ਬਰਨਾਲਾ (ਸਮਾਜ ਵੀਕਲੀ) (ਚੰਡਿਹੋਕ) ਮਾਲਵਾ ਸਾਹਿਤ ਸਭਾ ਰਜਿ. ਬਰਨਾਲਾ ਦੀ ਪਾਈ ਪਿਰਤ ਨੂੰ ਅੱਗੇ ਤੋਰਦਿਆਂ ਡਾ.ਭੁਪਿੰਦਰ ਸਿੰਘ ਬੇਦੀ ਦੇ ਪੁੱਤਰ ਪ੍ਰਤੀਕ ਸਿੰਘ ਬੇਦੀ ਦੇ ਵਿਆਹ ਦੀ ਖੁਸ਼ੀ ਵਿਚ ਸਨਮਾਨ ਸਮਾਰੋਹ ਪ੍ਰਸਿੱਧ ਨਾਵਲਕਾਰ ਰਾਮ ਸਰੂਪ ਅਣਖੀ ਦੇ ਲਿਖਣ ਕਮਰੇ ਵਿੱਚ ਕੀਤਾ ਗਿਆ। ਇਸ ਵਾਰ ਇਹ ਸਨਮਾਨ ਸ੍ਰੀ ਰਾਮ ਸਰੂਪ ਅਣਖੀ ਵੱਲੋਂ ਸ਼ੁਰੂ ਕੀਤੇ ਪੰਜਾਬੀ ਮੈਗਜ਼ੀਨ *ਕਹਾਣੀ ਪੰਜਾਬ* ਨੂੰ ਲਗਾਤਾਰ ਛਾਪ ਕੇ ਪੰਜਾਬੀ ਅਦਬ ਦਾ ਨਾਂ ਉੱਚਾ ਰੱਖਣ ਲਈ ਸੰਪਾਦਕ ਡਾ.ਕ੍ਰਾਂਤੀਪਾਲ ਤੇ ਸਹਿ ਸੰਪਾਦਕ ਡਾ.ਜਸਵਿੰਦਰ ਕੌਰ ਵੀਨੂੰ ਨੂੰ ਸਨਮਾਨ ਰਾਸ਼ੀ,ਲੋਈ ਤੇ ਯਾਦਗਾਰੀ ਚਿੰਨ ਬੇਦੀ ਪਰਿਵਾਰ ਤੇ ਬਹੁਪੱਖੀ ਲੇਖਕ ਬੂਟਾ ਸਿੰਘ ਚੌਹਾਨ ਨੇ ਭੇਂਟ ਕੀਤਾ ਗਿਆ। ਇਸ ਸਨਮਾਨ ਰਸਮ ਵਿਚ ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਤੇਜਾ ਸਿੰਘ ਤਿਲਕ, ਜ.ਸਕੱਤਰ ਮਾਲਵਿੰਦਰ ਸ਼ਾਇਰ, ਰਾਮ ਸਰੂਪ ਸ਼ਰਮਾਂ,ਲਛਮਣ ਦਾਸ ਮੁਸਾਫਿਰ ਜਸਬੀਰ ਕੌਰ ਬੇਦੀ ਅਤੇ ਡਾ.ਜਸਬੀਰ ਕੌਰ ਸ਼ਾਮਿਲ ਹੋਏ। ਇਸ ਮੌਕੇ ਬਹੁਪੱਖੀ ਲੇਖਕ ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਡਾ. ਕ੍ਰਾਂਤੀਪਾਲ ਤੇ ਡਾ.ਵੀਨੂੰ ਦੀ ਚੋਣ ਸਹੀ ਕੀਤੀ ਗਈ ਹੈ।ਇਨ੍ਹਾਂ ਨੇ ਕਹਾਣੀ ਪੰਜਾਬ ਮੈਗਜ਼ੀਨ ਦਾ ਮਿਆਰ ਉੱਚਾ ਚੁੱਕਣ ਵਿਚ ਬਹੁਤ ਮਿਹਨਤ ਕੀਤੀ ਹੈ।ਤੇਜਾ ਸਿੰਘ ਤਿਲਕ ਤੇ ਮਾਲਵਿੰਦਰ ਸ਼ਾਇਰ ਨੇ ਜਿੱਥੇ ਸਨਮਾਨਿਤ ਸਖਸ਼ੀਅਤਾਂ ਨੂੰ ਮੁਬਾਰਕਬਾਦ ਦਿੱਤੀ ਉਥੇ ਡਾ.ਭੁਪਿੰਦਰ ਸਿੰਘ ਬੇਦੀ ਦੇ ਪਰਿਵਾਰ ਨੂੰ ਵੀ ਵਧਾਈ ਦਿੰਦਿਆ ਕਿਹਾ ਕਿ ਅਜਿਹੀਆਂ ਪਿਰਤਾਂ ਨਾਲ ਪੰਜਾਬੀ ਸਾਹਿਤ ਕਾਰਾਂ ਦੇ ਹੌਸਲੇ ਬੁਲੰਦ ਰਹਿਣਗੇ।ਰਾਮ ਸਰੂਪ ਸ਼ਰਮਾਂ ਤੇ ਲਛਮਣ ਦਾਸ ਮੁਸਾਫਿਰ ਨੇ ਮਾਨ ਪੱਤਰ ਪੜ੍ਹ ਕੇ ਸੁਣਾਇਆ ਅਤੇ ਸਨਮਾਨ ਦੇਣ ਤੇ ਲੈਣ ਵਾਲਿਆਂ ਨੂੰ ਵਧਾਈ ਦਿੱਤੀ। ਆਖਿਰ ਵਿਚ ਡਾ.ਕ੍ਰਾਂਤੀਪਾਲ ਨੇ ਆਏ ਹੋਏ ਸਾਹਿਤਕਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਿਆਹ ਦੀ ਖੁਸ਼ੀ ਵਿਚ ਮਿਲੇ ਸਨਮਾਨ ਲਈ ਬੇਦੀ ਪਰਿਵਾਰ ਦਾ ਵਿਸ਼ੇਸ਼ ਧੰਨਵਾਦ ਹੈ।ਕਹਾਣੀ ਪੰਜਾਬ ਮੈਗਜ਼ੀਨ ਨੂੰ ਪਾਠਕਾਂ ਤਕ ਪਹੁੰਚਾਉਣਾ ਸਾਡਾ ਫਰਜ਼ ਵੀ ਹੈ ਤੇ ਰਾਮ ਸਰੂਪ ਅਣਖੀ ਜੀ ਦੇ ਸੁਪਨੇ ਦੀ ਸੰਭਾਲ ਵੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly