ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਅਤੇ ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਸਹਿਯੋਗ ਨਾਲ ਸਲੇਮ ਟਾਬਰੀ ਲੁਧਿਆਣਾ ਸਥਿਤ ਡਾ: ਕੋਟਨੀਸ ਐਕਿਊਪੰਕਚਰ ਹਸਪਤਾਲ ਅਤੇ ਸਿੱਖਿਆ ਕੇਂਦਰ ਵੱਲੋਂ ਹਸਪਤਾਲ ਪ੍ਰਾਂਗਣ ਵਿੱਚ ਹੈਲਥ ਅਵੇਅਰਨੈੱਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਦੇ ਅਧਿਕਾਰੀ ਹਸਪਤਾਲ ਦੇ ਨਿਰਦੇਸ਼ਕ ਡਾ: ਇੰਦਰਜੀਤ ਸਿੰਘ ਢੀਂਗਰਾ ਨੇ ਕੀਤੀ। ਇਸ ਮੌਕੇ ਸ੍ਰ: ਇਕਬਾਲ ਸਿੰਘ ਗਿੱਲ ਆਈਪੀਐਸ (ਰਿਟਾਇਰਡ) ਆਈ.ਜੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟ੍ਰਸਟ ਦੇ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਛਾਪਾ ਮੁੱਖ ਤੌਰ ’ਤੇ ਹਾਜ਼ਰ ਰਹੇ। ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਡਾ: ਇੰਦਰਜੀਤ ਸਿੰਘ ਢੀਂਗਰਾ ਨੇ ਕਿਹਾ ਕਿ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਨਸ਼ਾ ਪੀੜਤ ਲੋਕਾਂ ਨੂੰ ਇਕੋ ਸਿਰੰਜ ਦੀ ਵਰਤੋਂ ਕਾਰਨ H.I.V/AIDS ਵਰਗੀ ਭਿਆਨਕ ਬਿਮਾਰੀ ਤੋਂ ਬਚਾਉਣ ਲਈ ਨਿਰਧਾਰਤ ਕੇਂਦਰਾਂ ’ਤੇ ਸਿਰੰਜ ਉਪਲਬਧ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਵਿੱਚ ਇਸ ਬਿਮਾਰੀ ਦੇ ਖਤਰੇ ਨੂੰ ਘਟਾਇਆ ਜਾ ਸਕੇ, ਪਰ ਨਾਲ ਹੀ ਇਹ ਵੀ ਜ਼ਰੂਰੀ ਹੈ ਕਿ ਪੀੜਤ ਹੌਲੀ-ਹੌਲੀ ਆਪਣੇ ਆਪ ਨੂੰ ਨਸ਼ਾ ਮੁਕਤੀ ਵੱਲ ਲੈ ਕੇ ਜਾਣ ਅਤੇ ਜਦੋਂ ਵੀ ਨਸ਼ਾ ਮੁਕਤੀ ਕੇਂਦਰ ਵਿੱਚ ਜਾਣ ਤਾਂ ਉੱਥੇ ਤਾਇਨਾਤ ਕੌਂਸਲਰਾਂ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣ ਕੇ ਉਨ੍ਹਾਂ ’ਤੇ ਅਮਲ ਕਰਨ, ਜਿਸ ਨਾਲ ਉਹ ਨਸ਼ੇ ਦੀ ਦਲਦਲ ਤੋਂ
ਬਾਹਰ ਨਿਕਲ ਸਕਦੇ ਹਨ। ਇਸ ਮੌਕੇ ਸ੍ਰ: ਇਕਬਾਲ ਸਿੰਘ ਗਿੱਲ ਅਤੇ ਜਸਵੰਤ ਸਿੰਘ ਛਾਪਾ ਨੇ ਕਿਹਾ ਕਿ ਭਟਕੇ ਹੋਏ ਨੌਜਵਾਨਾਂ ਨੂੰ ਸਹੀ ਦਿਸ਼ਾ ਦੇਣਾ ਬਹੁਤ ਜ਼ਰੂਰੀ ਹੈ ਅਤੇ ਇਸ ਲਈ ਮਾਤਾ-ਪਿਤਾ, ਅਧਿਆਪਕ, ਪੁਲਿਸ ਪ੍ਰਸ਼ਾਸਨ, ਆਮ ਪ੍ਰਸ਼ਾਸਨ ਅਤੇ ਸਮਾਜਿਕ, ਧਾਰਮਿਕ ਤੇ ਰਾਜਨੀਤਿਕ ਸੰਸਥਾਵਾਂ ਨੂੰ ਮਿਲ ਜੁਲ ਕੇ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਅਤੇ ਸਰਕਾਰ ਨੂੰ ਵੀ ਵੱਖ-ਵੱਖ ਸੰਸਥਾਵਾਂ ਨਾਲ ਇੱਕ ਮੰਚ ’ਤੇ ਆ ਕੇ ਕੰਮ ਕਰਨਾ ਚਾਹੀਦਾ ਹੈ। ਇਸ ਮੌਕੇ ਡਾ: ਰਘੁਬੀਰ ਸਿੰਘ ਅਤੇ ਅਸ਼ਵਨੀ ਵਰਮਾ ਨੇ ਕਿਹਾ ਕਿ ਸਮਾਜ ਦਾ ਸਹਿਯੋਗ ਅਤੇ ਪੀੜਤਾਂ ਪ੍ਰਤੀ ਸਕਾਰਾਤਮਕ ਭਾਵਨਾ ਹੀ ਉਨ੍ਹਾਂ ਨੂੰ ਨਸ਼ੇ ਅਤੇ H.I.V/AIDS ਤੋਂ ਬਚਾ ਸਕਦੀ ਹੈ। ਪ੍ਰੋਜੈਕਟ ਮੈਨੇਜਰ ਉਪੇਂਦਰ ਸਿੰਘ ਨੇ ਦੱਸਿਆ ਕਿ ਇਸ ਦੌਰਾਨ ਨਸ਼ਾ ਮੁਕਤੀ ਵਿਸ਼ੇ ’ਤੇ ਨੁੱਕੜ ਨਾਟਕ ਵੀ ਕਰਵਾਇਆ ਗਿਆ। ਇਸ ਮੌਕੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਨਮਨ ਅਤੇ ਸਮਰਪਿਤ ਕਰਦੇ ਹੋਏ ਸੈਂਟਰ ਇੰਚਾਰਜ ਮਨੀਸ਼ਾ ਵੱਲੋਂ ਨਸ਼ੇ ਤੋਂ ਦੂਰ ਰਹਿਣ ਦੀ ਸਹੁੰ ਵੀ ਦਿਵਾਈ ਗਈ, ਜਿਸ ਵਿੱਚ ਕਿਹਾ ਗਿਆ ਕਿ ਉਹ ਨਸ਼ੇ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਨਗੇ ਅਤੇ ਕਿਸੇ ਨਵੇਂ ਵਿਅਕਤੀ ਨੂੰ ਨਸ਼ੇ ਵੱਲ ਨਹੀਂ ਲੈ ਕੇ ਜਾਣਗੇ। ਪ੍ਰੋਗਰਾਮ ਵਿੱਚ ਪ੍ਰੀਤੀ, ਪ੍ਰਿਆਂਸ਼ੂ, ਪ੍ਰਵੇਸ਼, ਅਰੁਣ, ਸੁਰਜੀਤ ਕੌਰ, ਕਮਲਜੀਤ ਕੌਰ, ਅਮਨ, ਮੀਨੂ, ਸੁਸ਼ੀਲ ਸੂਦ, ਰਿਤੂ, ਅਮਨਦੀਪ ਅਤੇ ਤਰਸੇਮ ਲਾਲ ਹਾਜ਼ਰ ਰਹੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



