ਚੰਡੀਗੜ੍ਹ (ਸਮਾਜ ਵੀਕਲੀ): ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਚੱਲ ਰਹੇ ਨਸ਼ਾ ਤਸਕਰੀ ਦੇ ਕੇਸ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਸਿਟ) ਦਾ ਅੱਜ ਪੁਨਰਗਠਨ ਕੀਤਾ ਹੈ। ਮੁੱਖ ਮੰਤਰੀ ਵੱਲੋਂ ਪੁਲੀਸ ਵਿਭਾਗ ਬਾਰੇ ਇਹ ਪਹਿਲਾ ਹੁਕਮ ਹੈ ਜਿਸ ਤਹਿਤ ਉਨ੍ਹਾਂ ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਨੂੰ ਬਦਲਣ ਤੋਂ ਇਲਾਵਾ ਨਵੇਂ ਮੈਂਬਰ ਵੀ ਸਿਟ ਵਿਚ ਸ਼ਾਮਲ ਕੀਤੇ ਹਨ। ਜਾਣਕਾਰੀ ਅਨੁਸਾਰ ਵਿਸ਼ੇਸ਼ ਜਾਂਚ ਟੀਮ ਦੀ ਅਗਵਾਈ ਹੁਣ ਏਆਈਜੀ ਗੁਰਸ਼ਰਨ ਸਿੰਘ ਸੰਧੂ ਕਰਨਗੇ ਜਦੋਂ ਕਿ ਪਹਿਲਾਂ ਇਸ ਦੀ ਕਮਾਨ ਏਆਈਜੀ ਬਲਰਾਜ ਸਿੰਘ ਕਰ ਰਹੇ ਸਨ। ਨਵੀਂ ਟੀਮ ਵਿਚ ਡੀਐੱਸਪੀ ਰੈਂਕ ਦੇ ਦੋ ਅਧਿਕਾਰੀਆਂ ਤੋਂ ਇਲਾਵਾ ਏਆਈਜੀ ਰਾਹੁਲ ਐੱਸ ਅਤੇ ਰਣਜੀਤ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ।
ਚੇਤੇ ਰਹੇ ਕਿ ਪੁਰਾਣੀ ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਬਲਰਾਜ ਸਿੰਘ ਪੁਲੀਸ ਵਿਭਾਗ ਵਿਚ ਆਪਣੇ ਬੇਟੇ ਦੀ ਬਿਨਾਂ ਵਾਰੀ ਤੋਂ ਤਰੱਕੀ ਨੂੰ ਲੈ ਕੇ ਵਿਵਾਦਾਂ ਵਿਚ ਘਿਰ ਗਏ ਸਨ। ਚੰਨੀ ਸਰਕਾਰ ਵੇਲੇ ਏਆਈਜੀ ਬਲਰਾਜ ਸਿੰਘ ਦੀ ਅਗਵਾਈ ਹੇਠ ਤਿੰਨ ਮੈਂਬਰੀ ਟੀਮ ਬਣਾਈ ਗਈ ਸੀ ਅਤੇ ਸਿਟ ਦਾ ਗਠਨ ਪਿਛਲੇ ਸਾਲ 20 ਦਸੰਬਰ ਨੂੰ ਐੱਨਡੀਪੀਐੱਸ ਐਕਟ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਦਰਜ ਪੁਲੀਸ ਕੇਸ ਦੇ ਆਧਾਰ ’ਤੇ ਮਜੀਠੀਆ ਵਿਰੁੱਧ ਲੱਗੇ ਦੋਸ਼ਾਂ ਦੀ ਜਾਂਚ ਲਈ ਕੀਤਾ ਗਿਆ ਸੀ। ਇਹ ਪੁਲੀਸ ਕੇਸ ਐੱਸਟੀਐੱਫ ਦੇ ਮੁਖੀ ਏਡੀਜੀਪੀ ਹਰਪ੍ਰੀਤ ਸਿੰਘ ਸਿੱਧੂ ਦੀ ਜਾਂਚ ਰਿਪੋਰਟ ’ਤੇ ਆਧਾਰਿਤ ਸੀ। ਸੂਤਰਾਂ ਮੁਤਾਬਕ ਏਡੀਜੀਪੀ ਹਰਪ੍ਰੀਤ ਸਿੰਘ ਸਿੱਧੂ ਪੁਰਾਣੀ ਜਾਂਚ ਟੀਮ ਦੀ ਪ੍ਰਗਤੀ ਤੋਂ ਨਾਖ਼ੁਸ਼ ਸਨ ਅਤੇ ਉਨ੍ਹਾਂ ਇਸ ਬਾਰੇ ਉੱਚ ਅਧਿਕਾਰੀਆਂ ਨੂੰ ਵੀ ਜਾਣੂ ਕਰਾ ਦਿੱਤਾ ਸੀ। ਜਾਂਚ ਬਿਊਰੋ ਦੇ ਡਾਇਰੈਕਟਰ ਬੀ ਚੰਦਰਸ਼ੇਖਰ ਨੇ ਨਵੀਂ ਸਿਟ ਦੇ ਗਠਨ ਬਾਰੇ ਹੁਕਮ ਜਾਰੀ ਕੀਤੇ।
ਜ਼ਿਕਰਯੋਗ ਹੈ ਕਿ ਪੰਜਾਬ ’ਚ ਚੋਣਾਂ ਦੌਰਾਨ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਮਜੀਠੀਆ ਖ਼ਿਲਾਫ਼ ਨਸ਼ਿਆਂ ਬਾਰੇ ਦਰਜ ਕੇਸ ’ਤੇ ਖੁੱਲ੍ਹ ਕੇ ਕੋਈ ਗੱਲ ਨਹੀਂ ਕੀਤੀ ਸੀ। ਪਾਰਟੀ ਨੇ ਕਿਹਾ ਸੀ ਕਿ ਕਾਨੂੰਨ ਆਪਣਾ ਕੰਮ ਕਰੇਗਾ। ਉਂਜ ਇਹ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਉਲਟ ਰਣਨੀਤੀ ਸੀ ਜਦੋਂ ‘ਆਪ’ ਨੇ ਮਜੀਠੀਆ ਨੂੰ ਨਸ਼ਾ ਤਸਕਰੀ ’ਚ ਕਥਿਤ ਭੂਮਿਕਾ ਲਈ ਨਿਸ਼ਾਨਾ ਬਣਾਇਆ ਸੀ। ਬਾਅਦ ’ਚ ਮਜੀਠੀਆ ਨੇ ਕੇਜਰੀਵਾਲ ਖ਼ਿਲਾਫ਼ ਮਾਣਹਾਨੀ ਦਾ ਕੇਸ ਕੀਤਾ ਸੀ ਜਿਸ ਲਈ ‘ਆਪ’ ਮੁਖੀ ਨੇ ਅੰਮ੍ਰਿਤਸਰ ਅਦਾਲਤ ’ਚ ਮੁਆਫ਼ੀ ਮੰਗ ਲਈ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly