* ਸਮਾਜ ਦੀ ਤਰੱਕੀ ਵਾਸਤੇ, ਧੀਆਂ ਨੂੰ ਵੱਧ ਪੜ੍ਹਾਓ -ਪ੍ਰਿੰ. ਜੱਸਲ
*ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੀਆਂ ਕਲਾਵਾਂ ਪੇਸ਼

ਜਲੰਧਰ, (ਸਮਾਜ ਵੀਕਲੀ) (ਪਰਮਜੀਤ ਜੱਸਲ )-ਡਾ. ਬੀ. ਆਰ. ਅੰਬੇਡਕਰ ਪਬਲਿਕ ਸਕੂਲ ਬੁਲੰਦਪੁਰ ,ਜਲੰਧਰ ਵਿਖੇ ਪ੍ਰਿੰਸੀਪਲ ਦੀ ਅਗਵਾਈ ਹੇਠ “ਤੀਆਂ ਦਾ ਮੇਲਾ ” ਕਰਵਾਇਆ ਗਿਆ। ਇਸ ਦੀ ਸ਼ੁਰੂਆਤ ਕਰਦਿਆਂ ਸਕੂਲ ਦੇ ਪ੍ਰਿੰਸੀਪਲ ਪਰਮਜੀਤ ਜੱਸਲ ਨੇ ਕਿਹਾ ਕਿ “ਜੇਕਰ ਤੁਸੀਂ ਸਮਾਜ ਦੀ ਤਰੱਕੀ ਨੂੰ ਦੇਖਣਾ ਚਾਹੁੰਦੇ ਹੋ ਤਾਂ ਧੀਆਂ ਨੂੰ ਵੱਧ ਤੋਂ ਵੱਧ ਪੜਾਓ। ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਕਿਹਾ ਸੀ ਕਿ ” ਸਿੱਖਿਆ ਉਹ ਸ਼ੇਰਨੀ ਦਾ ਦੁੱਧ ਹੈ ,ਜੋ ਪੀਵੇਗਾ ਉਹੀ ਦਹਾੜੇਗਾ।” ਇਸ ਲਈ ਧੀਆਂ ਦਾ ਸਤਿਕਾਰ ਕਰੋ। ਉਸ ਨੂੰ ਅੱਗੇ ਵੱਧਣ ਦੇ ਮੌਕੇ ਪ੍ਰਦਾਨ ਕਰੋ ਤਾਂ ਹੀ ਦੇਸ਼,
ਕੌਮ ਅਤੇ ਰਾਸ਼ਟਰ ਤਰੱਕੀ ਦੇ ਰਸਤੇ ‘ਤੇ ਜਾ ਸਕਦਾ ਹੈ। ਬਾਬਾ ਸਾਹਿਬ ਜੀ ਨੇ ਸੰਵਿਧਾਨ ਰਾਹੀਂ ਔਰਤਾਂ ਨੂੰ ਬਰਾਬਰਤਾ ਦੇ ਹੱਕ ਲੈ ਕੇ ਦਿੱਤੇ ਹਨ। ਜਿਸ ਨਾਲ ਉਹ ਸਮਾਜ ਦੀ ਬੇਹਤਰੀ ਲਈ ਆਪਣਾ ਵੱਡਮੁੱਲਾ ਯੋਗਦਾਨ ਪਾ ਸਕਦੀਆਂ ਹਨ। ਬੱਚਿਆਂ ਵੱਲੋਂ ਇਸ ਮੌਕੇ ‘ਤੇ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੀਆਂ ਕਲਾ ਪੇਸ਼ ਕੀਤੀਆਂ ਗਈਆਂ। ਵਿਦਿਆਰਥੀ ਤੇ ਵਿਦਿਆਰਥਣਾਂ ਪੰਜਾਬੀ ਲਿਵਾਸ ਵਿੱਚ ਹੋਰ ਵੀ ਖੂਬਸੂਰਤ ਲੱਗ ਰਹੇ ਸਨ। ਵਿਦਿਆਰਥੀਆਂ ਨੇ ਪੰਜਾਬੀ ਸੱਭਿਆਚਾਰ ਰਾਹੀਂ ਪੱਖੀਆਂ, ਫੁੱਲਕਾਰੀ ਕੱਢਣ ਦੀਆਂ ਪੇਸ਼ਕਾਰੀਆਂ ਵੀ ਕੀਤੀਆਂ। ਗਿੱਧੇ ਵਿੱਚ ਲੜਕੀਆਂ ਵੱਲੋਂ ਬੋਲੀਆਂ ਤੇ ਸਿੱਠਣੀਆਂ ਰਾਹੀਂ ਕਲਾਵਾਂ ਪੇਸ਼ ਕੀਤੀਆਂ ਗਈਆਂ। ਮੁੰਡਿਆਂ ਵੱਲੋਂ ਵੀ ਭੰਗੜੇ ਦਾ ਖੂਬ ਰੰਗ ਬੰਨ੍ਹਿਆ ਗਿਆ। ਛੋਟੇ ਬੱਚਿਆਂ ਵੱਲੋਂ ਵੀ ਗੀਤਾਂ ‘ਤੇ ਡਾਂਸ ਕੀਤਾ ਗਿਆ। ਸਕੂਲ ਦੇ ਟੀਚਰਾਂ ਵੱਲੋਂ ਵੀ ਤੀਆਂ ਦੇ ਮੇਲੇ ‘ਚ ਆਪਣੀ ਖੁਸ਼ੀ ਜ਼ਾਹਿਰ ਕੀਤੀ ਗਈ। ਵਾਇਸ ਪ੍ਰਿੰਸੀਪਲ ਸ਼੍ਰੀਮਤੀ ਸਤਵਿੰਦਰ ਕੌਰ ਨੇ ਸਕੂਲ ਦੇ ਸਟਾਫ ਦੀ ਸ਼ਲਾਘਾ ਕੀਤੀ, ਜਿਨਾਂ ਪੂਰੀ ਮਿਹਨਤ ਕਰਕੇ ਬੱਚਿਆਂ ਨੂੰ ਇਸ ਫੰਕਸ਼ਨ ਲਈ ਤਿਆਰ ਕੀਤਾ। ਇਸ ਮੇਲੇ ਦਾ ਮਕਸਦ ਪੰਜਾਬੀ ਸੱਭਿਆਚਾਰ , ਵਿਰਾਸਤ ਨਾਲ ਨਵੀਂ ਪੀੜ੍ਹੀ ਨੂੰ ਜੋੜਨਾ ਹੈ।ਉਹਨਾਂ ਸਕੂਲ ਦੀਆਂ ਅਧਿਆਪਕਾਂਵਾਂ , ਮਾਪਿਆਂ ਅਤੇ ਬੱਚਿਆਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ। ਸਕੂਲ ਦੇ ਪ੍ਰਿੰਸੀਪਲ ਵੱਲੋਂ ਤੀਆਂ ਦੇ ਮੇਲੇ ਵਿੱਚ ਭਾਗ ਲੈਣ ਵਾਲੇ ਸਾਰੇ ਬੱਚਿਆਂ ਦਾ ਸਨਮਾਨ ਕੀਤਾ ਗਿਆ। ਪ੍ਰਿੰਸੀਪਲ ਵੱਲੋਂ ਸਕੂਲ ਟੀਚਰਾਂ ਦਾ ਵੀ ਸਨਮਾਨ ਕੀਤਾ ਗਿਆ।



