(ਸਮਾਜ ਵੀਕਲੀ)-
ਬੈਠ ਕੇ ਉੱਚੇ ਟਿੱਲੇ ਤੂੰ ਭੋਰਾ ਧਿਆਨ ਨਾ ਕਰਦਾ,
ਘੁੱਗ ਵਸਦੇ ਕੋਟਸਿਆਲੀ’ ਪੂਰਨ ਹੈ ਕੋਈ ਮਰਦਾ।
ਕੱਟਣਾ ਮੁਸ਼ਕਿਲ ਬਿਰਹੋਂ ਪੈਂਡਾ ਕਦੇ ਸੋਚਿਆ ਨਾ
ਗ਼ਮ ਦਾ ਬੱਦਲ ਤਾਂਹੀਓ ਸਾਡੇ ਸਿਰ ‘ਤੇ ਵਰ੍ਹਦਾ।
ਅੱਖਾਂ ਦੇ ਸੁਪਨਿਆਂ ਨੂੰ ਕਿਵੇਂ ਵਸਾਈਏ ਦਿਲ ‘ਚ
ਕੌਣ ਕਿਸੇ ਦੇ ਦੁੱਖਾਂ ਨੂੰ ਤਨ ਆਪਣੇ ‘ਤੇ ਜ਼ਰਦਾ।
ਹੀਰ ਫਿਰ ਸਰਾਪੀ ਗਈ ਹੁਣ ਕੈਦੋਂ ਦੀ ਕਰਤੂਤੋਂ,
ਦੱਸੋ ਕਿਹੜਾ ਮੁੱਲਾ ਹੈ ਜੋ ਹੀਰ ਦੇ ਹੱਕ ‘ਚ ਖੜਦਾ ।
ਚੜ੍ਹਦੇ ਦਿਨ ਦੀ ਨਿੰਮੀ ਲੋ ਹੁਣ ਸੀਨਾ ਸਾੜੀ ਜਾਵੇ,
ਬੰਦੇ ਵਾਂਗੂੰ ਪੈ ਗਿਆ,ਅਕਲ ਸੂਰਜ ਦੀ ‘ਤੇ ਪਰਦਾ।
ਪਲ ਪਲ ਬੰਦਾ ਖੁਰਦਾ ਜਾਵੇ ਗੁੱਝਾ ਰੋਗ ਹੈ ਅੰਦਰ
ਦਿਲ ਦਰਿਆ ਡੂੰਘੇ ਅੰਦਰ ਕੋਈ ਕੋਸਾ ਹੰਝੂ ਤਰਦਾ।
ਸੁਣ ਵੇ!ਜੋਗੀ ਧਰਤ ਦੇਸ਼ ‘ਤੇ ਮਿਹਰ ਦਾ ਬੁੱਲਾ ਘੱਲ
ਮਿਹਰ ਬਿਨਾਂ ਦੱਸ ਵੇ ! ਜੋਗੀ ਕਦੋਂ ਬੰਦੇ ਦਾ ਸਰਦਾ।