(ਸਮਾਜ ਵੀਕਲੀ)
ਦੀਵੇ ਦੀ ਨੀ ਬਣਦੀ ਤੇਜ਼ ਹਵਾਵਾਂ ਨਾਲ।
ਧੁੱਪਾਂ ਦੀ ਨੀ ਬਣਦੀ ਠੰਡੀਆਂ ਛਾਵਾਂ ਨਾਲ।
“ਦੀਪ ਸੈਂਪਲਿਆ” ਐਵੇਂ ਹੀ ਆਸਾਂ ਲਾ ਬੈਠਾ
ਰਾਜੇ ਦੀ ਕਦ ਬਣਦੀ ਰੰਕ ਦੇ ਚਾਵਾਂ ਨਾਲ ।
ਖੇਡ ਸਿਆਸਤ ਦੀ ਹੈ ਝੱਟ ਪੈਰੋਲ ਮਿਲੇ
ਰਾਮੇਂ ਦੀ ਨੀ ਬਣਦੀ ਸਖਤ ਸਜ਼ਾਵਾਂ ਨਾਲ ।
ਲਾ ਨਾਂ ਤੀਵੀਂ ਦਾ ਆਸ਼ਰਮਾਂ ਦੇ ਵਿੱਚ ਛੱਡ ਆਵਣ
ਪੁੱਤਾਂ ਦੀ ਨੀ ਬਣਦੀ ਪਿਓ ਤੇ ਮਾਵਾਂ ਨਾਲ।
ਇਹ ਬੇਜ਼ੁਬਾਨਾਂ ਨਾਲ ਸੜਕਾਂ ਭਰੀਆਂ ਰਹਿੰਦੀਆਂ ਨੇ
ਦੁਰਘਟਨਾ ਦੀ ਨੀ ਬਣਦੀ ਸ਼ਾਨਾਂ ਗਾਵਾਂ ਨਾਲ।
ਜਦ ਮਿਲਦਾ ਏ ਮੌਕਾ ਆਕੇ ਰੋਕ ਦਿੰਦੀ
ਮੌਤ ਦੀ ਨੀ ਬਣਦੀ ਚੱਲਦੇ ਸਾਵਾਂ ਨਾਲ।
ਬੁਜ਼ਦਿਲ ਹੁੰਦਾ ਇੱਕ ਔਕੜ ਨਾਲ ਹਾਰੇ ਜੋ
ਸੂਰਮੇਂ ਦੀ ਨੀ ਬਣਦੀ ਕਦੇ ਬਲਾਵਾਂ ਨਾਲ।
ਅੰਬਰ ਚੀਰਕੇ ਧਰਤੀ ਰੌਸ਼ਨ ਕਰ ਦਿੰਦਾ
ਸੂਰਜ ਦੀ ਨੀ ਬਣਦੀ ਬੱਦਲ, ਘਟਾਵਾਂ ਨਾਲ।
ਨਿੱਕੀਆਂ ਵੱਡੀਆਂ ਛੱਲਾਂ ਦੇ ਨਾਲ ਖੋਰ ਦਿੰਦਾ
ਕਿਨਾਰਿਆਂ ਦੀ ਨੀ ਬਣਦੀ ਸਦਾ ਦਰਿਆਵਾਂ ਨਾਲ।
ਟੈਟੂਆਂ ਤੇ ਘੜੀਆਂ ਦੀਆਂ ਜੋ ਗੁਲਾਮ ਹੋਈਆਂ
ਕੜਿਆਂ ਦੀ ਨੀ ਬਣਦੀ ਓਹਨਾਂ ਬਾਹਵਾਂ ਨਾਲ।
ਲਹੂ ਚ ਰਚੀ ਹੋਈ ਆਦਤ ਕਦੇ ਨੀ ਛੱਡ ਹੁੰਦੀ
ਬੇਵਫਾ ਦੀ ਨੀ ਬਣਦੀ ਕਦੇ ਵਫਾਵਾਂ ਨਾਲ।
ਨਾ ਸੁਣਦੀ ਨਾ ਕਹਿੰਦੀ ਮੱਚਦੀ ਰਹਿੰਦੀ ਏ
ਆਕੜ ਦੀ ਨੀ ਬਣਦੀ ਕਦੇ ਸਲਾਵਾਂ ਨਾਲ।
ਫ਼ਿਕਰ ਸਤਾਉਂਦਾ ਦੋ ਵੇਲੇ ਦੀ ਰੋਟੀ ਦਾ
ਮਜ਼ਦੂਰ ਦੀ ਨੀ ਬਣਦੀ ਮਸਤ ਅਦਾਵਾਂ ਨਾਲ।
ਗੀਤਕਾਰ ਦੀਪ ਸੈਂਪਲਾਂ
ਸ਼੍ਰੀ ਫ਼ਤਹਿਗੜ੍ਹ ਸਾਹਿਬ
6283087924
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly