ਕੌੜੇ ਬੋਲ ਨਾਂ ਬੋਲੀਏ

ਬੀਨਾ ਬਾਵਾ
(ਸਮਾਜ ਵੀਕਲੀ) ਤਾਰੇ ਦੇ ਤਿੰਨੇ ਪੁੱਤ – ਨੂੰਹਾਂ ਨੇੜਲੀ ਰਿਸ਼ਤੇਦਾਰੀ ਦੇ ਵਿਆਹ ਤੋਂ ਦੇਰ ਰਾਤ ਘਰ ਮੁੜੇ ਤਾਂ ਉਸਨੇ ਡਰਦਿਆਂ ਡਰਦਿਆਂ ਕਿਹਾ, “ਓ ਭਾਈ, ਆਪ ਤਾਂ ਤੁਸੀ ਵਿਆਹ ਦੇਖ ਆਏ ਤੇ ਖਾ ਪੀ ਵੀ ਆਏ, ਮੈਂ ਸਵੇਰ ਦਾ ਭੁੱਖਣ ਭਾਣਾ ਬੈਠਾ, ਮੇਰੇ ਜੋਗੀਆਂ ਚਾਰ ਰੋਟੀਆਂ ਹੀ ਲਾਹ ਦੋ, ਮੈਂ ਖਾ ਕੇ ਦਵਾਈ ਲੈ ਲਵਾਂ।” ਤਾਰੇ ਦੀ ਗੱਲ ਸੁਣਦਿਆਂ ਹੀ ਵੱਡੀ ਨੂੰਹ ਉਸਨੂੰ ਅਬਾ ਤਬਾ ਬੋਲਣ ਲੱਗੀ, “ਤੂੰ ਸਾਡੀ ਜਾਨ ਨੂੰ ਸਿਆਪਾ ਪਾਈ ਰੱਖੀਂ, ਥੱਕ ਹਾਰ ਕੇ ਆਓ ਤਾਂ ਵੀ ਚੁੱਲੇ ਡਹਿ ਜਾਵੋ, ਤੇਰੇ ਮੰਨ ਪਕੌਣ ਨੂੰ, ਪਤਾ ਨੀਂ ਤੂੰ ਕਦੋਂ ਮਗਰੋਂ ਲਹਿਣਾ….।”ਹੋਰ ਕਿੰਨਾ ਕੁਸ਼ ਬੁੜ੍ਹ ਬੁੜ੍ਹ ਕਰਦੀ ਨੇ ਰੋਟੀ ਤਾਂ ਪਕਾ ਤੀ ਪਰ ਜਦੋਂ ਤਾਰਾ ਖਾਣ ਬੈਠਾ ਤਾਂ ਬੁਰਕੀ ਉਹਦੇ ਸੰਘ ਤੋਂ ਅੰਦਰ ਨਾਂ ਜਾਵੇ, ਉਸਨੂੰ ਆਪਣੀ ਨੂੰਹ ਦੇ ਬੋਲੇ ਅਪਸ਼ਬਦ ਤੀਰ ਵਾਂਗੂ ਚੁਭੇ ਤੇ ਉਹਦੀਆਂ ਅੱਖਾਂ ਵਿੱਚ ਅਪਮੁਹਾਰੇ ਹੰਝੂ ਆ ਗਏ। ਸੋਚਾਂ ਵਿੱਚ ਡੁੱਬੇ ਤਾਰੇ ਨੂੰ ਹੁਣ ਆਪਣੀ ਘਰਵਾਲੀ ਬੰਤੀ ਦੇ ਇਹ ਬੋਲ ਕੰਨੀ ਗੂੰਜਣ ਲੱਗੇ,”ਸਿਰ ਦਿਆ ਸਾਈਆਂ, ਤੇਰੇ ਬੋਲੇ ਕੌੜੇ ਕੁਸੈਲੇ ਬੋਲਾਂ ਨੂੰ , ਤੇਰੀਆਂ ਕੱਢੀਆਂ ਗਾਹਲਾਂ ਨੂੰ , ਮੈਂ ਚੁੱਪ ਕਰਕੇ ਸੁਣ ਲੈਂਨੀ ਆਂ ਤੇ ਅੰਦਰੋਂ ਅੰਦਰੀ ਦੁੱਖ ਪੀ ਲੈਂਨੀ ਆਂ… ਤੇਰੇ ਲੜ ਲੱਗੀ ਆਂ… ਮਾਪਿਓ ਬਾਹਰੀ ਹੁਣ ਕੀ ਰੋਸਾ ਕਰਾਂ ਤੇ ਕਿੱਥੇ ਜਾਵਾਂ?  ਆਹ ਮਾੜੇ ਬੋਲ ਬੋਲਣੇ ਸੌਖੇ ਆ ਪਰ ਸਹਿਣੇ ਬੜੇ ਔਖੇ ਆ… ਮਾੜੇ ਬੋਲ ਨਾਂ ਬੋਲੀਏ ਕਰਤਾਰੋਂ ਡਰੀਏ।”
ਅੱਜ ਤਾਰੇ ਨੂੰ ਖ਼ੁਦ ਜਦੋਂ ਨੂੰਹ ਤੋਂ ਅਪਸ਼ਬਦ ਸੁਣਨੇ ਪਏ ਤਾਂ ਉਸਨੂੰ ਲੱਗਿਆ ਕਿ ਉਹ ਤਾਂ ਆਪਣੀ ਬੰਤੀ ਨੂੰ ਨਿੱਤ ਤੜਫਾਉਂਦਾ ਰਿਹਾ। ਸੱਚ ਹੀਂ ਕਿਹਾ ਸਿਆਣਿਆਂ ਨੇ ਕਿ ਤਲਵਾਰ ਦੇ ਫੱਟ ਤਾਂ ਭਰ ਜਾਂਦੇ ਨੇ ਪਰ ਜ਼ੁਬਾਨ ਦੇ ਦਿਲ ਚੀਰਵੇਂ ਅਪਸ਼ਬਦਾਂ ਵਾਲੇ ਫੱਟ ਕਦੇ ਨੀਂ ਭਰਦੇ। ਕਿਸੇ ਨੂੰ ਕੌੜੇ ਬੋਲ ਨਾਂ ਬੋਲੀਏ, ਮੂੰਹੋਂ ਕੱਢਣ ਤੋਂ ਪਹਿਲਾਂ ਤੋਲੀਏ ਤੇ ਫੇਰ ਹੀ ਕੁੱਝ ਬੋਲੀਏ। ਹੁਣ ਤਾਰਾ ਮਨ ਹੀ ਮਨ ਸਵਰਗਵਾਸੀ ਬੰਤੀ ਤੋਂ ਮਾਫੀਆਂ ਮੰਗ ਰਿਹਾ ਸੀ।
ਬੀਨਾ ਬਾਵਾ, ਲੁਧਿਆਣਾ 
(ਐੱਮ ਏ ਆਨਰਜ਼, ਐੱਮ ਫ਼ਿਲ ਪੰਜਾਬੀ )
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਦੀ ਕਾਨੂੰਨੀ ਟੀਮ ਦਾ ਹੋਰ ਵਿਸਥਾਰ
Next articleਘਰ ਦਾ ਜੋਗੀ ਜੋਗੜਾ