ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਸਿਵਲ ਸਰਜਨ ਹੁਸ਼ਿਆਰਪੁਰ ਡਾਕਟਰ ਪਵਨ ਕੁਮਾਰ ਸ਼ਗੋਤਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡਾਕਟਰ ਜਗਦੀਪ ਸਿੰਘ ਜ਼ਿਲ੍ਹਾ ਐਪੀਡੀਮੋਲੋਜਿਸਟ ਅਤੇ ਡਾਕਟਰ ਐਸ.ਪੀ.ਸਿੰਘ ਐਸ.ਐਮ.ਓ ਪੀ.ਐਚ.ਸੀ ਮੰਡ ਭੰਡੇਰ ਦੇ ਮਾਰਗਦਰਸ਼ਨ ਹੇਠ ਅਤੇ ਹੈਲਥ ਇੰਸਪੈਕਟਰ ਵਿਜੇ ਕੁਮਾਰ ਦੀ ਹਾਜ਼ਰੀ ਵਿੱਚ ਪਿੰਡ ਮੱਕੋਵਾਲ ਵਿਖੇ “ਡਰਾਈ ਡੇ ਫਰਾਈ ਡੇ” ਤਹਿਤ ਡੇਂਗੂ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਸਮੇਂ ਸਿਹਤ ਕਰਮਚਾਰੀ ਰਾਜੀਵ ਰੋਮੀ ਨੇ ਲੋਕਾਂ ਨੂੰ ਡੇਂਗੂ ਮੱਛਰ ਪੈਦਾ ਹੋਣ ਦੇ ਕਾਰਨਾਂ ਅਤੇ ਬਚਾਓ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਡੇਂਗੂ ਤੋਂ ਬਚਣ ਲਈ ਸਾਨੂੰ ਜਾਗਰੂਕ ਹੋਣ ਦੀ ਲੋੜ ਹੈ। ਡੇਂਗੂ ਹੋਣ ਤੇ ਤੇਜ਼ ਬੁਖਾਰ, ਮਾਸਪੇਸ਼ੀਆਂ ਅਤੇ ਜੋੜਾਂ ਅਤੇ ਹੱਡੀਆਂ ਵਿੱਚ ਦਰਦ, ਅੱਖਾਂ ਦੇ ਪਿੱਛੇ ਖਿੱਚ ਤੇ ਦਰਦ ਅਤੇ ਉਲਟੀਆਂ ਵਰਗੇ ਲੱਛਣ ਨਜ਼ਰ ਆਉਂਦੇ ਹਨ। ਅਜਿਹੀ ਸੂਰਤ ਵਿੱਚ ਵਿਅਕਤੀ ਨੂੰ ਜਲਦੀ ਤੋਂ ਜਲਦੀ ਨਜ਼ਦੀਕੀ ਸਰਕਾਰੀ ਹਸਪਤਾਲ ਨਾਲ ਸੰਪਰਕ ਕੀਤਾ ਜਾਣਾ ਚਾਹੀਦਾ ਹੈ। ਡੇਂਗੂ ਦੇ ਸਾਰੇ ਟੈਸਟ ਤੇ ਇਲਾਜ ਫਰੀ ਕੀਤੇ ਜਾਂਦੇ ਹਨ। ਡੇਂਗੂ ਦਾ ਮੱਛਰ ਪੈਦਾ ਹੀ ਨਾ ਹੋਵੇ ਇਸ ਲਈ ਇਸ ਦੇ ਸਰੋਤ ਨੂੰ ਹੀ ਖ਼ਤਮ ਕੀਤਾ ਜਾਣਾ ਜਰੂਰੀ ਹੈ। ਇਹ ਮੱਛਰ ਸਾਫ਼ ਠਹਿਰੇ ਪਾਣੀ ਵਿੱਚ ਪੈਦਾ ਹੁੰਦਾ ਹੈ, ਅਤੇ ਕਿਸੇ ਛੋਟੇ ਤੋਂ ਛੋਟੇ ਖੜ੍ਹੇ ਪਾਣੀ ਦੇ ਸੋਮੇ ਵਿੱਚ ਵੀ ਅੰਡੇ ਦੇ ਦਿੰਦਾ ਹੈ। ਇਸ ਲਈ “ਹਰ ਸ਼ੁਕਰਵਾਰ ਡੇਂਗੂ ਤੇ ਵਾਰ” ਵਜੋਂ ਮਨਾਇਆ ਜਾਂਦਾ ਹੈ। ਡੇਂਗੂ ਵਾਲਾ ਮੱਛਰ ਕੂਲਰ, ਗਮਲੇ, ਛੱਤਾਂ ਤੇ ਪਿਆ ਸਮਾਨ, ਫਰਿਜ਼ ਦੀ ਬੈਕ ਟਰੇ ਅਤੇ ਪੰਛੀਆਂ ਦੇ ਪਾਣੀ ਦੇ ਬਰਤਨ ਆਦਿ ਵਿੱਚ ਜਮਾ ਪਾਣੀ ਵਿੱਚ ਪੈਦਾ ਹੁੰਦਾ ਹੈ। ਇੱਕ ਹਫਤੇ ਵਿੱਚ ਉਹ ਪੂਰਾ ਮੱਛਰ ਬਣ ਜਾਂਦਾ ਹੈ, ਇਸ ਲਈ ਹਰ ਸ਼ੁਕਰਵਾਰ ਘਰ ਵਿੱਚ ਪਾਣੀ ਵਾਲੇ ਸਰੋਤਾਂ ਨੂੰ ਪੂਰੀ ਤਰ੍ਹਾਂ ਡਰਾਈ ਰੱਖਿਆ ਜਾਣਾ ਚਾਹੀਦਾ ਹੈ, ਤਾਂ ਜੋ ਮੱਛਰ ਦੇ ਲਾਰਵੇ ਨੂੰ ਖ਼ਤਮ ਕੀਤਾ ਜਾ ਸਕੇ। ਇਹ ਮੱਛਰ ਸਵੇਰ ਅਤੇ ਸ਼ਾਮ ਨੂੰ ਕੱਟਦਾ ਹੈ। ਮੱਛਰ ਦੇ ਕੱਟਣ ਤੋਂ ਬਚਾਅ ਲਈ ਪੂਰੀਆਂ ਬਾਹਾਂ ਦੇ ਕੱਪੜੇ ਪਹਿਨਣੇ ਚਾਹੀਦੇ ਹਨ। ਸੌਣ ਵੇਲੇ ਮੱਛਰਦਾਨੀ, ਮੱਛਰਾਂ ਦੇ ਕੱਟਣ ਤੋਂ ਬਚਾਅ ਕਰਨ ਵਾਲੀਆਂ ਕਰੀਮਾਂ ਤੇ ਤੇਲ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ। ਘਰਾਂ ਦੇ ਆਲੇ ਦੁਆਲੇ ਟੋਇਆਂ ਨੂੰ ਮਿੱਟੀ ਨਾਲ ਭਰ ਦੇਣਾ ਚਾਹੀਦਾ ਹੈ, ਤਾਂ ਕਿ ਬਰਸਾਤ ਦੇ ਦਿਨਾਂ ਵਿੱਚ ਪਾਣੀ ਇਕੱਠਾ ਨਾ ਹੋ ਸਕੇ, ਘਰਾਂ ਦੇ ਆਲ਼ੇ-ਦੁਆਲ਼ੇ ਸਫ਼ਾਈ ਰੱਖਣੀ ਚਾਹੀਦੀ ਹੈ। ਇਸ ਸਮੇਂ ਹੈਲਥ ਇੰਸਪੈਕਟਰ ਵਿਜੇ ਕੁਮਾਰ, ਸਿਹਤ ਕਰਮਚਾਰੀ ਰਾਜੀਵ ਰੋਮੀ, ਆਨੰਦ ਸਰੂਪ, ਅਜੀਤ ਸਿੰਘ, ਦਿਲਬਾਗ ਸਿੰਘ, ਕੁਲਦੀਪ ਸਿੰਘ, ਪੂਰਨ ਸਿੰਘ, ਗੁਰਚਰਨ ਸਿੰਘ, ਬਿਮਲਾ ਦੇਵੀ ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly