ਨਵਾਂਸ਼ਹਿਰ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ )– ਮਰਨ ਉਪਰੰਤ ਸਰੀਰ ਦਾਨ ਕਰਨ ਵਾਲੇ ਸੇਵਾ ਮੁਕਤ ਮਾ.ਟੋਡਰ ਮੱਲ ਵਾਸੀ ਸ਼ੁਭ ਨਗਰ ਕਰਿਆਮ ਰੋਡ ਨਵਾਂਸ਼ਹਿਰ ਜੀ ਨੂੰ ਸ੍ਰੀ ਰਾਜੀਵ ਵਰਮਾ ਏ.ਡੀ.ਸੀ. ਨਵਾਂਸ਼ਹਿਰ ਜੀ ਦੁਆਰਾ ਪਛਾਣ ਪੱਤਰ ਸੌਂਪਿਆ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਸਰੀਰ ਦਾਨ ਕਰਨਾ ਇੱਕ ਮਹਾਨ ਕਾਰਜ਼ ਹੈ ਪਰਿਵਾਰ ਦੁਆਰਾ ਲਿਆ ਫੈਸਲਾ ਸ਼ਲਾਘਾਯੋਗ ਹੈ। ਤਰਕਸ਼ੀਲ ਸੁਸਾਇਟੀ ਜੋਨ ਨਵਾਂਸ਼ਹਿਰ ਦੇ ਜਥੇਬੰਦਕ ਮੁਖੀ ਮਾ. ਜਗਦੀਸ਼ ਰਾਏਪੁਰ ਡੱਬਾ, ਵਿੱਤ ਮੁਖੀ ਸੁਖਵਿੰਦਰ ਗੋਗਾ ਵੀ ਇਸ ਮੌਕੇ ਹਾਜ਼ਰ ਸਨ ਜਿਹਨਾਂ ਦੀ ਪ੍ਰੇਰਨਾ ਸਦਕਾ ਮਾ ਟੋਡਰ ਮੱਲ ਜੀ ਨੇ ਇਹ ਪ੍ਰਣ ਲਿਆ। ਤਰਕਸ਼ੀਲ ਆਗੂਆਂ ਨੇ ਕਿਹਾ ਕਿ ਮਾ.ਜੀ ਦੇ ਸਰੀਰ ਦਾਨ ਕਰਨ ਸਬੰਧੀ ਪਛਾਣ ਪੱਤਰ ਪਿਮਸ ਮੈਡੀਕਲ ਕਾਲਜ ਅਤੇ ਹਸਪਤਾਲ ਜਲੰਧਰ ਵਲੋਂ ਜਾਰੀ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਹੋ ਜਿਹੇ ਫ਼ੈਸਲੇ ਵਿਗਿਆਨਕ ਸੋਚ ਰੱਖਣ ਵਾਲੇ ਉੱਚੇ ਸੁੱਚੇ ਵਿਚਾਰਧਾਰਕ ਲੋਕ ਹੀ ਕਰ ਸਕਦੇ ਹਨ। ਮਾ ਟੋਡਰ ਮੱਲ ਜੀ ਨੇ ਕਿਹਾ ਕਿ ਮੇਰੇ ਵੱਲੋਂ ਲਏ ਇਸ ਪ੍ਰਣ ਤੋਂ ਹੋਰ ਮਿੱਤਰ ਦੋਸਤ ਅਤੇ ਰਿਸ਼ਤੇਦਾਰ ਵੀ ਪ੍ਰੇਰਿਤ ਹੋ ਰਹੇ ਹਨ। ਮੇਰੇ ਇਸ ਫ਼ੈਸਲੇ ਨਾਲ ਮੌਤ ਪਿੱਛੋਂ ਕੀਤੇ ਜਾਂਦੇ ਵਿਅਰਥ ਅਡੰਬਰਾਂ ਤੋਂ ਛੁਟਕਾਰਾ ਵੀ ਮਿਲੇਗਾ। ਇਸ ਮੌਕੇ ਮਾ.ਜੀ ਦੇ ਭਰਾ ਸ੍ਰੀ ਰਾਕੇਸ਼ ਕੁਮਾਰ ਸੇਵਾ ਮੁਕਤ ਮਿਲਟਰੀ ਕਰਨਲ ਅਤੇ ਸ੍ਰੀ ਮਨੋਹਰ ਲਾਲ ਸਾਬਕਾ ਸਰਪੰਚ ਕਮਾਮ ਨੇ ਕਿਹਾ ਇਸ ਫੈਸਲੇ ਨਾਲ ਬਹੁਤ ਸਾਰੇ ਰੂੜੀਵਾਦੀ ਰਸਮਾਂ ਰਿਵਾਜਾਂ ਨੂੰ ਵੀ ਠੱਲ੍ਹ ਪਵੇਗੀ। ਮੌਤ ਪਿੱਛੋਂ ਲੋਕਾਂ ਦੇ ਦਿਲਾਂ ਵਿੱਚ ਪਾਏ ਜਾਂਦੇ ਅਨੇਕਾਂ ਵਹਿਮ ਭਰਮ ਅਤੇ ਹੋਰ ਭੁਲੇਖਿਆਂ ਤੋਂ ਨਿਜ਼ਾਤ ਮਿਲੇਗੀ।ਸ੍ਰੀ ਜਗਦੀਸ਼ ਸਿੰਘ ਸਾਬਕਾ ਸਰਪੰਚ ਕਮਾਮ ਅਤੇ ਸੇਵਾ ਮੁਕਤ ਮਾ.ਦੇਸ ਰਾਜ ਬੱਜੋਂ ਨੇ ਕਿਹਾ ਇਹ ਫੈਸਲਾ ਬਹੁਤ ਹੀ ਸ਼ਲਾਘਾਯੋਗ ਹੈ ਅਤੇ ਇਹ ਜਿੰਦਾ ਸ਼ਹੀਦਾਂ ਵਾਲਾ ਫੈਸਲਾ ਹੈ। ਉਹਨਾਂ ਅੱਗੇ ਕਿਹਾ ਕਿ ਮਾ. ਜੀ ਪਹਿਲਾਂ ਵੀ ਆਪਣੀ ਡਿਊਟੀ ਦੌਰਾਨ ਪੜ੍ਹਾਉਂਦੇ ਰਹੇ ਅਤੇ ਮੌਤ ਉਪਰੰਤ ਵੀ ਮੈਡੀਕਲ ਕਾਲਜ ਦੇ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਰਹਿਣਗੇ। ਵਿਦਿਆਰਥੀ ਸਰੀਰ ਦੀਆਂ ਬਰੀਕੀਆਂ, ਗੁੰਝਲਦਾਰ ਭੇਤਾਂ ਨੂੰ ਜਾਨਣਗੇ ਅਤੇ ਪ੍ਰੈਕਟੀਕਲੀ ਸਿੱਖਿਆ ਹਾਸਲ ਕਰਕੇ ਹਸਪਤਾਲਾਂ ਵਿੱਚ ਆਉਣ ਵਾਲੇ ਮਰੀਜ਼ਾਂ ਦਾ ਸਹੀ ਢੰਗ ਨਾਲ ਇਲਾਜ ਕਰਕੇ ਉਨ੍ਹਾਂ ਦੀਆਂ ਬੇਸ਼ਕੀਮਤੀ ਜ਼ਿੰਦਗੀਆਂ ਨੂੰ ਬਚਾਉਣਗੇ।
ਮਾ.ਜਗਦੀਸ਼ ਰਾਏਪੁਰ ਡੱਬਾ।
ਜਥੇਬੰਦਕ ਮੁਖੀ ਜੋਨ ਨਵਾਂਸ਼ਹਿਰ।
ਫੋਨ:9417434038
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



