ਤੂੰ ਐਵੇਂ ਨਾ ਲਵੀਂ ਟੈਂਸ਼ਨ / ਗੁਰਦਿਆਲ ਦਲਾਲ

(ਸਮਾਜ ਵੀਕਲੀ)
ਜ਼ਮਾਨਾ ਬੀਤਿਆ ਤੇਰਾ ,ਜੋ ਰੁੜ੍ਹਦਾ ਏ ਰੁੜ੍ਹੀ ਜਾਵੇ, ਤੂੰ ਐਵੇਂ  ਨਾ  ਲਵੀਂ  ਟੈਂਸ਼ਨ।
ਜੇ ਪੀਜੇ ਨੂਡਲਾਂ ਬਰਗਰ,ਕੋਈ ਖਾਂਦਾ ਪਿਆ ਖਾਵੇ ,ਤੂੰ  ਐਵੇਂ ਨਾ  ਲਵੀਂ ਟੈਂਸ਼ਨ।
ਫਰੈਂਡਾਂ ਦੀ ਲਿਸਟ ਲੰਮੀਂ, ਪਛਾਣੇ ਜਾਣ ਨਾ ਤੈਥੋਂ, ਕਿ ਮੁੰਡਾ ਜਾਂ  ਕੁੜੀ ਕੋਈ,
ਕਿਸੇ ਨੂੰ ਨਾ ਕਦੀ ਟੋਕੀਂ, ਕਿਤੇ ਜਾਵੇ ਕਿਤੋਂ ਆਵੇ, ਤੂੰ  ਐਵੇਂ ਨਾ ਲਵੀਂ ਟੈਂਸ਼ਨ।
ਇਤਰ ਜੇ ਨੱਕ ਨੂੰ ਚੜ੍ਹਦਾ,ਤੂੰ ਅੇਵੇਂ ਨਾ ਫਿਰੀਂ ਲੜਦਾ, ਘਰੇ ਸਭ ਤੋਂ  ਰਹੀਂ ਬਚ ਕੇ,
ਖਿੰਡਾ ਕੇ ਵਾਲ਼ ਨੂੰਹ ਘੁੰਮੇਂ ਤੇ ਟਾਪਾਂ ਨਿੱਕਰਾਂ ਪਾਵੇ, ਤੂੰ  ਐਵੇਂ ਨਾ  ਲਵੀਂ  ਟੈਂਸ਼ਨ।
ਤੇਰੇ  ਕੋਲ਼ੋਂ  ਕੋਈ ਗਲਤੀ,ਜਦੋਂ ਵੀ ਸਹਿਜ ਭਾਅ ਹੋਵੇ, ਤਾਂ ਸੌਰੀ ਆਖ ਦੇਣਾ ਹੈ,
ਕਿਸੇ ਦਾ ਜੇ ਚੜ੍ਹੇ ਪਾਰਾ ਜਾਂ ਉਸ ਦਾ ਬੋਲ ਗਰਮਾਵੇ, ਤੂੰ ਐਵੇਂ ਨਾ ਲਵੀਂ ਟੈਂਸ਼ਨ।
ਸਮੇਂ  ਚੰਗੇ ਸਮੇਂ ਮਾੜੇ, ਗੁਬਾਰੇ ਵਾਂਗ ਫਟ ਜਾਂਦੇ, ਜਿਵੇਂ ਆਉਂਦੇ ਚਲੇ ਜਾਂਦੇ,
ਜੇ ਉਲ਼ਝੀ ਹੈ ਕੋਈ ਤਾਣੀ,ਉਨੂੰ ਵੀ ਵਕਤ ਸੁਲ਼ਝਾਵੇ,ਤੂੰ ਐਵੇਂ ਨਾ ਲਵੀਂ ਟੈਂਸ਼ਨ।
ਕੋਈ ਹਮਉਮਰ ਤੂੰ ਲੱਭੀਂ,ਕਿਤੇ ਅਪਣੇ ਖਿਆਲਾਂ ਦਾ,ਤੇ ਉਸ ਦੇ  ਕੋਲ਼ ਦਿਲ ਫੋਲੀਂ,
ਜਦੋਂ ਬਹੁਤਾ ਕੋਈ ਸੋਚੇ, ਉਦੋਂ ਹੀ ਚਿੱਤ ਘਬਰਾਵੇ, ਤੂੰ ਐਵੇਂ ਨਾ ਲਵੀਂ ਟੈਂਸ਼ਨ।
ਕਦੀ ਵੀ ਗਲਤ ਵਾਪਰਦਾ,ਤੇ ਤੂੰ ਕੁਝ ਕਰ ਨਹੀਂ ਸਕਦਾ,ਉਦ੍ਹਾ ਕਾਹਦਾ ਭਲਾ ਝੋਰਾ,
ਜਦੋਂ ਵੀ ਕੂੰਜ ਕੋਈ ਆਪਣੀ ਡਾਰੋਂ ਵਿਛੜ ਜਾਵੇ, ਤੂੰ ਐਵੇਂ ਨਾ   ਲਵੀਂ ਟੈਂਸ਼ਨ।
ਬੜੇ  ਬਿਗੜੈਲ ਨੇਤਾ ਨੇ ਜਿਨ੍ਹਾਂ ਦੇ ਕੰਮ ਵੀ ਮਾੜੇ, ਜਿਨ੍ਹਾਂ ਦੀ  ਅੱਖ  ਵੀ ਮਾੜੀ,
ਦੁਖੀ ਕੁੜੀਆਂ ਦੇ ਧਰਨੇ ਵਿੱਚ ਕੁਝ ਦਿਨ ਪੁੱਤ ਬਹਿ ਆਵੇ,ਤੂੰ ਐਵੇਂ ਨਾ ਲਵੀਂ ਟੈਂਸ਼ਨ।
Previous article* ਸ਼ਬਦਾਂ (Words) ਦੀ ਪਾਵਰ ਕਿਵੇਂ ਮਾਈਂਡਸੈੱਟ ਬਦਲ ਦਿੰਦੀ ਹੈ?
Next articleਸਾਹਿਬਜ਼ਾਦਾ ਜੁਝਾਰ ਸਿੰਘ ਜੀ