ਲੋਹੜੀ ਭਾਵੇਂ ਨਾ ਪਾਓ ਪਰ ਲੋਹੜਾ ਵੀ ਨਾ ਕਮਾਓ….

ਮਨਜੀਤ ਕੌਰ ਧੀਮਾਨ

(ਸਮਾਜ ਵੀਕਲੀ)- ਕੁੜੀਆਂ ਤੇ ਮੁੰਡਿਆਂ ਵਿੱਚ ਹਮੇਸ਼ਾਂ ਤੋਂ ਹੀ ਭੇਦਭਾਵ ਹੁੰਦਾ ਰਿਹਾ ਹੈ।ਸਾਡੇ ਸਮਾਜ ਦੀ ਸ਼ੁਰੂ ਤੋਂ ਇਹੀ ਮਾਨਸਿਕਤਾ ਰਹੀ ਹੈ ਕਿ ਔਰਤ ਦਾ ਦਰਜ਼ਾ ਮਰਦ ਤੋਂ ਨੀਵਾਂ ਹੈ। ਔਰਤ ਨੂੰ ਹਮੇਸ਼ਾਂ ਹੀ ਦਬਾਇਆ ਗਿਆ ਹੈ ਫੇਰ ਚਾਹੇ ਉਹ ਧੀ,ਪਤਨੀ ਜਾਂ ਮਾਂ ਹੀ ਕਿਉਂ ਨਾ ਹੋਵੇ। ਕਦੇ ਉਹਨਾਂ ਨੂੰ ‘ਪੱਥਰ’ ਕਿਹਾ ਗਿਆ ‘ਕਦੇ ਪੈਰ ਦੀ ਜੁੱਤੀ’ ਤੇ ਕਦੇ ਕੁੱਝ ਹੋਰ…।

ਗੁਰੂ ਨਾਨਕ ਦੇਵ ਜੀ ਨੇ ਇਸ ਦੇ ਵਿਰੁੱਧ ਇਹ ਕਹਿ ਕੇ ਆਵਾਜ਼ ਉਠਾਈ ਸੀ ਕਿ….
ਸੋ ਕਿਉ ਮੰਦਾ ਆਖੀਐ,
ਜਿਤੁ ਜੰਮਹਿ ਰਾਜਾਨ।।
ਇਸ ਨਾਲ਼ ਸਮਾਜਿਕ ਵਰਤਾਰੇ ਵਿੱਚ ਕੁੱਝ ਫਰਕ ਆਇਆ। ਲੋਕਾਂ ਦੀ ਸੋਚ ਬਦਲਣ ਲੱਗੀ।
ਹੁਣ ਆਧੁਨਿਕ ਸਮਾਂ ਚੱਲ ਰਿਹਾ ਹੈ। ਜ਼ਿਆਦਾਤਰ ਲੋਕ ਪੜ੍ਹ ਲਿਖ ਗਏ ਹਨ ਤੇ ਹੁਣ ਕੁੜੀ ਮੁੰਡੇ ਵਿੱਚ ਫ਼ਰਕ ਵੀ ਘੱਟ ਗਿਆ ਹੈ।ਜਨਸੰਖਿਆ ਵੱਧਣ ਦੀ ਸੱਮਸਿਆ ਤੋਂ ਵੀ ਲੋਕ ਜਾਗਰੂਕ ਹੋ ਰਹੇ ਹਨ। ਅੱਜ -ਕੱਲ੍ਹ ਤਾਂ ਕਈ ਮਾਪੇ ਅਜਿਹੇ ਵੀ ਹਨ ਜਿਨ੍ਹਾਂ ਦੇ ਘਰ ਇੱਕ ਹੀ ਬੱਚਾ ਹੈ ਤੇ ਉਹ ਵੀ ਕੁੜੀ ਹੈ। ਇੱਥੋਂ ਪਤਾ ਲਗਦਾ ਹੈ ਕਿ ਵਾਕਿਆ ਹੀ ਲੋਕਾਂ ਦੀ ਸੋਚ ਬਦਲੀ ਹੈ। ਅੱਜਕਲ੍ਹ ਤਾਂ ਲੋਕ ਕੁੜੀਆਂ ਦੀ ਲੋਹੜੀ ਵੀ ਪਾਉਣ ਲੱਗ ਪਏ ਹਨ ਜਦਕਿ ਪਹਿਲਾਂ ਸਿਰਫ਼ ਮੁੰਡੇ ਦੀ ਹੀ ਲੋਹੜੀ ਪਾਈ ਜਾਂਦੀ ਸੀ। ਕੁੜੀਆਂ ਜੰਮਣ ਤੇ ਤਾਂ ਲੋਕ ਮਸੋਸੇ ਜਾਂਦੇ ਸਨ। ਪਰ ਅੱਜ-ਕੱਲ੍ਹ ਲੋਕ ਕੁੜੀਆਂ ਨੂੰ ਮੁੰਡਿਆਂ ਬਰਾਬਰ ਹੀ ਪਿਆਰ ਤੇ ਸਤਿਕਾਰ ਦੇਣ ਲੱਗ ਪਏ ਹਨ।

ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈ। ਪਰ ਦੂਜੇ ਪਾਸੇ ਜਦੋਂ ਅਖਬਾਰ ਚੁੱਕੋ ਜਾਂ ਖਬਰਾਂ ਸੁਣੋ ਤਾਂ ਕਈ ਵਾਰੀ ਬੜੇ ਅਫ਼ਸੋਸਜਨਕ ਹਾਲਾਤ ਦੇਖਣ ਨੂੰ ਮਿਲਦੇ ਹਨ। ਕੁੜੀਆਂ ਨਾਲ਼ ਹੁੰਦੇ ਮਾੜੇ ਵਰਤਾਰੇ ਦੇਖ ਸੁਣ ਕੇ ਦਿਲ ਦਹਿਲ ਜਾਂਦਾ ਹੈ। ਕਿਤੇ ਬਲਾਤਕਾਰ,ਕਿਤੇ ਤੇਜ਼ਾਬ, ਕਿਤੇ ਮਾਨਸਿਕ ਤੌਰ ਤੇ ਪਰੇਸ਼ਾਨ ਕਰਨਾ ਤੇ ਕਿਤੇ ਸਹੁਰਿਆਂ ਵੱਲੋਂ ਦਾਜ ਦੀ ਬਲੀ ਚੜ੍ਹਾ ਦੇਣਾ ਹਜੇ ਵੀ ਜਾਰੀ ਹੈ। ਇਸ ਤੋਂ ਇਲਾਵਾ ਬੇਸ਼ੱਕ ਸਰਕਾਰ ਨੇ ਭਰੂਣ ਹੱਤਿਆਂ ਦੇ ਵਿਰੁੱਧ ਕਾਨੂੰਨ ਬਣਾ ਦਿੱਤਾ ਹੈ ਪਰ ਇਸਦੇ ਬਾਵਜੂਦ ਵੀ ਕੁੱਝ ਲੋਕ ਗਰਭ ਦੇ ਵਿੱਚ ਹੀ ਕੁੜੀ ਦਾ ਪਤਾ ਕਰਵਾ ਕੇ ਉਸਦੀ ਹੱਤਿਆ ਕਰਵਾ ਦਿੰਦੇ ਹਨ। ਸੋ ਦੁਨੀਆਂ ਵਿੱਚ ਆਉਣ ਤੋਂ ਪਹਿਲਾਂ ਹੀ ਉਸਦੀ ਦੁਨੀਆਂ ਖਤਮ ਹੋ ਜਾਂਦੀ ਹੈ। ਇਹ ਸੱਭ ਅਨੈਤਿਕ ਤੇ ਕਨੂੰਨ ਵਿਰੋਧੀ ਕੰਮ ਹਨ ਪਰ ਓਦੋਂ ਤੱਕ ਚੱਲਣਗੇ ਜਦੋਂ ਤੱਕ ਸਾਡੀ ਮਾਨਸਿਕਤਾ ਪੂਰੀ ਤਰ੍ਹਾਂ ਨਾਲ਼ ਸਿਹਤਮੰਦ ਨਹੀਂ ਹੁੰਦੀ।

ਇਸ ਲਈ ਅੱਜ ਅਸੀਂ ਜਿਸ ਸਮਾਜ ਦਾ ਹਿੱਸਾ ਹਾਂ ਉੱਥੇ ਕੁੜੀਆਂ ਨੇ ਆਪ ਆਪਣੀ ਥਾਂ ਬਣਾਈ ਹੈ। ਕੁੜੀਆਂ ਹਰ ਖੇਤਰ ਵਿੱਚ ਅੱਗੇ ਵੱਧ ਰਹੀਆਂ ਹਨ ਫ਼ੇਰ ਚਾਹੇ ਉਹ ਪੜ੍ਹਾਈ ਹੋਵੇ, ਨੌਕਰੀ ਜਾਂ ਵਿਜ਼ਨਸ ਹੋਵੇ ਜਾਂ ਕੋਈ ਵੀ ਹੋਰ ਔਖਾ ਬਿੱਖੜਾ ਕੰਮ ਹੋਵੇ। ਕੁੜੀਆਂ ਦੀ ਇੱਕ ਹੋਰ ਵੀ ਖਾਸੀਅਤ ਹੈ ਕਿ ਮਾਪਿਆਂ ਨੂੰ ਕਦੇ ਵੀ ਬੇਸਹਾਰਾ ਨਹੀਂ ਛੱਡਦੀਆਂ। ਬੇਸ਼ੱਕ ਮੁੰਡੇ ਵੀ ਸਰਵਣ ਪੁੱਤਰ ਹੁੰਦੇ ਹਨ ਪਰ ਕੁੜੀਆਂ ਵੀ ਮਾਪਿਆਂ ਦੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਸਮਰਪਿਤ ਹੋ ਕੇ ਨਿਭਾਉਂਦੀਆਂ ਹਨ। ਉਲਟਾ ਉਹ ਇੱਕੋ ਸਮੇਂ ਬਹੁਤ ਸਾਰੀਆਂ ਜਿੰਮੇਵਾਰੀਆਂ ਬਹੁਤ ਸਹਿਜਤਾ ਨਾਲ ਇੱਕਠੇ ਵੀ ਨਿਭਾਅ ਲੈਦੀਆਂ ਹਨ

ਇਸ ਤਰ੍ਹਾਂ ਔਰਤ ਅਤੇ ਮਰਦ ਦੋਵੇਂ ਹੀ ਸਮਾਜ ਦੇ ਅੰਗ ਹਨ। ਦੋਵੇਂ ਬਰਾਬਰ ਚੱਲਣਗੇ ਤਾਂ ਹੀ ਸਮਾਜ ਅੱਗੇ ਵੱਧੇਗਾ ਅਤੇ ਤਰੱਕੀ ਵੀ ਕਰੇਗਾ। ਸੋ ਧੀਆਂ ਦੀ ਲੋਹੜੀ ਬੇਸ਼ੱਕ ਪਾਈਏ ਜਾਂ ਨਾਂ ਪਾਈਏ ਪਰ ਯਾਦ ਰਹੇ ਕਿ ਕੁੜੀਆਂ ਨਾਲ਼ ਲੋਹੜਾ ਵੀ ਨਾ ਕਮਾਈਏ। ਕੁੜੀਆਂ ਨੂੰ ਪਿਆਰ ਸਤਿਕਾਰ ਦੇਈਏ। ਉਹਨਾਂ ਨਾਲ਼ ਧੱਕਾ ਨਾ ਕਰੀਏ ਤੇ ਨਾ ਹੋਣ ਦੇਈਏ। ਇਹੀ ਉਹਨਾਂ ਦੀ ਅਸਲੀ ਲੋਹੜੀ ਹੋਵੇਗੀ।

ਮਨਜੀਤ ਕੌਰ ਧੀਮਾਨ,
ਸ਼ੇਰਪੁਰ ਲੁਧਿਆਣਾ।
ਸੰ:9464633059

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਲੋਹੜੀ
Next articleਪੁੱਤਾਂ-ਧੀਆਂ ਦੀਆਂ ਲੋਹੜੀਆਂ