(ਸਮਾਜ ਵੀਕਲੀ) – ਮਹਾਂਰਾਸ਼ਟਰ ਦੀ ਤਰਕਸ਼ੀਲ਼ ਸੰਸਥਾ ਅੰਧ ਸ਼ਰਧਾ ਨਿਰਮੂਲਨ ਸਮਿਤੀ ਦੇ ਸੰਸਥਾਪਕ ਤਰਕਸ਼ੀਲ ਆਗੂ ਡਾ.ਨਰਿੰਦਰ ਦਾਭੋਲਕਰ ਜਿਨ੍ਹਾਂ ਦੀ ਅੱਜ ਤੋਂ ਦਸ ਸਾਲ ਪਹਿਲਾਂ ਕੁਝ ਫਿਰਕੂ ਅਨਸਰਾਂ ਵਲੋਂ 20 ਅਗਸਤ, 2013 ਨੂੰ ਪੁਣੇ (ਮਹਾਂਰਾਸ਼ਟਰ) ਵਿਖੇ ਦਿਨ ਦਿਹਾੜੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ , ਦੀ ਯਾਦ ਵਿੱਚ ਤਰਕਸ਼ੀਲ਼ ਸੁਸਾਇਟੀ ਪੰਜਾਬ ਵਲੋਂ ਸਮੁੱਚੇ ਪੰਜਾਬ ਵਿੱਚ 10 ਅਗਸਤ ਤੋਂ 20 ਅਗਸਤ ਤਕ ਡਾ.ਦਾਭੋਲਕਰ ਯਾਦਗਾਰੀ ਸਮਾਜਿਕ ਚੇਤਨਾ ਹਫ਼ਤਾ ਮਨਾਇਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜੋਨ ਜਥੇਬੰਦਕ ਮੁਖੀ ਮਾਸਟਰ ਪਰਮ ਵੇਦ ,ਸੂਬਾ ਕਮੇਟੀ ਆਗੂਆਂ ਮਾਸਟਰ ਰਾਜਿੰਦਰ ਭਦੌੜ,ਹੇਮ ਰਾਜ ਸਟੈਨੋ,ਬਲਬੀਰ ਲੋਂਗੋਵਾਲ,ਰਾਜਪਾਲ ਸਿੰਘ,ਰਾਜੇਸ਼ ਅਕਲੀਆ ,ਸੁਮੀਤ ਸਿੰਘ ਅਤੇ ਰਾਮ ਸਵਰਨ ਲੱਖੇਵਾਲੀ ਨੇ ਕਿਹਾ ਕਿ ਲੋਕਾਂ ਵਿਚ ਸਮਾਜਿਕ ਚੇਤਨਾ ਜਗਾਉਣ ਲਈ ਪੰਜਾਬ ਦੇ ਸਮੂਹ ਦਸ ਜੋਨਾਂ ਦੀਆਂ 60 ਇਕਾਈਆਂ ਵਲੋਂ ਲੋਕਾਂ ਨੂੰ ਅੰਧਵਿਸ਼ਵਾਸਾਂ, ਵਹਿਮਾਂ ਭਰਮਾਂ, ਪਾਖੰਡੀ ਬਾਬਿਆਂ, ਸਾਧਾਂ, ਜੋਤਸ਼ੀਆਂ,ਡੇਰਿਆਂ ਦੇ ਝਾਂਸਿਆਂ ਤੋਂ ਬਚਣ ,ਜਿੰਦਗੀ ਦੀਆਂ ਸਮੱਸਿਆਵਾਂ ਦੇ ਟਾਕਰੇ ਲਈ ਵਿਗਿਆਨਕ ਦ੍ਰਿਸ਼ਟੀਕੋਣ ਅਪਨਾਉਣ ਅਤੇ ਮੌਜੂਦਾ ਫ਼ਿਰਕੂ ਅਤੇ ਭ੍ਰਿਸ਼ਟ ਰਾਜ ਪ੍ਰਬੰਧ ਨੂੰ ਬਦਲਣ ਲਈ ਜੱਥੇਬੰਦਕ ਸੰਘਰਸ਼ ਵਿੱਢਣ ਪ੍ਰਤੀ ਜਾਗਰੂਕ ਕਰਦੀ ਦੋਵਰਕੀ “ਪੜ੍ਹੋ, ਵਿਚਾਰੋ ਅਤੇ ਅਮਲ ਕਰੋ” ਵਿਦਿਅਕ ਅਦਾਰਿਆਂ,ਹਸਪਤਾਲਾਂ, ਬੱਸ ਅੱਡਿਆਂ,ਰੇਲਵੇ ਸਟੇਸ਼ਨਾਂ, ਚੌਰਾਹਿਆਂ, ਬਾਜ਼ਾਰਾਂ, ਦੁਕਾਨਾਂ, ਪਾਰਕਾਂ, ਦਫ਼ਤਰਾਂ, ਘਰਾਂ ਅਤੇ ਹੋਰਨਾਂ ਜਨਤਕ ਥਾਂਵਾਂ ਵਿੱਚ ਹਜ਼ਾਰਾਂ ਦੀ ਗਿਣਤੀ ਵਿਚ ਵੰਡੀ ਗਈ।
ਤਰਕਸ਼ੀਲ਼ ਆਗੂਆਂ ਨੇ ਕਿਹਾ ਕਿ ਇਸ ਹਫਤੇ ਦੌਰਾਨ ਨਵਾਂ ਸ਼ਹਿਰ ਜੋਨ ਵਲੋਂ “ਡਾ.ਦਾਭੋਲਕਰ ਦੀ ਸ਼ਹਾਦਤ ਅਤੇ ਅਜੋਕੇ ਸਮੇਂ ਦੀਆਂ ਚੁਣੌਤੀਆਂ” ਵਿਸ਼ੇ ਸਬੰਧੀ ਸੈਮੀਨਾਰ ਵੀ ਕਰਵਾਇਆ ਗਿਆ ਜਿਸਦੇ ਮੁੱਖ ਬੁਲਾਰੇ ਪ੍ਰਸਿੱਧ ਜਮਹੂਰੀ ਚਿੰਤਕ ਬੂਟਾ ਸਿੰਘ ਮਹਿਮੂਦਪੁਰ ਵਲੋਂ ਡਾ.ਦਾਭੋਲਕਰ ਦੀ ਵਿਗਿਆਨਕ ਚੇਤਨਾ ਲਹਿਰ ਪ੍ਰਤੀ ਪ੍ਰਤੀਬੱਧਤਾ ਅਤੇ ਮੌਜੂਦਾ ਸਮੇਂ ਵਿਚ ਤਰਕਸ਼ੀਲ ਸੰਸਥਾਵਾਂ ਵਲੋਂ ਪਾਖੰਡਵਾਦ, ਬਾਬਾਵਾਦ ਅਤੇ ਧਾਰਮਿਕ ਜਨੂੰਨੀਆਂ ਦੇ ਖਿਲਾਫ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ ਬਾਰੇ ਵਿਸਥਾਰ ਵਿੱਚ ਵਿਚਾਰ ਪੇਸ਼ ਕੀਤੇ ਗਏ।
ਇਸ ਮੌਕੇ ਸੂਬਾ ਕਮੇਟੀ ਆਗੂਆਂ ਜੋਗਿੰਦਰ ਕੁੱਲੇਵਾਲ,ਜਸਵਿੰਦਰ ਫਗਵਾੜਾ,ਜਸਵੰਤ ਮੋਹਾਲੀ,ਅਜੀਤ ਪ੍ਰਦੇਸੀ ਗੁਰਪ੍ਰੀਤ ਸ਼ਹਿਣਾ ਅਤੇ ਸੰਦੀਪ ਧਾਰੀਵਾਲ ਭੋਜਾਂ ਨੇ ਦੱਸਿਆ ਕਿ ਡਾ.ਦਾਭੋਲਕਰ ਨੇ ਲਗਾਤਾਰ 40 ਸਾਲ ਮਹਾਂਰਾਸ਼ਟਰ ਵਿਚ ਕਥਿਤ ਕਾਲੇ ਜਾਦੂ, ਜਾਦੂ-ਟੂਣੇ, ਚਮਤਕਾਰ, ਜਾਦੂ-ਟੂਣੇ, ਚਮਤਕਾਰ, ਜੋਤਿਸ਼, ਰਾਸ਼ੀਫਲ ਅਤੇ ਕਥਿਤ ਦੈਵੀ ਸ਼ਕਤੀਆਂ ਦੇ ਝੁਠੇ ਦਾਅਵੇਦਾਰ ਪਾਖੰਡੀਆਂ ਦਾ ਪਰਦਾਫਾਸ਼ ਕਰਨ ਦੇ ਨਾਲ ਨਾਲ ਅੰਧ ਵਿਸ਼ਵਾਸਾਂ,ਰੂੜੀਵਾਦੀ ਰਸਮਾਂ, ਨਰਬਲੀ, ਮੂਰਤੀ ਵਿਸਰਜਨ, ਧਾਰਮਿਕ ਅਸਹਿਣਸ਼ੀਲਤਾ, ਜਾਤ-ਪਾਤ, ਛੂਆ-ਛਾਤ, ਨਸ਼ਿਆਂ, ਨਾਬਰਾਬਰੀ ਅਤੇ ਭਰੂਣ ਹੱਤਿਆ ਵਰਗੀਆਂ ਸਮਾਜਿਕ ਬੁਰਾਈਆਂ ਖਿਲਾਫ ਵੀ ਲਗਾਤਾਰ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਜਾਗਰੂਕਤਾ ਮੁਹਿੰਮ ਚਲਾਈ।
ਇਸ ਮੌਕੇ ਤਰਕਸ਼ੀਲ਼ ਆਗੂਆਂ ਵੱਲੋਂ ਕੇਂਦਰ ਅਤੇ ਪੰਜਾਬ ਸਰਕਾਰਾਂ ਤੋਂ ਡਾ.ਦਾਭੋਲਕਰ ਦੇ ਫ਼ਿਰਕੂ ਕਾਤਲਾਂ ਨੂੰ ਬਿਨਾਂ ਕਿਸੇ ਹੋਰ ਦੇਰੀ ਦੇ ਸਖ਼ਤ ਸਜ਼ਾਵਾਂ ਦੇਣ ਅਤੇ ਮਹਾਰਾਸ਼ਟਰ ਵਾਂਗ ਪੰਜਾਬ ਵਿੱਚ ਵੀ ਅੰਧ ਵਿਸ਼ਵਾਸ ਰੋਕੂ ਕਾਨੂੰਨ ਲਾਗੂ ਕਰਨ ਦੀ ਜੋਰਦਾਰ ਮੰਗ ਵੀ ਕੀਤੀ ਗਈ।
ਸੁਮੀਤ ਸਿੰਘ
ਸੂਬਾਈ ਮੀਡੀਆ ਮੁਖੀ
7696030173
ਸੂਬਾ ਮੀਡੀਆ ਸਹਿਯੋਗੀ
ਮਾਸਟਰ ਪਰਮਵੇਦ
9417422349
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly