* ਸਾਇੰਸ ਸਿਟੀ ਅਤੇ ਜੰਗ-ਏ- ਆਜ਼ਾਦੀ ਅਜੂਬੇ ਬਾਰੇ ਜਾਣਕਾਰੀ ਪ੍ਰਾਪਤ ਕੀਤੀ

ਜਲੰਧਰ, (ਸਮਾਜ ਵੀਕਲੀ) (ਪਰਮਜੀਤ ਜੱਸਲ)-ਡਾ. ਬੀ.ਆਰ. ਅੰਬੇਡਕਰ ਪਬਲਿਕ ਸਕੂਲ ਬੁਲੰਦਪੁਰ ਵੱਲੋਂ ਇੱਕ “ਵਿੱਦਿਅਕ ਟਰਿੱਪ “ਦਾ ਆਯੋਜਿਨ ਕੀਤਾ ਗਿਆ। ਵਿਦਿਆਰਥੀਆਂ ਨੇ ਇੱਕ ਬੱਸ ਰਾਹੀਂ ਵੱਖ- ਵੱਖ ਇਤਿਹਾਸਕ ਅਸਥਾਨਾਂ ਦੀ ਯਾਤਰਾ ਦਾ ਖੂਬ ਆਨੰਦ ਮਾਣਿਆ ਅਤੇ ਇਤਿਹਾਸਿਕ ਜਾਣਕਾਰੀ ਹਾਸਿਲ ਕੀਤੀ। ਸਭ ਤੋਂ ਪਹਿਲਾਂ ਡੇਰਾ ਸੰਤ ਸਰਵਣ ਦਾਸ ਜੀ, ਸੱਚਖੰਡ ਬੱਲਾਂ ਜਲੰਧਰ ਦੇ ਦਰਸ਼ਨ ਕੀਤੇ। ਜਿੱਥੇ ਸੰਤ ਨਿਰੰਜਨ ਦਾਸ ਮਹਾਰਾਜ ਜੀ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ। ਮਹਾਂਪੁਰਸ਼ਾਂ ਨੇ ਵਿਦਿਆਰਥੀਆਂ ਨੂੰ ਪੂਰੀ ਲਗਨ ਅਤੇ ਸਖਤ ਮਿਹਨਤ ਕਰਕੇ ਵੱਧ ਤੋਂ ਵੱਧ ਵਿੱਦਿਆ ਹਾਸਲ ਕਰਨ ਲਈ ਪ੍ਰੇਰਿਆ। ਇਸ ਤੋਂ ਬਾਅਦ ਵਿਦਿਆਰਥੀ ਹੱਸਦੇ ਖੇਡਦੇ ਸਫਰ ਕਰਦੇ ਹੋਏ ਸਾਇੰਸ ਸਿਟੀ , ਜ਼ਿਲਾ ਕਪੂਰਥਲਾ ਵਿੱਚ ਪਹੁੰਚੇ। ਸਾਇੰਸ ਸਿਟੀ ਦਾ ਨਿਰਮਾਣ 17 ਅਕਤੂਬਰ 1997 ‘ਚ ਕੀਤਾ ਗਿਆ, ਜੋ 72 ਏਕੜ ਵਿਚ ਫੈਲਿਆ ਹੋਇਆ ਹੈ। ਇਹ “ਪੁਸ਼ਪਾ ਗੁਜਰਾਲ ਸਾਇੰਸ ਸਿਟੀ ” ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਜੀ ਦੀ ਮਹਾਨ ਦੇਣ ਸਦਕਾ ਹੈ। ਜਿਉਂ ਹੀ ਟਿਕਟਾਂ ਲੈ ਕੇ ਵਿਦਿਆਰਥੀ ਤੇ ਅਧਿਆਪਕ ਸਾਇੰਸ ਸਿਟੀ ਦੇ ਅੰਦਰ ਦਾਖਲ ਹੋਏ ਤਾਂ ਇੰਝ ਮਹਿਸੂਸ ਹੋ ਰਿਹਾ ਸੀ ਜਿਵੇਂ ਅਸੀਂ ਪੁਲਾੜ ਦੀ ਦੁਨੀਆਂ ‘ਚ, ਇੱਕ ਵੱਖਰੀ ਦੁਨੀਆਂ 
ਵਿੱਚ ਪਹੁੰਚ ਗਏ ਹਾਂ। ਪੁਲਾੜ ਵਿਗਿਆਨ ਅਤੇ ਵਿਗਿਆਨੀਆਂ ਬਾਰੇ ਕਾਫੀ ਜਾਣਕਾਰੀ ਮਿਲੀ। ਗੈਲਰੀ ਵਿੱਚ ਜਹਾਜ਼ ਕਿਵੇਂ ਉਪਰ ਚੜ੍ਹਦਾ ਹੈ। ਪਹਿਲਾ ਮਨੁੱਖ ਕਿਸ ਤਰ੍ਹਾਂ ਦਾ ਸੀ। ਭਾਰਤ ਦੇ ਵੱਖ -ਵੱਖ ਰਾਜਾਂ, ਮਿੱਟੀ ਦੀਆਂ ਕਿਸਮਾਂ, ਪੰਛੀਆਂ ਅਤੇ ਉਹਨਾਂ ਦੀਆਂ ਆਵਾਜ਼ਾਂ ਬਾਰੇ ਵੀ ਜਾਣਕਾਰੀ ਹਾਸਿਲ ਕੀਤੀ। ਡਾਇਨਾਸੋਰ ਪਾਰਕ ਵਿੱਚ ਲੱਗੇ ਵੱਡੇ ਵੱਡੇ ਡਾਇਨਾਸੋਰ ਨੂੰ ਦੇਖਿਆ ਅਤੇ ਉਹਨਾਂ ਦੀਆਂ ਆਵਾਜ਼ਾਂ ਨੂੰ ਸੁਣ ਕੇ ਤਾਂ ਵਿਦਿਆਰਥੀ ਘਬਰਾ ਗਏ। ਜਿਵੇਂ ਉਹ ਸੱਚ ਮੁੱਚ ਜਿਉਂਦੇ ਹੋਣ। ਅਧਿਆਪਕਾਂ ਨੇ ਦੱਸਿਆ, ਡਰੋ ਨਾ ਮਹਿਸੂਸ ਕਰੋ। ਸੂਰਜੀ ਘੜੀ, ਮਿੱਗ 23 ਜਹਾਜ਼ ਨੂੰ ਨੇੜੇ ਤੋਂ ਤੱਕਿਆ ਅਤੇ ਵਿਦਿਆਰਥੀਆਂ ਨੇ ਪੀਂਘਾਂ ਦਾ ਵੀ ਆਨੰਦ ਮਾਣਿਆ। ਪ੍ਰਕਿਰਤੀ ਬਾਰੇ ਫਿਲਮ ਵੀ ਦਿਖਾਈ ਗਈ। ਗਰਮੀ ਵੀ ਬਹੁਤ ਸੀ। ਸਿੱਖਾਂ ਦੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਿੰਘ (ਮੀਰੀ -ਪੀਰੀ ਦੇ ਮਾਲਕ) ਨਾਲ ਸਬੰਧਿਤ ਇਤਿਹਾਸਿਕ ਸਥਾਨ “ਗੁਰਦੁਆਰਾ ਗੰਗਸਰ ਸਾਹਿਬ, ਕਰਤਾਰਪੁਰ ” ਪਹੁੰਚੇ। ਉੱਥੇ ਨਤਮਸਤਕ ਹੋਣ ਤੋਂ ਬਾਅਦ ਗੁਰੂਆਂ ਬਾਰੇ ਜਾਣਕਾਰੀ ਦਿੱਤੀ ਗਈ । ਫਿਰ ਅਜੂਬਾ “ਜੰਗ -ਏ-ਆਜ਼ਾਦੀ “ਕਰਤਾਰਪੁਰ ‘ਚ ਪਹੁੰਚੇ। ਟਿਕਟਾਂ ਲੈ ਕੇ ਅੱਗੇ ਵਧੇ। ਬੱਚਿਆਂ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਦੀ ਫਿਲਮ ਦਿਖਾਈ ਗਈ। ਜਿਸ ਤੋਂ ਮਹਾਰਾਜਾ ਰਣਜੀਤ ਸਿੰਘ ਬਾਰੇ ਇਤਿਹਾਸਿਕ ਜਾਣਕਾਰੀ ਪ੍ਰਾਪਤ ਹੋਈ। ਫਿਰ ਵੱਖ -ਵੱਖ 7 ਫੇਸਾਂ ‘ਚ ਦੇਸ਼ ਦੀ ਆਜ਼ਾਦੀ ਖਾਤਰ ਕੁਰਬਾਨੀਆਂ ਦੇਣ ਵਾਲੇ ਗਦਰੀ ਬਾਬਿਆ, ਕੂਕਾ ਲਹਿਰ ਦੇ ਨਿੱਧੜਕ ਯੋਧਿਆ, ਸ਼ਹੀਦਾਂ ਦੇ ਸਿਰਤਾਜ ਸਰਦਾਰ ਭਗਤ ਸਿੰਘ ,ਰਾਜਗੁਰੂ ਅਤੇ ਸੁਖਦੇਵ, ਆਜ਼ਾਦੀ ਦੀ ਖਾਤਰ ਮਰ ਮਿਟਣੇ ਵਾਲੇ ਸ਼ਹੀਦਾਂ ਅਤੇ ਯੋਧਿਆਂ ਬਾਰੇ , ਜਲ੍ਹਿਆ ਵਾਲੇ ਬਾਗ ਦੇ ਸਾਕੇ, ਸ਼ਹੀਦ ਊਧਮ ਸਿੰਘ ਆਦਿ ਬਾਰੇ ਵਿਦਿਆਰਥੀਆਂ ਨੇ ਜਾਣਕਾਰੀ ਹਾਸਿਲ ਕੀਤੀ। ਸ਼ਾਮ ਦੇ 5 ਵੱਜ ਚੁੱਕੇ ਸਨ। ਫਿਰ ਵਾਪਸੀ ਕੀਤੀ। ਰਸਤੇ ਵਿੱਚ ਤੱਪ ਅਸਥਾਨ ਡੇਰਾ ਸੰਤ ਬਾਬਾ ਉਂਕਾਰ ਨਾਥ ਕਾਲਾ ਬਾਹੀਆਂ ਦੇ ਵੀ ਦਰਸ਼ਨ ਕੀਤੇ । ਇੰਝ “ਵਿੱਦਿਅਕ ਟਰਿੱਪ ” ਆਪਣੀ ਮੰਜ਼ਿਲ ‘ਤੇ ਸਫਰ ਕਰਦਾ ਹੋਇਆ ਖੁਸ਼ੀ -ਖੁਸ਼ੀ ਸਕੂਲ ਪਹੁੰਚਿਆ। ਅੰਤ ਵਿੱਚ ਪ੍ਰਿੰਸੀਪਲ ਪਰਮਜੀਤ ਜੱਸਲ ਨੇ ਸਮੂਹ ਸਟਾਫ , ਵਿਦਿਆਰਥੀਆਂ ਅਤੇ ਸਾਬਕਾ ਇੰਜ. ਗਰੀਬ ਦਾਸ ਜੀ ਦਾ ਧੰਨਵਾਦ ਕੀਤਾ। ਇਹ ਵਿੱਦਿਅਕ ਟਰਿੱਪ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਮਨਾਂ ‘ਚ ਇੱਕ ਅਮਿਟ ਪੈੜ ਛੱਡ ਗਿਆ, ਜੋ ਉਹਨਾਂ ਨੂੰ ਹਮੇਸ਼ਾ ਹੀ ਜ਼ਿੰਦਗੀ ‘ਚ ਯਾਦ ਰਹੇਗਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



