ਬਲਬੀਰ ਸਿੰਘ ਬੱਬੀ =ਸਾਡੇ ਦੇਸ਼ ਵਿੱਚ ਹਾਲੇ ਲੋਕ ਸਭਾ ਚੋਣਾਂ ਦਾ ਚੰਗੀ ਤਰ੍ਹਾਂ ਐਲਾਨ ਵੀ ਨਹੀਂ ਹੋਇਆ ਪਰ ਸਿਆਸੀ ਪਾਰਟੀਆਂ ਦੇ ਆਗੂ ਇੱਕ ਪਾਰਟੀ ਤੋਂ ਦੂਜੀ ਪਾਰਟੀ ਵਿੱਚ ਟਪੂਸੀ ਮਾਰਨ ਲਈ ਬਹੁਤ ਹੀ ਜਿਆਦਾ ਕਾਹਲੇ ਨਜ਼ਰ ਆ ਰਹੇ ਹਨ, ਹੋ ਤਾਂ ਇਹ ਸਭ ਕੁਝ ਸਮੁੱਚੇ ਭਾਰਤ ਦੇ ਅਲੱਗ ਅਲੱਗ ਰਾਜਾਂ ਵਿੱਚ ਹੀ ਰਿਹਾ ਹੈ ਪਰ ਆਪਾਂ ਗੱਲ ਪੰਜਾਬ ਦੀ ਕਰੀਏ ਤਾਂ ਲੋਕ ਸਭਾ ਚੋਣਾਂ ਦੀ ਹਲਚਲ ਦੇ ਵਿੱਚ ਸਿਆਸੀ ਆਗੂਆਂ ਦੇ ਕਿਰਦਾਰ ਨਿੱਤ ਨਵੇਂ ਤੋਂ ਨਵੇਂ ਰੂਪ ਵਿੱਚ ਸਾਹਮਣੇ ਆ ਰਹੇ ਹਨ। ਸਿਆਸੀ ਕੱਦ ਬਣਾਈ ਰੱਖਣ ਤੇ ਕੁਰਸੀ ਦੀ ਭੁੱਖ ਵਿੱਚ ਫਸੇ ਰਾਜਨੀਤਿਕ ਪਾਰਟੀ ਦੇ ਆਗੂਆਂ ਨੇ ਦਲ ਬਦਲੀ ਉੱਤੇ ਪੂਰਾ ਜ਼ੋਰ ਦਿੱਤਾ ਹੋਇਆ ਹੈ। ਕੋਈ ਆਪ ਤੋਂ ਕਾਂਗਰਸ ਵਿੱਚ ਆ ਰਿਹਾ ਹੈ ਕੋਈ ਕਾਂਗਰਸ ਤੋਂ ਆਪ ਵਿੱਚ ਜਾ ਰਿਹਾ ਹੈ ਕੋਈ ਭਾਜਪਾ ਵਿੱਚ ਕੋਈ ਅਕਾਲੀ ਦਲ ਵਿੱਚ ਮੁੜ ਵਾਪਸੀ ਕਰ ਰਿਹਾ ਹੈ। ਸਿਆਸੀ ਮਾਹਰਾਂ ਅਨੁਸਾਰ ਇਹ ਤਾਂ ਹਾਲੇ ਸ਼ੁਰੂਆਤ ਹੈ ਅੱਗੇ ਬਹੁਤ ਕੁਝ ਹੋਣਾ ਹੈ ਦੇਖਦੇ ਰਹੋ।
ਇਸੇ ਲੜੀ ਨੂੰ ਅੱਗੇ ਤੋਰਦਿਆਂ ਹੋਇਆਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਚੱਬੇਵਾਲ ਤੋਂ ਕਾਂਗਰਸ ਦੇ ਮੌਜੂਦਾ ਐਮ ਐਲ ਏ ਡਾਕਟਰ ਰਾਜ ਕੁਮਾਰ ਚੱਬੇਵਾਲ ਨੇ ਵੀ ਅੱਜ ਆਪਣੀ ਕਾਂਗਰਸ ਪਾਰਟੀ ਦਾ ਹੱਥ ਪੰਜਾ ਛੱਡ ਕੇ ਝਾੜੂ ਨੂੰ ਹੱਥ ਪਾ ਲਿਆ ਭਾਵ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ। ਡਾਕਟਰ ਰਾਜ ਕੁਮਾਰ ਚੱਬੇਵਾਲ ਦਾ ਆਪ ਵਿੱਚ ਸ਼ਾਮਿਲ ਹੋਣ ਉੱਤੇ ਪੰਜਾਬ ਦੇ ਮੁੱਖ ਮੰਤਰੀ ਨੇ ਸਵਾਗਤ ਕੀਤਾ ਹੈ। ਅੱਜ ਹੀ ਡਾਕਟਰ ਰਾਜ ਕੁਮਾਰ ਚੱਬੇਵਾਲ ਨੇ ਵਿਧਾਨ ਸਭਾ ਤੋਂ ਮੈਂਬਰੀ ਦਾ ਅਸਤੀਫ਼ਾ ਵੀ ਸਪੀਕਰ ਕੁਲਤਾਰ ਸਿੰਘ ਸਦਵਾ ਨੂੰ ਭੇਜ ਦਿੱਤਾ ਹੈ। ਇਹ ਸਭ ਕੁਝ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਹਰ ਇਕ ਨੂੰ ਦੀ ਝਾਕ ਹੈ ਇਥੇ ਵੀ ਇਹ ਕੁਝ ਜਾਪਦਾ ਹੈ।
ਇੱਥੇ ਇਹ ਵੀ ਵਰਨਣਯੋਗ ਹੈ ਕਿ ਜਿਲਾ ਹੁਸ਼ਿਆਰਪੁਰ ਨਾਲ ਸਬੰਧਤ ਚਰਚਿਤ ਅਫਸਰ ਲਖਬੀਰ ਸਿੰਘ ਨੇ ਆਮ ਆਦਮੀ ਪਾਰਟੀ ਵਿੱਚ ਜਾਣ ਦਾ ਐਲਾਨ ਕੀਤਾ ਸੀ ਪਰ ਉਹ ਆਪ ਵਾਲਿਆਂ ਨੂੰ ਫਿੱਟ ਨਹੀਂ ਬੈਠੇ ਤੇ ਕੱਲ ਅਕਾਲੀ ਦਲ ਚਲੇ ਗਏ। ਇਸੇ ਕਰਕੇ ਹੀ ਡਾਕਟਰ ਰਾਜ ਕੁਮਾਰ ਚੱਬੇਵਾਲ ਆਪ ਵਿੱਚ ਸ਼ਾਮਿਲ ਹੋ ਗਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly