(ਸਮਾਜ ਵੀਕਲੀ) “ਮੇਰੇ ਕਾਫਲੇ ਨੂੰ ਪਿੱਛੇ ਨਾ ਜਾਣ ਦਿਓ ” -ਡਾ. ਅੰਬੇਡਕਰ ਜੀ ਉਪਰੋਤਕ ਵਿਚਾਰ ਭਾਰਤੀ ਸੰਵਿਧਾਨ ਦੇ ਨਿਰਮਾਤਾ, ਦਲਿਤਾਂ ਦੇ ਮਸੀਹਾ, ਨਾਰੀ ਜਾਤੀ ਦੇ ਮੁਕਤੀ ਦਾਤਾ, ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਹਨ, ਜਿਨਾਂ ਦਾ ਪ੍ਰੀਨਿਰਵਾਣ ਦਿਵਸ ਪੂਰਾ ਵਿਸ਼ਵ ਬੜੀ ਸ਼ਰਧਾ ਤੇ ਸਤਿਕਾਰ ਨਾਲ ਮਨਾ ਰਿਹਾ ਹੈ। ਬਾਬਾ ਸਾਹਿਬ ਜੀ ਇੱਕ ਬਹੁਤ ਵੱਡੇ ਦਲਿਤ ਚਿੰਤਕ ਤੇ ਵਿਦਵਾਨ ਸਨ। ਭਵਿੱਖ ਵਿੱਚ ਬਹੁਜਨਾਂ ਦੀ ਚਿੰਤਾ ਕਰਦਿਆ ਉਹਨਾਂ ਕਿਹਾ ਸੀ ਕਿ”ਮੇਰੇ ਸਮਾਜ ਦੇ ਲੋਕੋ, ਮੈਂ ਇਹ ਕਾਫ਼ਲਾ ਬੜੀਆਂ ਦੁੱਖਾਂ, ਤਕਲੀਫਾਂ , ਕਠਿਨਾਈਆਂ ਅਤੇ ਸੰਘਰਸ਼ਾਂ ਨਾਲ ਇੱਥੇ ਤੱਕ ਲੈ ਕੇ ਆਇਆ ਹਾਂ। ਜੇ ਮੇਰੇ ਸ਼ਰਧਾਲੂ ਇਸ ਕਾਫ਼ਲੇ ਨੂੰ ਅੱਗੇ ਨਹੀਂ ਵਧਾ ਸਕਦੇ ਤਾਂ ਇਸ ਨੂੰ ਪਿੱਛੇ ਵੀ ਨਾ ਜਾਣ ਦਿੱਤਾ ਜਾਵੇ।” ਹੁਣ ਤੁਹਾਨੂੰ ਸੋਚਣਾ ਪੈਣਾ ਹੈ। ਸਾਨੂੰ ਆਪਣੇ ਲਾਲਚਾਂ, ਸਵਾਰਥਾਂ, ਐਸ਼ੋ ਆਰਮ ਨੂੰ ਤਿਆਗ ਕੇ ਬਹੁਜਨ ਮੂਵਮੈਂਟ ਨੂੰ ਮਜਬੂਤ ਬਣਾਉਣਾ ਹੋਵੇਗਾ। ਇਥੋਂ ਤੱਕ ਸਾਨੂੰ ਛੋਟੇ -ਛੋਟੇ ਸੰਗਠਨਾਂ ਤੋਂ ਨਿਜ਼ਾਤ ਪਾ ਕੇ ਇਕ ਵੱਡੇ ਬਹੁਜਨ ਸੰਗਠਨ ਨਾਲ ਜੁੜਨਾ ਹੋਵੇਗਾ। ਤਾਂ ਹੀ ਅਸੀਂ ਆਪਣੀ ਵਿਗੜੀ ਨੂੰ ਸਵਾਰ ਸਕਦੇ ਹਾਂ। ਆਪਸੀ ਏਕਾ ਹੀ ਤੁਹਾਡੀ ਮਜਬੂਤੀ ਹੈ ਨਹੀਂ ਤਾਂ ਇਹ ਮਾੜੀ ਤੇ ਘਟੀਆ ਸੋਚ ਦੀ ਮਾਨਸਿਕਤਾ ਵਾਲੇ ਲੋਕ ਤੁਹਾਡਾ ਜੀਣਾ ਦੁਰਭਰ ਕਰ ਦੇਣਗੇ। ਤੁਹਾਡੇ ਕੋਲੋਂ ਰਿਜ਼ਰਵੇਸ਼ਨ ਖੋਹ ਕੇ ਨਿੱਜੀਕਰਨ ਕੀਤਾ ਜਾ ਰਿਹਾ ਹੈ, ਜਿਸ ਕਰਕੇ ਤੁਹਾਡਾ, ਤੁਹਾਡੇ ਬੱਚਿਆਂ ਦਾ ਭਵਿੱਖ ਖਤਰੇ ਵੱਲ ਵੱਧ ਰਿਹਾ ਹੈ। ਸਰਕਾਰੀ ਅਦਾਰੇ ਪ੍ਰਾਈਵੇਟ ਹੱਥਾਂ ਵਿੱਚ ਵੇਚੇ ਜਾ ਰਹੇ ਹਨ, ਠੇਕੇਦਾਰੀ ਸਿਸਟਮ ਕੀਤਾ ਜਾ ਰਿਹਾ ਹੈ। ਜਿਸ ਨਾਲ ਰਿਜਰਵੇਸ਼ਨ ਬੰਦ ਹੋ ਜਾਵੇਗੀ। ਕਿਉਂਕਿ ਠੇਕੇਦਾਰ ਆਪਣੀ ਮਰਜ਼ੀ ਨਾਲ ਤੁਹਾਨੂੰ ਜੋਬ ਤੇ ਘੱਟ ਤਨਖਾਹ ਤੇ ਰੱਖੇਗਾ, ਜਿਸ ਨਾਲ ਤੁਹਾਡਾ ਤੇ ਤੁਹਾਡੇ ਪਰਿਵਾਰ ਦਾ ਗੁਜ਼ਾਰਾ ਨਹੀਂ ਹੋਵੇਗਾ। ਇਸ ਲਈ ਅੱਜ ਹੀ ਆਪਣੇ ਸੰਗਠਨ ਨੂੰ ਮਜਬੂਤ ਕਰਨ ਲਈ ਜਿੰਦ ਜਾਨ ਲਾ ਦਿਓ।ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਕਿਹਾ ਕਿ ਸਾਨੂੰ ਇੱਜਤ ਤੇ ਅਣਖ ਨਾਲ ਜੀਣ ਲਈ ਮਹਾਨ ਕੰਮ ਕਰਨੇ ਚਾਹੀਦੇ ਹਨ। ਜਿਵੇਂ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਿੱਖਿਆ ਗ੍ਰਹਿਣ ਕਰਵਾਉਣੀ ਚਾਹੀਦੀ ਹੈ, ਕਿਉਂਕਿ ਇੱਕ ਸਿੱਖਿਅਤ ਵਿਅਕਤੀ ਹੀ ਉੱਚ ਅਹੁਦਿਆਂ ‘ਤੇ ਪਹੁੰਚ ਕੇ ਡਾਕਟਰ, ਇੰਜੀਨੀਅਰ, ਪ੍ਰਿੰਸੀਪਲ, ਅਧਿਆਪਕ ਬਣ ਸਕੇਗਾ। ਦੂਸਰਾ ਸਿੱਖਿਅਤ ਮਨੁੱਖ ਨੂੰ ਚੰਗੇ ਮਾੜੇ ਦੀ ਪਛਾਣ ਹੋਵੇਗੀ। ਫਿਰ ਉਹ ਸੁਚੇਤ ਹੋ ਕੇ ਜੁੜਨ ਦਾ ਵਸੀਲਾ ਕਰਨਗੇ। ਜੇਕਰ ਉਨਾਂ ਦੇ ਹੱਕਾਂ ‘ਤੇ ਕੋਈ ਦੂਸਰਾ ਡਾਕਾ ਮਾਰਦਾ ਹੈ ਤਾਂ ਉਹ ਇਕੱਠੇ ਹੋ ਕੇ ਸੰਘਰਸ਼ ਕਰਕੇ ਆਪਣੇ ਹੱਕਾਂ ਨੂੰ ਪ੍ਰਾਪਤ ਕਰ ਸਕਣਗੇ। ਅਜਿਹਾ ਹੀ ਮੂਲ ਮੰਤਰ ਬਾਬਾ ਸਾਹਿਬ ਜੀ ਨੇ ਸਾਨੂੰ ਦਿੱਤਾ “ਪੜ੍ਹੋ ,ਜੁੜੋ ਤੇ ਸੰਘਰਸ਼ ਕਰੋ ” । ਸਾਡੇ ਰਹਿਬਰ ਬਾਬਾ ਸਾਹਿਬ ਜੀ ਨੇ ਸੁਨੇਹਾ ਦਿੱਤਾ ਹੈ ਕਿ ਸਾਨੂੰ ਹਮੇਸ਼ਾ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ। ਨਸ਼ਿਆਂ ਨਾਲ ਸਾਡੀ ਸਿਹਤ ਅਤੇ ਪੈਸਾ ਬਰਬਾਦ ਹੁੰਦਾ ਹੈ। ਅਸੀਂ ਇੱਕ ਦੇਸ਼ ਦੇ ਚੰਗੇ ਨਾਗਰਿਕ ਬਣ ਕੇ, ਸਮਾਜ ਅਤੇ ਦੇਸ਼ ਨੂੰ ਤਰੱਕੀ ਵੱਲ ਲਿਜਾ ਸਕਦੇ ਹਾਂ। ਬਾਬਾ ਸਾਹਿਬ ਜੀ ਨੇ ਸਾਨੂੰ ਅੱਗੇ ਵੱਧਣ ਲਈ ਅਨੁਸ਼ਾਸਨ ‘ਤੇ ਜ਼ੋਰ ਦਿੱਤਾ ਹੈ। ਅਨੁਸ਼ਾਸਨ ਅਨੁਸਾਰ ਹੀ ਮਨੁੱਖ ਉੱਚ ਮੰਜ਼ਿਲਾਂ ਨੂੰ ਸਰ ਕਰ ਸਕਦਾ ਹੈ। ਅਨੁਸ਼ਾਸਨ ਤੋਂ ਬਿਨਾਂ ਸਾਰੇ ਕੰਮ ਅਧੂਰੇ ਹੋ ਜਾਂਦੇ ਹਨ। ਇਸ ਲਈ ਜ਼ਿੰਦਗੀ ਵਿੱਚ ਅਨੁਸ਼ਾਸਨ ਦੀ ਅਹਿਮੀਅਤ ਨੂੰ ਸਮਝਣਾ ਬਹੁਤ ਜਰੂਰੀ ਹੈ। ਅਨੁਸ਼ਾਸਨ ਅਨੁਸਾਰ ਵਿਦਿਆਰਥੀ ਸਕੂਲ ਵਿੱਚੋਂ ਚੰਗੀ ਵਿੱਦਿਆ ਗ੍ਰਹਿਣ ਕਰ ਸਕਦਾ ਹੈ। ਮੁਲਾਜ਼ਮ ਵਰਗ, ਕਿਰਤੀ ਵਰਗ ਅਨੁਸ਼ਾਸਨ ਰਾਹੀ ਜ਼ਿੰਦਗੀ ਵਿੱਚ ਪਰਿਵਰਤਨ ਲਿਆ ਸਕਦਾ ਹੈ। ਬਾਬਾ ਸਾਹਿਬ ਜੀ ਨੇ ਪੜ੍ਹੇ- ਲਿਖੇ, ਬੁੱਧੀਜੀਵੀ ਵਰਗ ਨੂੰ ਆਪਣੇ ਗਰੀਬ ਭਰਾਵਾਂ ਦੀ ਆਰਥਿਕ ਪੱਖੋਂ ਵੀ ਮਦਦ ਕਰਨ ਲਈ ਪ੍ਰੇਰਨਾ ਦਿੱਤੀ ਹੈ ਤਾਂ ਜੋ ਉਹ ਵੀ ਦੂਜਿਆਂ ਬਰਾਬਰ ਖੜੇ ਹੋ ਕੇ ਆਪਣੀ ਚੰਗੀ ਜ਼ਿੰਦਗੀ ਗੁਜ਼ਾਰ ਸਕਣ। ਬਾਬਾ ਸਾਹਿਬ ਜੀ ਨੇ ਨਾਰੀ ਜਾਤੀ ਦੇ ਉਥਾਨ ਲਈ ਸੰਘਰਸ਼ ਕੀਤਾ। ਉਨਾਂ ਨੂੰ ਹਿੰਦੂ ਕੋਡ ਬਿੱਲ ਰਾਹੀਂ ਬਰਾਬਰਤਾ ਦਿੱਤੀ। ਜਿਸ ਨਾਲ ਅੱਜ ਉਹ ਜੱਜ, ਅਧਿਆਪਕ, ਪ੍ਰਧਾਨ ਮੰਤਰੀ, ਰਾਸ਼ਟਰਪਤੀ, ਮੁੱਖ ਮੰਤਰੀ ਦੇ ਅਹੁਦੇ ‘ਤੇ ਪਹੁੰਚ ਚੁੱਕੀ ਹੈ। ਸਾਨੂੰ ਆਪਣੇ ਜੀਵਨ ਵਿੱਚ ਮਹਾਨ ਕੰਮ ਕਰਨੇ ਚਾਹੀਦੇ ਹਨ ਤਾਂ ਜੋ ਸਮਾਜ, ਦੇਸ਼ ਅਤੇ ਕੌਮ ਪ੍ਰਫੁੱਲਿਤ ਹੋ ਸਕੇ। ਬਾਬਾ ਸਾਹਿਬ ਭਾਵੇਂ ਸਰੀਰਕ ਤੌਰ ‘ਤੇ ਸਾਡੇ ਦਰਮਿਆਨ ਨਹੀਂ ਹਨ। ਉਹਨਾਂ ਦੀਆਂ ਲਿਖਤਾਂ, ਪੁਸਤਕਾਂ , ਵਿਚਾਰਧਾਰਾ ਨੂੰ ਜਨ ਜਨ ਤੱਕ ਪਹੁੰਚਾਈਏ ਤਾਂ ਜੋ ਬਾਬਾ ਸਾਹਿਬ ਜੀ ਦੇ ਕਾਫਲੇ ਨੂੰ ਅੱਗੇ ਵਧਣ ਵਿੱਚ ਮਜਬੂਤੀ ਮਿਲੇ। ਪੂਰੀ ਇਮਾਨਦਾਰੀ, ਲਗਨ, ਏਕਤਾ, ਭਾਈਚਾਰਕ ਸਾਂਝ ਨਾਲ ਨਿੱਜੀ ਸਵਾਰਥਾਂ, ਨਿੱਜੀ ਹਿੱਤਾਂ ਅਤੇ ਲਾਲਚਾਂ ਤੋਂ ਉੱਪਰ ਉੱਠ ਕੇ ਬਾਬਾ ਸਾਹਿਬ ਜੀ ਦੇ ਕਾਫਲੇ ਨੂੰ ਅੱਗੇ ਵਧਾਉਣ ਲਈ ਯਤਨਸ਼ੀਲ ਹੋਈਏ। ਇਹੀ ਬਾਬਾ ਸਾਹਿਬ ਜੀ ਨੂੰ ਸਾਡੀ ਸੱਚੀ ਸ਼ਰਧਾਂਜਲੀ ਹੋਵੇਗੀ।
-ਪ੍ਰਿੰਸੀਪਲ ਪਰਮਜੀਤ ਜੱਸਲ ਡਾ. ਬੀ. ਆਰ. ਅੰਬੇਡਕਰ ਪਬਲਿਕ ਸਕੂਲ ਬੁਲੰਦਪੁਰ ਜਲੰਧਰ 98721 80653
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



