ਜਲੰਧਰ, ਬੰਗਾ, ਅੱਪਰਾ (ਸਮਾਜ ਵੀਕਲੀ) (ਜੱਸੀ)- ਜਮਹੂਰੀ ਅਧਿਕਾਰ ਸਭਾ ਪੰਜਾਬ, ਪੰਜਾਬੀ ਸਾਹਿਤ ਸਭਾ ਖਟਕੜ ਕਲਾਂ ਅਤੇ ਤਰਕਸ਼ੀਲ ਸੋਸਾਇਟੀ ਪੰਜਾਬ ਇਕਾਈ ਬੰਗਾ ਦੇ ਸਾਂਝੇ ਸੱਦੇ ‘ਤੇ ਬੰਗਾ ਇਲਾਕੇ ਦੀਆਂ ਜਨਤਕ ਜਮਹੂਰੀ ਜਥੇਬੰਦੀਆਂ ਵੱਲੋਂ ਸਾਂਝਾ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਵਿਚ ਸ਼ਹੀਦੀ ਯਾਦਗਾਰ ਕਮੇਟੀ ਬੰਗਾ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ, ਅੰਬੇਡਕਰ ਸੈਨਾ ਮੂਲਨਿਵਾਸੀ ਇਕਾਈ ਬੰਗਾ ਨੇ ਵੀ ਸ਼ਮੂਲੀਅਤ ਕੀਤੀ। ਇਸ ਮੌਕੇ ਪੰਜਾਬ ਸਰਕਾਰ ਨੂੰ ਭੇਜੇ ਮੰਗ ਪੱਤਰ ਵਿਚ ਕਿਹਾ ਗਿਆ ਕਿ ਪਿਛਲੇ ਦਿਨੀਂ ਸ੍ਰੀ ਗੁਰੂ ਰਾਮ ਦਾਸ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਅਤੇ ਰਿਸਰਚ ਅੰਮਿ੍ਰਤਸਰ ਵਿਖੇ ਡਾਕਟਰ ਪੰਪੋਸ਼ ਵੱਲੋਂ ਕੀਤੀ ਗਈ ਕਥਿਤ ਖ਼ੁਦਕੁਸ਼ੀ ਨਾਲ ਹਰ ਸੰਵੇਦਨਸ਼ੀਲ ਇਨਸਾਨ ਦਾ ਮਨ ਵਲੂੰਧਰਿਆ ਗਿਆ ਹੈ। ਇਹ ਖ਼ੁਦਕੁਸ਼ੀ ਨਹੀਂ ਸੰਸਥਾਗਤ ਕਤਲ ਹੈ।
ਇਸ ਕਤਲ ਦੇ ਦੋਸ਼ੀ ਉੱਚ ਜਾਤੀ ਹੰਕਾਰ ’ਚ ਗ੍ਰਸਤ ਅਨਸਰਾਂ ਦੇ ਨਾਲ ਨਾਲ ਕਾਲਜ ਦਾ ਪ੍ਰਸ਼ਾਸਨ ਵੀ ਦੋਸ਼ੀ ਹੈ ਜਿਸ ਨੇ ਪੜ੍ਹਾਈ ਵਿਚ ਹਮੇਸ਼ਾ ਅੱਵਲ ਰਹਿਣ ਵਾਲੀ ਹੋਣਹਾਰ ਲੜਕੀ ਨੂੰ ਸੁਰੱਖਿਅਤ ਅਕਾਦਮਿਕ ਮਾਹੌਲ ਦੇਣ ’ਚ ਮੁਜਰਮਾਨਾ ਕੋਤਾਹੀ ਕੀਤੀ ਅਤੇ ਜਾਤਪਾਤੀ ਅਨਸਰਾਂ ਦੀਆਂ ਗ਼ੈਰਕਾਨੂੰਨੀ ਅਤੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀਆਂ ਹਰਕਤਾਂ ਨੂੰ ਰੋਕਣ ਲਈ ਪ੍ਰਸ਼ਾਸਨਿਕ ਜ਼ਿੰਮੇਵਾਰੀ ਨਹੀਂ ਨਿਭਾਈ। ਮੰਗ ਪੱਤਰ ਵਿਚ ਕਿਹਾ ਗਿਆ ਕਿ ਅਸੀਂ ਇਲਾਕੇ ਦੇ ਇਨਸਾਫ਼ਪਸੰਦ ਲੋਕ ਉੱਚ ਵਿਦਿਅਕ ਸੰਸਥਾਵਾਂ ਵਿਚ ਬਣ ਚੁੱਕੇ ਇਸ ਦਲਿਤ ਵਿਰੋਧੀ ਜਾਤਪਾਤੀ ਮਾਹੌਲ ਪ੍ਰਤੀ ਬੇਹੱਦ ਫ਼ਿਕਰਮੰਦ ਹਾਂ। ਜਿਸ ਨੇ ਸਿਰਫ਼ ਇਕ ਹੋਣਹਾਰ ਲੜਕੀ ਦੀ ਜਾਨ ਹੀ ਨਹੀਂ ਲਈ ਸਗੋਂ ਇਹ ਸਮਾਜ ਦੇ ਦੱਬੇ-ਕੁਚਲੇ ਹਿੱਸਿਆਂ ਦੇ ਉਨ੍ਹਾਂ ਸਾਰੇ ਬੱਚਿਆਂ ਦਾ ਭਵਿੱਖ ਅਸੁਰੱਖਿਅਤ ਬਣਾ ਦਿੱਤਾ ਹੈ ਜੋ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਕੁਝ ਬਣਨ ਦਾ ਸੁਪਨਾ ਲੈ ਕੇ ਐਸੇ ਮੁਕਾਮ ’ਤੇ ਪਹੁੰਚਦੇ ਹਨ। 21ਵੀਂ ਸਦੀ ਵਿਚ ਇਹ ਬਹੁਤ ਹੀ ਸ਼ਰਮਨਾਕ ਸਥਿਤੀ ਹੈ ਕਿ ਮਨੁੱਖ ਨੂੰ ਜਾਤ ਦੇ ਆਧਾਰ ’ਤੇ ਇਸ ਕਦਰ ਅਪਮਾਨਿਤ ਕਰਕੇ ਮੌਤ ਦੇ ਮੂੰਹ ’ਚ ਧੱਕਿਆ ਜਾ ਰਿਹਾ ਹੈ।
ਐੱਸ.ਡੀਐੱਮ ਦਫ਼ਤਰ ਵਿਖੇ ਰੈਲੀ ਕਰਕੇ ਮੰਗ ਕੀਤੀ ਗਈ ਕਿ
1.ਐੱਫ.ਆਈ.ਆਰ. ਵਿਚ ਨਾਮਜ਼ਦ ਸਾਰੇ ਦੋਸ਼ੀਆਂ ਨੂੰ ਨੌਕਰੀ ਤੋਂ ਬਰਖ਼ਾਸਤ ਕਰਕੇ ਤੁਰੰਤ ਗਿ੍ਰਫ਼ਤਾਰ ਕੀਤਾ ਜਾਵੇ ਅਤੇ ਤੇਜ਼ੀ ਨਾਲ ਮੁਕੱਦਮਾ ਚਲਾ ਕੇ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ। ਕਾਲਜ ਦੇ ਜਿਨ੍ਹਾਂ ਹੋਰ ਅਧਿਕਾਰੀਆਂ ਨੇ ਲੜਕੀ ਅਤੇ ਪਰਿਵਾਰ ਦੀ ਸ਼ਿਕਾਇਤ ਨੂੰ ਅਣਗੌਲਿਆਂ ਕੀਤਾ ਉਨ੍ਹਾਂ ਨੂੰ ਵੀ ਕੇਸ ਵਿਚ ਨਾਮਜ਼ਦ ਕੀਤਾ ਜਾਵੇ।
2. ਦੋਸ਼ੀਆਂ ਨੂੰ ਫਾਹੇ ਲਾਇਆ ਜਾਵੇ ਤਾਂ ਜੋ ਅੱਗੋਂ ਤੋਂ ਕੋਈ ਜਾਤ ਹੰਕਾਰੀ ਅਨਸਰ ਦਲਿਤ ਵਿਦਿਆਰਥੀਆਂ ਨੂੰ ਅਪਮਾਨਿਤ ਕਰਨ ਦੀ ਹਿੰਮਤ ਨਾ ਕਰੇ।
3. ਪੰਜਾਬ ਸਰਕਾਰ ਸਾਰੀਆਂ ਹੀ ਵਿਦਿਅਕ ਅਤੇ ਸਿਖਲਾਈ ਸੰਸਥਾਵਾਂ ਵਿਚ ਦਲਿਤ ਬੱਚਿਆਂ ਦੀ ਸੁਰੱਖਿਆ ਯਕੀਨੀਂ ਬਣਾਉਣ ਲਈ ਜ਼ਰੂਰੀ ਕਦਮ ਚੁੱਕੇ ਅਤੇ ਦਲਿਤ ਵਿਦਿਆਰਥੀਆਂ ਦੀਆਂ ਸ਼ਿਕਾਇਤਾਂ ਨੂੰ ਨਜ਼ਰਅੰਦਾਜ਼ ਕਰਨ ਵਾਲੇ ਅਧਿਕਾਰੀਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਹਾਜ਼ਰੀਨ ਨੂੰ ਹਰਬੰਸ ਹੀਓਂ, ਬੂਟਾ ਸਿੰਘ ਮਹਿਮੂਦਪੁਰ, ਹਰੀ ਰਾਮ ਰਸੂਲਪੁਰੀ, ਤੀਰਥ ਰਸੂਲਪੁਰੀ, ਸੇਵਾ ਮੁਕਤ ਐਕਸੀਅਨ ਗੁਰਦਿਆਲ ਸਿੰਘ, ਧਰਮਿੰਦਰ ਮਸਾਣੀ, ਡੋਗਰ ਰਾਮ ਨੇ ਸੰਬੋਧਨ ਕੀਤਾ। ਇਸ ਮੌਕੇ ਤਲਵਿੰਦਰ ਸ਼ੇਰਗਿੱਲ, ਸੁਖਵਿੰਦਰ ਗੋਗਾ, ਸ਼ਿੰਗਾਰਾ ਲੰਗੇਰੀ, ਦੀਪ ਕਲੇਰ, ਪਰਮਜੀਤ ਚਾਹਲ, ਕਮਲਜੀਤ ਕੌਰ ਹੀਓਂ, ਰਾਜਿੰਦਰ ਕੌਰ, ਕਿਸ਼ਨ ਹੀਓਂ, ਬਲਜੀਤ ਖਟਕੜ, ਓਂਕਾਰ ਸਿੰਘ ਸਾਹਲੋਂ ਅਤੇ ਹੋਰ ਕਈ ਇਨਸਾਫ਼ਪਸੰਦ ਸ਼ਖਸੀਅਤਾਂ ਅਤੇ ਕਾਰਕੁਨ ਹਾਜ਼ਰ ਸਨ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly