਾਰਣ ਖੇਤ ਵਿੱਚ ਸਟਾਕ ਕੀਤੀਆਂ ਲਗਭਗ 180 ਟਰਾਲੀਆਂ ਤੂੜੀ ਸੜ ਕੇ ਸਵਾਹ ਹੋ ਗਈਆਂ। ਜਿਸ ਨਾਲ ਕਿਸਾਨਾਂ ਦਾ ਵੱਡਾ ਆਰਥਿਕ ਨੁਕਸਾਨ ਹੋਇਆ ਹੈ। ਇੰਦਰਜੀਤ ਸਿੰਘ ਪੁੱਤਰ ਵਰਿਆਮ ਸਿੰਘ ਵਾਸੀ ਪਿੰਡ ਧੂੰਦਾ ਤਹਿਸੀਲ ਖੱਡੂਰ ਸਾਹਿਬ ਅਤੇ ਅਮਰ ਸਿੰਘ ਮੰਡ ਪੁੱਤਰ ਸੁਖਦੇਵ ਸਿੰਘ ਪਿੰਡ ਮਹੀਂਵਾਲ, ਤਹਿਸੀਲ ਸੁਲਤਾਨਪੁਰ ਲੋਧੀ, ਜਿਲ੍ਹਾ ਕਪੂਰਥਲਾ ਦੋਹਾਂ ਕਿਸਾਨਾਂ ਵੱਲੋਂ ਠੇਕੇ ਤੇ ਲਈ ਜ਼ਮੀਨ ਅਤੇ ਕੁਝ ਨਾੜ ਖਰੀਦਕੇ ਉਸਦੀ ਤੂੜੀ ਬਣਾਈ ਗਈ ਸੀ।ਜਿਸ ਨੂੰ ਖੇਤ ਵਿਚ ਹੀ ਇਕੱਠਾ ਕੀਤਾ ਗਿਆ ਸੀ। ਪਰੰਤੂ ਹੋਰਾਂ ਕਿਸਾਨਾਂ ਵੱਲੋਂ ਆਪੋ ਆਪਣੇ ਖੇਤਾਂ ਵਿੱਚ ਨਾੜ ਨੂੰ ਅੱਗ ਲਗਾਉਣ ਦੇ ਚਲਦਿਆਂ ਉਸ ਅੱਗ ਦੀਆਂ ਲਪਟਾਂ ਵਿੱਚ ਉਕਤ ਤੂੜੀ ਦੇ ਭੰਡਾਰ ਤੱਕ ਪਹੁੰਚੀਆਂ, ਅਤੇ ਵੇਖਦਿਆਂ ਹੀ ਵੇਖਦਿਆਂ ਇਸ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ।

ਹਾਲਾਂਕਿ ਅੱਗ ਨੂੰ ਬੁਝਾਉਣ ਦੇ ਲਈ ਕਿਸਾਨਾਂ ਵੱਲੋਂ ਕੜੀ ਮਸ਼ੱਕਤ ਕੀਤੀ ਗਈ ਪਰੰਤੂ ਉਹ ਪੂਰੀ ਤਰ੍ਹਾਂ ਦੇ ਨਾਲ ਅਸਫਲ ਰਹੇ। ਹਰਦੀਪ ਸਿੰਘ ਨੇ ਭਰੇ ਮਨ ਦੱਸਿਆ ਕਿ ਇਹ ਅੱਗ ਕਿਸੇ ਸ਼ਰਾਰਤੀ ਅਨਸਰਾਂ ਦੁਆਰਾ ਲਗਾਈ ਗਈ ਹੈ। ਇੰਦਰਜੀਤ ਸਿੰਘ ਦੀਆਂ 150 ਟਰਾਲੀਆ ਅਤੇ ਅਮਰ ਸਿੰਘ ਮੰਡ ਦੀਆਂ 30 ਟਰਾਲੀਆਂ ਤੂੜੀ ਦੀਆਂ ਸੜ ਕੇ ਸਵਾਹ ਹੋ ਗਈਆਂ ਹਨ। ਜਿਸ ਨਾਲ ਸਾਡਾ ਵੱਡਾ ਆਰਥਿਕ ਨੁਕਸਾਨ ਹੋਇਆ ਹੈ। ਉਹਨਾਂ ਕਿਹਾ ਕਿ ਅਸੀਂ ਇਹ ਤੂੜੀ ਸਟੋਰ ਕੀਤੀ ਤਾਂ ਕਿ ਚੰਗੇ ਰੇਟ ਤੇ ਇਸ ਨੂੰ ਵੇਚ ਕੇ ਠੇਕੇ ਤੇ ਲਈ ਜ਼ਮੀਨ ਦਾ ਠੇਕਾ ਕੱਢਿਆ ਜਾ ਸਕੇ। ਪਰ ਸ਼ਰਾਰਤੀ ਅਨਸਰਾਂ ਵੱਲੋਂ ਕੀਤੇ ਇਸ ਨੁਕਸਾਨ ਨਾਲ ਸਭ ਕੁਝ ਤਬਾਹ ਹੋ ਗਿਆ। ਕਿਸਾਨ ਇੰਦਰਜੀਤ ਸਿੰਘ ਨੇ ਕਿਹਾ ਕਿ ਇਸ ਨਾਲ 5 ਤੋਂ 6 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਜਿਸ ਦੀ ਭਰਪਾਈ ਕਰ ਪਾਉਣਾ ਉਨ੍ਹਾਂ ਲਈ ਬਹੁਤ ਵੱਡੀ ਚੁਨੌਤੀ ਹੈ।

ਲਿਹਾਜ਼ਾ ਉਨ੍ਹਾਂ ਨਾੜ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਅਤੇ ਇਸ ਮੁਸ਼ਕਲ ਘੜੀ ਵਿੱਚ ਪ੍ਰਸ਼ਾਸਨ ਅਤੇ ਸਰਕਾਰ ਪਾਸੋਂ ਮਦਦ ਦੀ ਗੁਹਾਰ ਲਗਾਈ ਹੈ। ਜ਼ਿਕਰਯੋਗ ਹੈ ਕਿ ਅੱਗ ਲੱਗਣ ਕਾਰਨ ਸਰਕਾਰ ਦੀਆਂ ਹਦਾਇਤਾਂ ਨੂੰ ਛਿੱਕੇ ਟੰਗ ਕੇ ਨਾੜ ਨੂੰ ਅੱਗ ਲਗਾਉਣ ਵਾਲਿਆਂ ਨੇ ਇਨ੍ਹਾਂ ਕਿਸਾਨਾਂ ਦਾ ਵੱਡਾ ਆਰਥਿਕ ਨੁਕਸਾਨ ਕਰ ਦਿੱਤਾ ਹੈ।ਇਸ ਮੌਕੇ ਕਿਸਾਨ ਮਨਜੀਤ ਸਿੰਘ ਮੰਨਾ, ਹਰਦੀਪ ਸਿੰਘ, ਜਰਨੈਲ ਸਿੰਘ, ਹਰਜਿੰਦਰ ਸਿੰਘ ਕਿਸਾਨ ਵੀ ਮੌਜੂਦ ਸਨ।

 

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੀ ਬੀ ਐੱਸ ਈ ਨਤੀਜਿਆਂ ‘ਚ ਹੋੋਣਹਾਰ ਵਿਦਿਆਰਥੀਆਂ ਵਿਦਿਅਕ ਸੰਸਥਾਵਾਂ ਦੀ ਸ਼ਾਨ ਵਧਾਈ – ਰੂਹੀ
Next articleਭੱਠੇ ਵਾਲੇ