ਦਾਨ ਪੁੰਨ

0
19
ਮਨਜੀਤ ਕੌਰ ਧੀਮਾਨ

(ਸਮਾਜ ਵੀਕਲੀ)

ਦੇਖੋ! ਮਾਸਟਰ ਜੀ, ਮੈਂ ਏਸ ਵੇਲ਼ੇ ਬਹੁਤ ਰੁੱਝਿਆ ਹੋਇਆ ਹਾਂ। ਤੁਸੀਂ ਵਾਰ ਵਾਰ ਫੋਨ ਕਰਕੇ ਮੈਨੂੰ ਤੰਗ ਨਾ ਕਰੋ। ਮੈਂ ਆ ਕੇ ਵੇਖਦਾ ਹਾਂ ਤੁਹਾਡੀਆਂ ਤਨਖਾਹਾਂ ਦਾ । ਵੈਸੇ ਵੀ ਮੈਂ ਪਿੰਡ ਹੀ ਆਇਆ ਹਾਂ ਕਿਤੇ ਭੱਜ ਤਾਂ ਨਹੀਂ ਗਿਆ। ਮਾਸਟਰ ਸੁਨੀਲ ਦੇ ਫ਼ੋਨ ਕਰਨ ਤੇ ਸਕੂਲ ਮੁੱਖੀ ਹਰਮੇਸ਼ ਲਾਲ ਜੀ ਨੇ ਇੱਕੋ ਸਾਹੇ ਕਿੰਨਾ ਕੁੱਝ ਸੁਣਾ ਦਿੱਤਾ।

ਪਰ ਸ੍ਰੀਮਾਨ ਜੀ, ਮੇਰੀ ਗੱਲ ਤਾਂ ਸੁਣੋ। ਦਰਅਸਲ ਏਥੇ ਵੀ ਸਾਰੇ ਅਧਿਆਪਕ ਬਹੁਤ ਪਰੇਸ਼ਾਨ ਹਨ। ਸੱਭ ਦੀਆਂ ਆਪਣੀਆਂ ਆਪਣੀਆਂ ਮਜ਼ਬੂਰੀਆਂ ਹਨ।ਪਹਿਲਾਂ ਕਈ ਮਹੀਨੇ ਤਾਂ ਕਰੋਨਾ ਕਾਲ ਕਰਕੇ ਤਨਖ਼ਾਹ ਨਹੀਂ ਮਿਲੀ ਤੇ ਹੁਣ ਜਦੋਂ ਮਸਾਂ ਤਨਖ਼ਾਹ ਮਿਲਣ ਦਾ ਸਮਾਂ ਆਇਆ ਤਾਂ ਤੁਸੀਂ ਪਿੰਡ ਚਲੇ ਗਏ। ਮਾਸਟਰ ਸੁਨੀਲ ਨੇ ਵੀ ਆਪਣੀ ਗੱਲ ਕਹਿ ਹੀ ਦਿੱਤੀ।

ਪਤੈ! ਪਤੈ! ਮਾਸਟਰ ਜੀ ਮੈਨੂੰ ਸੱਭ ਪਤੈ ਬਈ। ਤੁਹਾਨੂੰ ਵੀ ਪਤਾ ਹੀ ਹੈ ਕਿ ਮੇਰੇ ਮਾਤਾ ਜੀ ਚੱਲ ਵਸੇ ਹਨ, ਮੈਂ ਕਿਹੜਾ ਐਵੇਂ ਆ ਕੇ ਬਹਿ ਗਿਆ ਪਿੰਡ। ਤੁਸੀਂ ਵੀ ਜ਼ਰਾ ਸਮੇਂ ਦੀ ਨਾਜ਼ੁਕਤਾ ਸਮਝਿਆ ਕਰੋ। ਹਰਮੇਸ਼ ਲਾਲ ਜੀ ਨੇ ਆਪਣਾ ਪੱਖ ਰੱਖਿਆ।

ਪਰ ਸ੍ਰੀਮਾਨ ਜੀ, ਬੁਰਾ ਨਾ ਮਨਾਇਓ ਪਰ ਤੁਹਾਡੇ ਮਾਤਾ ਜੀ 95 ਸਾਲਾਂ ਦੇ ਹੋ ਕੇ ਸਵਰਗ ਸਿਧਾਰੇ ਹਨ। ਪੋਤੇ ਪੜਪੋਤਿਆਂ ਵਾਲ਼ੇ ਹੋ ਕੇ ਗਏ ਹਨ। ਮਾਸਟਰ ਸੁਨੀਲ ਨੇ ਜਕਦਿਆਂ ਜਕਦਿਆਂ ਕਿਹਾ।

ਓ!ਹੋ !ਮਾਸਟਰ ਜੀ। ਤੁਸੀਂ ਸਮਝਦੇ ਕਿਉਂ ਨਹੀਂ ? ਏਸੇ ਲਈ ਤਾਂ ਖਰਚਾ ਵਧ ਗਿਆ। ਅਕਸਰ ਮਾਂ ਸੀ ਸਾਡੀ। ਜੋ ਪੰਡਿਤਾਂ ਨੇ ਕਹਿਣਾ ਉਹ ਦਾਨ ਪੁੰਨ ਤਾਂ ਕਰਨਾ ਹੀ ਪੈਣਾ ਸੀ। ਅਸੀਂ ਤਾਂ ਵੱਡੀ ਕਰਕੇ ਤੋਰੀ ਬੀਬੀ। ਆਖ਼ਿਰ ਸ਼ਹਿਰ ਵਿੱਚ ਐਡਾ ਵੱਡਾ ਸਕੂਲ ਸਾਡਾ। ਰੱਜ ਰੱਜ ਕੇ ਦਾਨ ਪੁੰਨ ਕੀਤਾ ਅਸੀਂ। ਜਿੱਥੇ ਸੌ ਲੱਗਣਾ ਸੀ ਉੱਥੇ ਦੋ ਸੌ ਲਗਾਇਆ। ਮੈਂ ਕਿਹਾ ਮਾਸਟਰ ਜੀ! ਬਹਿਜਾ ਬਹਿਜਾ ਹੋ ਗਈ ਪੂਰੇ ਪਿੰਡ ਵਿੱਚ। ਹਜੇ ਤਾਂ ਆ ਕੇ ਸਾਰੇ ਸਕੂਲ ਵਿੱਚ ਲੱਡੂ ਵੰਡਣੇ ਹਨ। ਏਸੇ ਲਈ ਕਹਿ ਰਿਹਾ ਹਾਂ ਕਿ ਹੁਣ ਤੁਹਾਡੀਆਂ ਤਨਖਾਹਾਂ ਤਾਂ ਅਗਲੇ ਮਹੀਨੇ ਹੀ ਦੇਣ ਦੀ ਕੋਸ਼ਿਸ਼ ਕਰਾਂਗੇ। ਹੁਣ ਕਿਰਪਾ ਕਰਕੇ ਮੈਨੂੰ ਵਾਰ ਵਾਰ ਫ਼ੋਨ ਕਰਕੇ ਤੰਗ ਨਾ ਕਰਿਓ। ਮੈਂ ਹਜੇ ਮੰਦਰ ਵੀ ਦਾਨ ਦੇਣ ਜਾਣਾ ਹੈ। ਆਪੇ ਆਪਣੀ ਲੰਬੀ ਚੌੜੀ ਵਡਿਆਈ ਕਰਦਿਆਂ ਹਰਮੇਸ਼ ਲਾਲ ਜੀ ਨੇ ਕਿਹਾ।

ਪਰ……. ਪਰ……

ਸਾਨੂੰ ਵੀ ਬਹੁਤ ਜ਼ਰੂਰਤ……..! ਮਾਸਟਰ ਸੁਨੀਲ ਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਹਰਮੇਸ਼ ਲਾਲ ਜੀ ਨੇ ਫ਼ੋਨ ਕੱਟ ਕੇ ਸਵਿੱਚ ਆਫ਼ ਕਰ ਦਿੱਤਾ ਤੇ ਦਾਨ ਵਾਲ਼ੇ ਲਿਫ਼ਾਫ਼ੇ ਚੁੱਕ ਕੇ ਮੰਦਰ ਵੱਲ ਚੱਲ ਪਿਆ।

ਮਨਜੀਤ ਕੌਰ ਧੀਮਾਨ

ਸ਼ੇਰਪੁਰ, ਲੁਧਿਆਣਾ। ਸੰ:9464633059

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly