ਡਾ. ਅੰਬੇਡਕਰ ਵਿਸ਼ਵ ਦੀ ਮਹਾਨ ਸ਼ਖਸ਼ੀਅਤ : ਸੰਤੋਖ ਸਿੰਘ ਚੌਧਰੀ

ਅੰਬੇਡਕਰ ਭਵਨ ਵਿਖੇ ਸ਼ਰਧਾਂਜਲੀ ਸਮਾਰੋਹ

ਡਾ. ਭੀਮ ਰਾਓ ਅੰਬੇਡਕਰ ਨੂੰ ਉਨ੍ਹਾਂ ਦੇ ਮਹਾਪ੍ਰੀਨਿਰਵਾਣ ਦਿਵਸ ਤੇ ਸ਼ਰਧਾਂਜਲੀ ਅਰਪਿਤ ਕਰਦੇ ਐਮ.ਪੀ. ਸੰਤੋਖ ਸਿੰਘ ਚੌਧਰੀ

ਜਲੰਧਰ (ਸਮਾਜ ਵੀਕਲੀ) : ਭਾਰਤੀ ਸੰਵਿਧਾਨ ਦੇ ਨਿਰਮਾਤਾ, ਵਿਸ਼ਵ ਪ੍ਰਸਿੱਧ ਸਮਾਜ ਸ਼ਾਸਤਰੀ, ਸੰਸਦੀ ਲੋਕਤੰਤਰ ਅਤੇ ਸਮਤਾ, ਸੁਤੰਤਰਤਾ ਤੇ ਭਾਈਚਾਰਕ ਏਕਤਾ ਦੇ ਪੁਰਜ਼ੋਰ ਹਿਮਾਇਤੀ, ਬਿਹਤਰੀਨ ਆਰਥਿਕ ਮਾਹਿਰ ਅਤੇ ਜੁਝਾਰੂ ਨੇਤਾ ਬਾਬਾਸਾਹਿਬ ਅੰਬੇਡਕਰ ਜੀ ਦੇ 67 ਵੇਂ ਪ੍ਰੀਨਿਰਵਾਣ ਦਿਵਸ ਮੌਕੇ ਅੰਬੇਡਕਰ ਭਵਨ ਟਰੱਸਟ (ਰਜਿ) ਵੱਲੋਂ ਅੰਬੇਡਕਰ ਭਵਨ ਵਿਖੇ ਸ਼ਰਧਾਂਜਲੀ ਸਮਾਰੋਹ ਆਯੋਜਿਤ ਕੀਤਾ ਗਿਆ. ਇਸ ਮੌਕੇ ਤੇ ਸਮਾਗਮ ਦੇ ਮੁਖ ਮਹਿਮਾਨ ਐਮ. ਪੀ. ਸੰਤੋਖ ਸਿੰਘ ਚੌਧਰੀ ਨੇ ਬਾਬਾ ਸਾਹਿਬ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਡਾ. ਅੰਬੇਡਕਰ ਵਿਸ਼ਵ ਦੀ ਬੇਮਿਸਾਲ ਸ਼ਖਸ਼ੀਅਤ ਸਨ, ਕਾਨੂੰਨ ਦੇ ਖੇਤਰ ਵਿਚ ਉਨ੍ਹਾਂ ਦੀਆਂ ਤਰਕਪੂਰਨ ਦਲੀਲਾਂ ਦਾ ਕੋਈ ਸਾਂਨੀ ਨਹੀਂ ਸੀ.

ਉਹ ਮਹਾਨ ਸਮਾਜ ਵਿਗਿਆਨੀ ਸਨ ਅਤੇ ਉਨ੍ਹਾਂ ਦੇ ਕਾਰਜ ਤੇ ਲਿਖਤਾਂ ਇਸ ਗੱਲ ਦੀ ਪੁਸ਼ਟੀ ਕਰਦੀਆਂ ਹਨ ਕਿ ਅਹਿੰਸਾਤਮਕ ਅੰਦੋਲਨ ਅਤੇ ਵੋਟ ਦੀ ਸਹੀ ਵਰਤੋਂ ਨਾਲ ਸਮਾਜਿਕ ਪਰਿਵਰਤਨ ਲਿਆਂਦੇ ਜਾ ਸਕਦੇ ਹਨ. ਉਨ੍ਹਾਂ ਦੇ ਨਿਰੰਤਰ ਸੰਘਰਸ਼ ਦੁਆਰਾ ਹਜਾਰਾਂ ਸਾਲਾਂ ਤੋਂ ਲਤਾੜੇ ਤੇ ਪਿਛਾੜੇ ਵਰਗਾਂ ਅਤੇ ਇਸਤਰੀ ਸਮਾਜ ਦੀ ਦਸ਼ਾ ਵਿਚ ਬੇਜੋੜ ਗਿਣਨਾਤਮਕ ਤੇ ਗੁਣਾਤਮਕ ਪਰਿਵਰਤਨ ਆਏ. ਉਨ੍ਹਾਂ ਤੋਂ ਪਹਿਲਾਂ ਅੰਬੇਡਕਰ ਭਵਨ ਟਰੱਸਟ ਦੇ ਚੇਅਰਮੈਨ ਪ੍ਰੋਫੈਸਰ ਸੋਹਨ ਲਾਲ ਰਿਟਾ. ਡੀ ਪੀ ਆਈ (ਕਾਲਜਾਂ) ਨੇ ਮੁਖ ਮਹਿਮਾਨ ਦਾ ਸਵਾਗਤ ਕਰਦਿਆਂ ਸਮਾਜ ਭਲਾਈ ਦੇ ਕੰਮਾਂ ਲਈ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ ਅਤੇ ਭਾਰਤ ਦੀ ਰਾਜਨੀਤੀ ਤੇ ਸਮਾਜਿਕ ਕ੍ਰਾਂਤੀ ਲਈ ਬਾਬਾ ਸਾਹਿਬ ਦੇ ਯੋਗਦਾਨ ਦਾ ਜਿਕਰ ਕੀਤਾ.

ਇਸ ਅਵਸਰ ਤੇ ਅੰਬੇਡਕਰ ਭਵਨ ਦੇ ਸੰਸਥਾਪਕ ਟਰੱਸਟੀ ਅਤੇ ਭੀਮ ਪਤ੍ਰਿਕਾ ਦੇ ਸੰਪਾਦਕ ਐੱਲ ਆਰ ਬਾਲੀ ਨੇ ਕਿਹਾ ਕਿ ਡਾ. ਅੰਬੇਡਕਰ ਸਾਹਿਬ ਦੇ ਅਣਥੱਕ ਯਤਨਾਂ ਦੁਆਰਾ ਸਮਾਨਤਾ , ਸੁਤੰਤਰਤਾ, ਭਾਈਚਾਰਕ ਏਕਤਾ ਅਤੇ ਸਮਾਜਿਕ ਨਿਆਂ ਉਪਰ ਅਧਾਰਿਤ ਸਿਰਜੇ ਗਏ ਭਾਰਤੀ ਸੰਵਿਧਾਨ ਨੂੰ ਵੇਲੇ ਦੀਆਂ ਸਰਕਾਰਾਂ ਨੇ ਪੂਰੀ ਤਰ੍ਹਾਂ ਅਮਲ ਵਿਚ ਨਹੀਂ ਲਿਆਂਦਾ. ਜਿਸਦੇ ਸਿੱਟੇ ਵਜੋਂ ਆਜ਼ਾਦੀ ਦੇ 75 ਸਾਲ ਬਾਦ ਵੀ ਅੱਜ ਦੇਸ਼ਵਾਸੀ ਗਰੀਬੀ, ਭੁੱਖਮਰੀ, ਕੁਪੋਸ਼ਣ , ਬੇਰੁਜਗਾਰੀ, ਅਣਪੜ੍ਹਤਾ, ਫਿਰਕੂ-ਕੱਟੜਤਾ, ਅੰਧਵਿਸ਼ਵਾਸਾਂ, ਅਤੇ ਜਾਤੀ ਵਿਤਕਰਿਆਂ ਦੇ ਸ਼ਿਕਾਰ ਹੋ ਰਹੇ ਹਨ. ਮਹਿੰਗਾਈ, ਭ੍ਰਿਸ਼ਟਾਚਾਰ ਅਤੇ ਇਖਲਾਕੀ ਗਿਰਾਵਟ ਨੇ ਆਮ ਆਦਮੀ ਦਾ ਜੀਉਣਾ ਮੁਸ਼ਕਿਲ ਕਰ ਦਿੱਤਾ ਹੈ. ਉਨ੍ਹਾਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਪੀੜਤ ਲੋਕਾਂ ਅਤੇ ਘੱਟ ਗਿਣਤੀਆਂ ਨੂੰ ਇਨ੍ਹਾਂ ਸਮੱਸਿਆਵਾਂ ਤੋਂ ਨਿਜਾਤ ਹਾਸਿਲ ਕਰਨ ਲਈ ਆਪਸੀ ਏਕਤਾ ਸਥਾਪਿਤ ਕਰਕੇ ਵਿਚਾਰਕ ਤੌਰ ਤੇ ਸੰਵਿਧਾਨ ਨੂੰ ਲਾਗੂ ਕਰਵਾਉਣ ਲਈ ਯਤਨ ਕਰਨੇ ਚਾਹੀਦੇ ਹਨ.

ਉਨ੍ਹਾਂ ਤੋਂ ਇਲਾਵਾ ਮੁਖ ਬੁਲਾਰਿਆਂ ਵਜੋਂ ਡਾ. ਰਾਮ ਲਾਲ ਜੱਸੀ, ਐਡਵੋਕੇਟ ਪਰਮਿੰਦਰ ਸਿੰਘ ਖੁੱਤਣ ਅਤੇ ਜਸਵਿੰਦਰ ਵਰਿਆਣਾ ਨੇ ਵੀ ਬਾਬਾ ਸਾਹਿਬ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਦੇਸ਼ ਦੇ ਵਰਤਮਾਨ ਹਾਲਾਤ ਉੱਤੇ ਚਿੰਤਾ ਪ੍ਰਗਟ ਕਰਦਿਆਂ ਬਾਬਾ ਸਾਹਿਬ ਦੀ ਵਿਚਾਰਧਾਰਾ ਦੀ ਪ੍ਰਸੰਗਕਿਤਾ ਉੱਪਰ ਵਿਚਾਰ ਪ੍ਰਗਟ ਕੀਤੇ . ਹੋਰਨਾਂ ਤੋਂ ਇਲਾਵਾ ਇਸ ਸਮਾਗਮ ਵਿਚ ਡਾ. ਜੀ ਸੀ ਕੌਲ, ਬਲਦੇਵ ਭਾਰਦਵਾਜ, ਹਰਮੇਸ਼ ਜੱਸਲ, ਚਰਨ ਦਾਸ ਸੰਧੂ, ਡਾ. ਰਾਹੁਲ, ਡਾ. ਟੀ ਐੱਲ ਸਾਗਰ, ਡਾ. ਰਵੀ ਕਾੰਤ ਪਾਲ, ਮਦਨ ਲਾਲ, ਮਨੋਹਰ ਲਾਲ ਭੱਠੇ , ਰਾਮ ਲਾਲ ਦਾਸ, ਗੁਰਦਿਆਲ ਜੱਸਲ, ਹਰਭਜਨ ਨਿਮਤਾ, ਨਿਰਮਲ ਬਿਨਜੀ, ਮੋਹਨ ਲਾਲ, ਪ੍ਰੋਫ਼ ਬਲਬੀਰ, ਅਸ਼ਵਨੀ ਜੱਸਲ, ਪਿਸ਼ੋਰੀ ਲਾਲ ਸੰਧੂ, ਧਨੀ ਰਾਮ ਸੂਦ , ਚਮਨ ਲਾਲ ਸਾਂਪਲਾ, ਰਾਜੇਸ਼ ਬਿਰਦੀ ਆਦਿ ਮੌਜੂਦ ਸਨ.

ਬਲਦੇਵ ਰਾਜ ਭਾਰਦਵਾਜ
ਵਿੱਤ ਸਕੱਤਰ
ਅੰਬੇਡਕਰ ਭਵਨ ਟਰੱਸਟ (ਰਜਿ)
ਡਾ. ਅੰਬੇਡਕਰ ਮਾਰਗ, ਜਲੰਧਰ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਾਹਿਤ ਮਾਫੀਆ
Next articlePalestinian killed by Israeli military for drive-by shooting attack