ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਚਿਹਰੇ ਰੰਗ ਮੰਚ ਵੱਲੋਂ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਹਿਯੋਗ ਨਾਲ ਦਵਿੰਦਰ ਗਿੱਲ ਦੀ ਕਲਮ ਤੋਂ ਲਿਖਿਆ ਅਤੇ ਹਰਜੀਤ ਸਿੰਘ ਦੁਆਰਾ ਨਿਰਦੇਸ਼ਤ ਕੀਤਾ ਪੰਜਾਬੀ ਨਾਟਕ ‘ਇੱਕ ਬਟਾ ਜ਼ੀਰੋ’ ਦਾ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਅੰਦਰ ਬਣੇ ਸ਼ਹੀਦ ਵਿਸ਼ਨੂੰ ਗਣੇਸ਼ ਪਿੰਗਲੇ ਹਾਲ ‘ਚ ਸਫ਼ਲ ਮੰਚਣ ਕੀਤਾ ਗਿਆ।
ਇਹ ਸਮਾਗਮ ਰੰਗ ਕਰਮੀ ਵਿਕਰਮ ਠਾਕੁਰ ਦੇ ਜਨਮ ਦਿਹਾੜੇ ਨੂੰ ਸਮਰਪਿਤ ਸੀ ਜੋ ਕਿ ਬੀਤੇ ਦਿਨੀਂ ਸੜਕ ਹਾਦਸੇ ‘ਚ ਰੰਗ ਮੰਚ ਦੇ ਕਾਫ਼ਲੇ ਨੂੰ ਸਦੀਵੀ ਵਿਛੋੜਾ ਦੇ ਗਏ।
ਚਿਹਰੇ ਰੰਗ ਮੰਚ ਦੇ ਬੁਲਾਵੇ ਤੇ ਮੁਕਤਸਰ ਤੋਂ ਆਏ ਵਿਕਰਮ ਠਾਕੁਰ ਦੇ ਪਿਤਾ ਦੀਵਾਨ ਸਿੰਘ ਠਾਕੁਰ, ਭੈਣ ਡਾ. ਇੰਦੂ ਠਾਕੁਰ, ਉਹਨਾਂ ਦੀ ਜੀਵਨ ਸਾਥਣ ਕਵਿਤਾ ਠਾਕੁਰ, ਭਰਾ ਸ਼ਮਿੰਦਰ ਸਿੰਘ ਠਾਕੁਰ, ਗੁਰਮੇਲ ਸਿੰਘ ਨੂੰ ਮੰਚ ਤੇ ਬੁਲਾ ਕੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਵਿਕਰਮ ਠਾਕੁਰ ਦੁਆਰਾ ਰੰਗ ਮੰਚ ਨੂੰ ਦੇਣ ਲਈ ਸਿਜਦਾ ਕੀਤਾ ਗਿਆ।
ਇਸ ਨਾਟਕ ਦੇ ਸਿਰਜਕ ਦਵਿੰਦਰ ਸਿੰਘ ਗਿੱਲ ਦਾ ਨਾਟਕ ਮੰਚਣ ਮੌਕੇ ਚਿਹਰੇ ਰੰਗ ਮੰਚ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ। ਇਸ ਰਸਮ ਮੌਕੇ ਮੰਚ ਤੇ ਸਮੁੱਚੀ ਨਾਟਕ ਟੀਮ, ਨਿਰਦੇਸ਼ਕ ਹਰਜੀਤ ਸਿੰਘ, ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਅਤੇ ਸੀਨੀਅਰ ਟਰਸਟੀ ਸੁਰਿੰਦਰ ਕੁਮਾਰੀ ਕੋਛੜ ਸ਼ਸ਼ੋਭਿਤ ਸਨ।
ਇਸ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਨਾਟਕ ਦੇ ਹਵਾਲੇ ਨਾਲ ਭਾਵਪੂਰਤ ਵਿਚਾਰ ਸਾਂਝੇ ਕੀਤੇ। ਉਹਨਾਂ ਕਿਹਾ ਕਿ ‘ਇੱਕ ਬਟਾ ਜ਼ੀਰੋ’ ਨਾਟਕ ਦੇ ਸੁਨੇਹੇ ਨੇ ਕਿਸਾਨਾਂ ਨੂੰ ਕੰਗਾਲੀ, ਕਰਜ਼ੇ, ਖ਼ੁਦਕੁਸ਼ੀਆਂ ਅਤੇ ਚੌਤਰਫਾ ਖੇਤੀ ਸੰਕਟ ਦੇ ਜਬਾੜ੍ਹਿਆਂ ਵਿਚ ਧੱਕਣ ਦੀਆਂ ਜ਼ਿੰਮੇਵਾਰ ਤਾਕਤਾਂ ਨੂੰ ਬੇਨਕਾਬ ਕੀਤਾ ਹੈ।
ਨਾਟਕ ਇਹ ਸੁਨੇਹਾ ਦੇਣ ਵਿਚ ਵੀ ਸਫ਼ਲ ਰਿਹਾ ਹੈ ਕਿ ਜਿਹੜੀਆਂ ਤਾਕਤਾਂ ਦੀ ਲੁੱਟ ਖਸੁੱਟ, ਅੰਨ੍ਹੀ ਹਵਸ਼ ਕਾਰਨ ਕਿਸਾਨੀ ਤਬਾਹੀ, ਉਜਾੜੇ ਅਤੇ ਸਿਵਿਆਂ ਦੇ ਰਾਹ ਧੱਕੀ ਗਈ ਹੈ ਉਹ ਤਾਕਤਾਂ ਹੀ ਉਲਟਾ ਕਿਸਾਨੀ ਨੂੰ ਮੁਜਰਿਮਾਂ ਦੇ ਕਟਿਹਰੇ ਵਿੱਚ ਖੜ੍ਹਾ ਕਰਨ ਦੀਆਂ ਕਿਵੇਂ ਸ਼ਾਤਰਾਨਾ ਚਾਲਾਂ ਚੱਲ ਰਹੀਆਂ ਹਨ।
ਇਸ ਨਾਟਕ ‘ਚ ਹਰਜੀਤ ਸਿੰਘ, ਵਿਕਾਸ ਆਨੰਦ, ਚਾਹਤ ਅਨੇਜਾ, ਮਹਿਤਾਬ ਸਿੰਘ ਨੇ ਆਪੋ ਆਪਣੇ ਕਿਰਦਾਰ ਨੂੰ ਇਉਂ ਜੀਵਿਆ ਕਿ ਦਰਸ਼ਕਾਂ ਨੇ ਸਾਹ ਰੋਕ ਕੇ ਨਾਟਕ ਨੂੰ ਆਤਮਸਾਤ ਕੀਤਾ।
ਅੰਜਲੀ, ਦਿਨੇਸ਼ ਰਾਜਪੂਤ ਨੇ ਨਾਟਕ ਦਾ ਪ੍ਰਭਾਵ ਸਿਰਜਣ ਲਈ ਖੂਬਸੂਰਤ ਰੰਗ ਬਿਖੇਰੇ।
ਹਰੀਸ਼ ਡੋਗਰਾ ਦੀ ਮਖ਼ਮਲੀ ਆਵਾਜ਼ ਨੇ ਦਰਸ਼ਕਾਂ ਨੂੰ ਕੀਲ ਲਿਆ ਜਿਸ ਆਵਾਜ਼ ਨੇ ਨਾਟਕ ਵਿਚ ਦਰਦਮਈ ਅਤੇ ਸੁਹਜਮਈ ਪ੍ਰਭਾਵ ਦਾ ਰੰਗ ਗੂੜ੍ਹਾ ਕਰਨ ਦੀ ਭੂਮਿਕਾ ਅਦਾ ਕੀਤੀ।
ਲੋਹੜੇ ਦੀ ਗਰਮੀ ਅਤੇ ਹੁੰਮਸ ਦੇ ਮੌਸਮ ਵਿੱਚ ਵਿਸ਼ੇਸ਼ ਤੌਰ ਤੇ ਵਿਦਵਾਨ, ਲੇਖਕ, ਬੁੱਧੀਜੀਵੀ ਰੰਗ ਕਰਮੀ, ਪ੍ਰੋਫੈਸਰ, ਕਲਾ ਜਗਤ ਦੇ ਪ੍ਰੇਮੀਆਂ ਦਾ ਨਾਟਕ ਵੇਖਣ ਆਉਣਾ ਅਤੇ ਨਾਟਕ ਵਿੱਚ ਖੋਅ ਜਾਣਾ ਇਹ ਦਰਸਾਉਂਦਾ ਹੈ ਕਿ ਜੇਕਰ ਅਸੀਂ ਸੁਹਿਰਦ ਯਤਨ ਜਾਰੀ ਰੱਖੀਏ ਤਾਂ ਰੰਗ ਮੰਚ ਨੂੰ ਹੁੰਗਾਰਾ ਭਰਨ ਪੱਖੋਂ ਲੋਕਾਂ ਦੇ ਘਰ ਕੋਈ ਤੋਟ ਨਹੀਂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly