(ਸਮਾਜ ਵੀਕਲੀ)
ਅੱਜ-ਕਲ੍ਹ ਦੀ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ ਇਨਸਾਨ ਸਾਰੀ ਉਮਰ ਨੱਠ-ਭੱਜ, ਆਪਣੀ ਪੜ੍ਹਾਈ, ਆਪਣਾ ਕਰੀਅਰ ਸੈੱਟ ਕਰਨ, ਫਿਰ ਘਰ-ਪਰਿਵਾਰ ਅਤੇ ਬੱਚਿਆਂ ਦਾ ਕਰੀਅਰ ਬਣਾਉਣ ’ਤੇ ਲਾ ਦਿੰਦਾ ਹੈ ਪਰ ਜਦੋਂ ਉਹ ਸੱਠ ਕੁ ਸਾਲ ਦੀ ਉਮਰ ’ਤੇ ਪਹੁੰਚਦਾ ਹੈ ਤਾਂ ਬੱਚੇ ਤਕਰੀਬਨ ਸੈੱਟ ਹੋ ਗਏ ਹੁੰਦੇ ਹਨ ਤੇ ਵਿਆਹੇ ਜਾਂਦੇ ਹਨ। ਜੇ ਉਹ ਨੌਕਰੀ ਕਰਦਾ ਹੋਵੇ ਤਾਂ ਉਸ ਸਮੇਂ ਤਕ ਸੇਵਾਮੁਕਤ ਹੋ ਜਾਂਦਾ ਹੈ। ਗੱਲ ਕੀ ਉਹ ਜੀਵਨ ਦੇ ਰੁਝੇਵਿਆਂ ਤੋਂ ਵਿਹਲਾ ਹੋ ਜਾਂਦਾ ਹੈ ਤੇ ਉਸ ਸਮੇਂ ਇਕੱਲਾਪਨ ਮਹਿਸੂਸ ਕਰਦਾ ਹੈ। ਬੱਚੇ ਆਪੋ-ਆਪਣੇ ਰੁਝੇਵਿਆਂ ਵਿੱਚ ਰੁੱਝੇ ਰਹਿੰਦੇ ਹਨ ਅਤੇ ਉਸ ਨੂੰ ਇਸ ਗੱਲ ਦਾ ਝੋਰਾ ਲੱਗ ਜਾਂਦਾ ਹੈ ਕਿ ਜਿਨ੍ਹਾਂ ਬੱਚਿਆਂ ਦੀ ਜ਼ਿੰਦਗੀ ਬਣਾਉਣ ਲਈ ਉਸ ਨੇ ਆਪਣੀ ਸਾਰੀ ਜ਼ਿੰਦਗੀ ਲਾ ਦਿੱਤੀ, ਉਨ੍ਹਾਂ ਕੋਲ ਬੈਠ ਕੇ ਉਸ ਨਾਲ ਦੋ ਮਿੰਟ ਗੱਲ ਕਰਨ ਦੀ ਵੀ ਵਿਹਲ ਨਹੀਂ।
ਬਹੁਤ ਸਾਰੇ ਘਰਾਂ ਵਿੱਚ ਪਰਿਵਾਰ ਵਿੱਚ ਰਹਿੰਦੇ ਹੋਏ ਵੀ ਇਨਸਾਨ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦਾ ਹੈ ਖਾਸ ਕਰਕੇ ਬਜ਼ੁਰਗ। ਹਰ ਕੋਈ ਆਪਣੇ ਆਪ ਤਕ ਸੀਮਤ ਹੋਈ ਜਾਂਦਾ ਹੈ। ਆਪੋ-ਆਪਣੇ ਬੈੱਡ ਰੂਮ, ਸਾਰੇ ਆਪਣੇ ਰੁਝੇਵਿਆਂ ਵਿੱਚ ਮਸਤ, ਕਿਸੇ ਨੂੰ ਪਰਿਵਾਰ ਦੇ ਕਿਸੇ ਮੈਂਬਰ ਨਾਲ ਜਿਵੇਂ ਕੋਈ ਮਤਲਬ ਹੀ ਨਹੀਂ। ਬਾਕੀ ਰਹਿੰਦੀ ਕਸਰ ਸਾਡੇ ਕੰਪਿਊਟਰਾਂ ਅਤੇ ਮੋਬਾਈਲ ਫੋਨਾਂ ਨੇ ਪੂਰੀ ਕਰ ਦਿੱਤੀ ਹੈ। ਅੱਜ ਕੋਈ ਕਰਮਾਂ ਵਾਲਾ ਪਰਿਵਾਰ ਹੀ ਹੋਵੇਗਾ ਜਿੱਥੇ ਰਾਤ ਨੂੰ ਪਰਿਵਾਰ ਦੇ ਸਾਰੇ ਮੈਂਬਰ ਇਕੱਠੇ ਬੈਠ ਕੇ ਗੱਲਬਾਤ ਕਰਨ, ਇੱਕ ਦੂਜੇ ਦਾ ਹਾਲ ਪੁੱਛਣ ਤੇ ਆਪਣਾ ਦੱਸਣ। ਕਈ ਵਾਰੀ ਤਾਂ ਬੱਚੇ ਨੌਕਰੀਆਂ ਦੀਆਂ ਮਜਬੂਰੀਆਂ ਕਾਰਨ ,ਮਾਪਿਆਂ ਤੋਂ ਦੂਰ ਰਹਿੰਦੇ ਹਨ ਤੇ ਕਦੇ ਕਦਾਈਂ ਹੀ ਮਿਲਣ ਆਉਂਦੇ ਹਨ।
ਬਹੁਤੇ ਬੱਚੇ ਰੋਜ਼ੀ-ਰੋਟੀ ਦੀ ਖਾਤਿਰ ਵਿਦੇਸ਼ਾਂ ਨੂੰ ਤੁਰ ਜਾਂਦੇ ਹਨ ਅਤੇ ਪਿੱਛੋਂ ਮਾਂ-ਬਾਪ ਨੂੰ ਇਕਲਾਪਾ ਸਹਿਣਾ ਪੈਂਦਾ ਹੈ ਪਰ ਕਈ ਵਾਰੀ ਉਸ ਪਰਿਵਾਰ ਦੀ ਨੂੰਹ ਹੀ ਸੱਸ-ਸਹੁਰੇ ਨਾਲ ਰਹਿਣਾ ਪਸੰਦ ਨਹੀਂ ਕਰਦੀ ਅਤੇ ਅੱਡ ਹੋ ਕੇ ਆਪਣੇ ਪਤੀ ਤੇ ਬੱਚਿਆਂ ਨੂੰ ਲੈ ਕੇ ਦੂਰ ਚਲੀ ਜਾਂਦੀ ਹੈ। ਇਨ੍ਹਾਂ ਸਾਰੇ ਹਾਲਾਤਾਂ ਵਿੱਚ ਜਿੰਨਾ ਚਿਰ ਤਾਂ ਬਜ਼ੁਰਗਾਂ ਦਾ ਮੀਆਂ-ਬੀਵੀ ਦਾ ਸਾਥ ਬਣਿਆ ਰਹੇ-ਉਨਾਂ ਚਿਰ ਤਾਂ ਉਹ ਵਿਚਾਰੇ ਇੱਕ-ਦੂਜੇ ਨਾਲ ਗੱਲਬਾਤ ਕਰਕੇ ਆਪਣੇ ਦੁੱਖ-ਸੁੱਖ ਸਾਂਝੇ ਕਰ ਲੈਂਦੇ ਹਨ ਪਰ ਰੱਬ ਨਾ ਕਰੇ ਜੇ ਕੋਈ ਇੱਕ ਸਾਥੀ ਤੁਰ ਜਾਵੇ ਤਾਂ ਦੂਜੇ ਲਈ ਫਿਰ ਜ਼ਿੰਦਗੀ ਇੱਕ ਬੋਝ ਬਣ ਕੇ ਰਹਿ ਜਾਂਦੀ ਹੈ ਤੇ ਉਸ ਨੂੰ ਇਕੱਲਾਊ ਵੱਢ-ਵੱਢ ਖਾਣ ਲੱਗ ਜਾਂਦਾ ਹੈ। ਉਹ ਆਪਣੀ ਕਿਸਮਤ ਨੂੰ ਕੋਸਦਾ ਹੋਇਆ ਢਹਿੰਦੀਆਂ ਕਲਾਂ ਵਿੱਚ ਚਲਾ ਜਾਂਦਾ ਹੈ।
ਚਾਹੇ ਉਹ ਦੇਸ਼ ਹੋਵੇ, ਚਾਹੇ ਵਿਦੇਸ਼, ਬਜ਼ੁਰਗਾਂ ਦਾ ਇਹ ਹਾਲ ਹਰ ਥਾਂ ਤਕਰੀਬਨ ਇਕੋ ਜਿਹਾ ਹੀ ਹੈ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਇਕੱਲ ਦੀਆਂ ਜ਼ੰਜੀਰਾਂ ਨੂੰ ਤੋੜ ਕੇ ਇਸ ਨੂੰ ਕਿਵੇਂ ਦੂਰ ਕੀਤਾ ਜਾਏ? ਹਰ ਇਨਸਾਨ ਅੰਦਰ ਕੋਈ ਨਾ ਕੋਈ ਗੁਣ ਛੁਪਿਆ ਹੁੰਦਾ ਹੈ। ਬਚਪਨ ਤੋਂ ਹੀ ਉਸ ਨੂੰ ਕੋਈ ਨਾ ਕੋਈ ਸ਼ੌਂਕ ਜ਼ਰੂਰ ਹੁੰਦਾ ਹੈ। ਕਈ ਵਾਰੀ ਜ਼ਿੰਦਗੀ ਦੇ ਹਾਲਾਤ ਜਾਂ ਆਰਥਿਕ ਬੋਝ ਥੱਲੇ ਸਾਡਾ ਉਹ ਗੁਣ ਜਾਂ ਸ਼ੌਂਕ ਦੱਬ ਕੇ ਰਹਿ ਜਾਂਦਾ ਹੈ ਜਾਂ ਕਹਿ ਲਵੋ ਕਿ ਅਸੀਂ ਬਣਨਾ ਕੁਝ ਹੋਰ ਚਾਹੁੰਦੇ ਹਾਂ ਤੇ ਹਾਲਾਤ ਸਾਨੂੰ ਕੁਝ ਹੋਰ ਬਣਾ ਦਿੰਦੇ ਹਨ ਜਾਂ ਫਿਰ ਸਾਰੀ ਉਮਰ ਘਰ ਦੀਆਂ ਜ਼ਿੰਮੇਵਾਰੀਆਂ ਨਿਭਾਉਂਦੇ-ਨਿਭਾਉਂਦੇ ਸਾਡਾ ਆਪਣੇ ਸ਼ੌਕ ਵੱਲ ਧਿਆਨ ਹੀ ਨਹੀਂ ਜਾਂਦਾ। ਇਸ ਲਈ ਸੀਨੀਅਰ-ਸਿਟੀਜ਼ਨ ਬਣ ਕੇ ਹੀ ਸਾਡੇ ਹੱਥ ਇਹ ਮੌਕਾ ਆਉਂਦਾ ਹੈ ਕਿ ਅਸੀਂ ਆਪਣੇ ਅੰਦਰ ਛੁਪੇ ਹੋਏ ਗੁਣ ਨੂੰ ਪਛਾਣੀਏ, ਉਸ ਨੂੰ ਮੁੜ ਉਜਾਗਰ ਕਰੀਏ ਤੇ ਜੁੱਟ ਜਾਈਏ ਕੁਝ ਕਰਨ ਲਈ।
ਕੁਝ ਨਵਾਂ ਸਿਰਜਣ ਲਈ, ਆਪਣੀ ਜ਼ਿੰਦਗੀ ਦੇ ਤਜਰਬਿਆਂ ਤੋਂ ਸਮਾਜ ਨੂੰ ਸੇਧ ਦੇਣ ਲਈ। ਘਰ ਦੀ ਚਾਰਦੀਵਾਰੀ ਤੋਂ ਬਾਹਰ ਨਿੱਕਲੋ। ਆਪਣੇ ਆਪ ਲਈ ਰੁਝੇਵੇਂ ਪੈਦਾ ਕਰੋ। ਤੁਹਾਨੂੰ ਇੱਕ ਨਵਾਂ ਜੀਵਨ ਮਿਲੇਗਾ। ਜੇ ਕਿਸੇ ਕੋਲ ਕਲਮ ਹੈ, ਉਹ ਚੰਗਾ ਲਿਖ ਸਕਦਾ ਹੈ ਤਾਂ ਸਾਹਿਤਕ ਸਭਾਵਾਂ ਨਾਲ ਜੁੜ ਕੇ ਆਪਣੇ ਇਸ ਗੁਣ ਰਾਹੀਂ ਸਮਾਜ ਨੂੰ ਨਰੋਈ ਸੇਧ ਦੇ ਸਕਦਾ ਹੈ। ਕੋਈ ਵਧੀਆ ਗਾ ਸਕਦਾ ਹੈ, ਕੋਈ ਵਧੀਆ ਬੁਲਾਰਾ ਹੈ, ਕੋਈ ਨਰੋਈ ਸਿਹਤ ਬਾਰੇ ਜਾਣਕਾਰੀ ਦੇ ਸਕਦਾ ਹੈ, ਕੋਈ ਆਪਣੀ ਜ਼ਿੰਦਗੀ ਦੇ ਕੌੜੇ-ਮਿੱਠੇ ਤਜਰਬੇ ਹੀ ਦੂਜਿਆਂ ਨਾਲ ਸਾਂਝੇ ਕਰਕੇ ਉਨ੍ਹਾਂ ਦਾ ਮਾਰਗ-ਦਰਸ਼ਕ ਬਣ ਸਕਦਾ ਹੈ, ਕੋਈ ਆਪਣੀ ਕਲਾ ਨਵੀਂ ਪੀੜ੍ਹੀ ਨੂੰ ਸਿਖਾ ਕੇ ਖੁਸ਼ੀ ਮਹਿਸੂਸ ਕਰ ਸਕਦਾ ਹੈ। ਇਸ ਲਈ ਅਨੇਕਾਂ ਕੰਮ ਹਨ ਇਸ ਦੁਨੀਆਂ ਵਿੱਚ ਕਰਨ ਲਈ ਜਿਨ੍ਹਾਂ ਦੇ ਕਰਨ ਨਾਲ ਤੁਹਾਡਾ ਇਕੱਲਾਪਨ ਤਾਂ ਦੂਰ ਹੋਵੇਗਾ ਹੀ ਨਾਲ ਹੀ ਤੁਸੀਂ ਸਮਾਜ ਵਿੱਚ ਆਪਣੀ ਇੱਕ ਅਲੱਗ ਪਛਾਣ ਵੀ ਬਣਾ ਸਕੋਗੇ।
ਹੁਣ ਵੇਲਾ ਹੈ-ਇੱਕ ਸੂਚੀ ਬਣਾਓ ਉਨ੍ਹਾਂ ਕੰਮਾਂ ਦੀ ਜੋ ਤੁਸੀ ਚਾਹੁੰਦੇ ਹੋਏ ਵੀ ਜ਼ਿੰਦਗੀ ਦੇ ਰੁਝੇਵਿਆਂ ਕਾਰਨ ਨਹੀਂ ਕਰ ਸਕੇ ਜਾਂ ਜੋ ਅਧੂਰੇ ਰਹਿ ਗਏ ਤੇ ਜੁਟ ਜਾਓ ਉਨ੍ਹਾਂ ਕੰਮਾਂ ਵਿੱਚ ਤੇ ਹੁਣ ਆਪਣੇ ਸੁਪਨੇ ਪੂਰੇ ਕਰੋ। ਪਰਿਵਾਰ ਦੇ ਝੋਰੇ ਛੱਡੋ, ਆਪਣੀ ਸਿਹਤ ਦਾ ਪੂਰਾ ਧਿਆਨ ਰੱਖੋ ਅਤੇ ਇਹ ਸੋਚੋ ਕਿ ਸਮਾਜ ਨੂੰ ਤੁਹਾਡੀ ਅਜੇ ਬਹੁਤ ਲੋੜ ਹੈ। ਲੋੜਵੰਦਾਂ ਦੀ ਤਨ-ਮਨ-ਧਨ ਨਾਲ ਮਦਦ ਕਰੋ। ਤੁਹਾਡੇ ਕੋਲ ਤਜਰਬਿਆਂ ਦਾ ਖ਼ਜ਼ਾਨਾ ਹੈ, ਇਸ ਖ਼ਜ਼ਾਨੇ ਦੇ ਹੀਰੇ-ਮੋਤੀ ਸਮਾਜ ਨੂੰ ਵੰਡੋ। ਹਾਂ-ਪੱਖੀ ਸੋਚ ਅਪਣਾਓ,ਨਾਂਹ-ਪੱਖੀ ਸੋਚ ਨੂੰ ਨੇੜੇ ਨਾ ਢੁੱਕਣ ਦਿਓ। ਸਾਰੀ ਉਮਰ ਨਵਾਂ ਸਿੱਖਣ ਦੀ ਆਦਤ ਪਾਓ-ਕਿਉਂਕਿ ਹਰ ਇਨਸਾਨ ਅਧਿਆਪਕ ਵੀ ਹੈ ਤੇ ਵਿਦਿਆਰਥੀ ਵੀ। ਚੰਗੀਆਂ ਕਿਤਾਬਾਂ,ਅਖ਼ਬਾਰਾਂ,ਰਸਾਲੇ ਪੜ੍ਹ ਕੇ ਜਾਂ ਰੇਡੀਓ-ਟੀ.ਵੀ ਤੋਂ ਵਧੀਆ ਪ੍ਰੋਗਰਾਮ ਸੁਣ ਕੇ ਆਪਣੇ ਗਿਆਨ ਵਿੱਚ ਵਾਧਾ ਕਰਦੇ ਰਹੋ ਕਿਉਂਕਿ ਗਿਆਨ ਦੀ ਕੋਈ ਸੀਮਾ ਨਹੀਂ ਹੁੰਦੀ।
ਜੇ ਪਰਿਵਾਰ ਵਿੱਚ ਰਹਿੰਦੇ ਹੋ ਤਾਂ ਬੱਚਿਆਂ ਨੂੰ ਬਿਨਾਂ ਮੰਗੇ ਆਪਣੀ ਸਲਾਹ ਨਾ ਦਿਓ। ਉਨ੍ਹਾਂ ਨੂੰ ਆਪਣੇ ਫ਼ੈਸਲੇ ਖ਼ੁਦ ਕਰਨ ਦਿਓ। ਜੇ ਕੰਪਿਊਟਰ ਨਹੀਂ ਆਉਂਦਾ ਤਾਂ ਸਿੱਖ ਲਵੋ। ਆਪਣੇ ਆਪ ਨੂੰ ਸਵੈ-ਨਿਰਭਰ ਬਣਾਓ। ਪਰਿਵਾਰ ਦੇ ਮੈਂਬਰਾਂ ਤੋਂ ਜ਼ਿਆਦਾ ਆਸ ਨਾ ਰੱਖੋ ਕਿਉਂਕਿ ਵੱਡੀਆਂ ਲਾਈਆਂ ਆਸਾਂ ਹੀ ਸਾਡੇ ਦੁੱਖਾਂ ਦਾ ਕਾਰਨ ਬਣਦੀਆਂ ਹਨ। ਸਾਡੇ ਸਾਹਮਣੇ ਇਸ ਤਰ੍ਹਾਂ ਦੇ ਇਨਸਾਨਾਂ ਦੀਆਂ ਬਹੁਤ ਸਾਰੀਆਂ ਮਿਸਾਲਾਂ ਹਨ ਜਿਨ੍ਹਾਂ ਨੇ ਇਸ ਉਮਰ ਵਿੱਚ ਆਪਣੀ ਇੱਕ ਨਿਵੇਕਲੀ ਪਛਾਣ ਬਣਾਈ ਹੋਈ ਹੈ। ਹਰ ਖੇਤਰ ਵਿੱਚ ਅਜਿਹੇ ਇਨਸਾਨਾਂ ਦੀਆਂ ਮਿਸਾਲਾਂ ਮਿਲ ਸਕਦੀਆਂ ਹਨ ਜਿਨ੍ਹਾਂ ਨੇ ਆਪਣੇ ਹੁਨਰ ਸਦਕਾ ਸਮਾਜ ਵਿੱਚ ਵੱਖਰੀ ਪਛਾਣ ਬਣਾ ਕੇ ਆਪਣੇ ਆਪ ਨੂੰ ਘਰੇਲੂ ਪ੍ਰੇਸ਼ਾਨੀਆਂ ਤੋਂ ਮੁਕਤ ਕਰ ਲਿਆ ਹੈ ।
ਰਾਜਿੰਦਰ ਰਾਣੀ
ਪਿੰਡ ਗੰਢੂਆਂ ਜ਼ਿਲ੍ਹਾ ਸੰਗਰੂਰ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly