(ਸਮਾਜ ਵੀਕਲੀ)
ਮਾਂਵਾਂ ਵਰਗਾ ਕੋਈ ਪਿਆਰ ਨਹੀਂ ਕਰ ਸਕਦਾ ਅਤੇ ਬਾਪੂ ਵਰਗਾ ਕੋਈ ਹੌਂਸਲਾ ਨਹੀਂ ਦੇ ਸਕਦਾ।ਕਹਿੰਦੇ ਬਾਪੂ ਨਿੰਮ ਵਰਗਾ ਕੌੜਾ ਤਾਂ ਹੁੰਦਾ ਹੈ ਪਰ ਅਸਰਦਾਰ ਬਹੁਤ ਹੁੰਦਾ ਹੈ।ਹਕੀਕਤ ਇਹ ਹੈ ਕਿ ਮਾਪਿਆਂ ਦੀ ਜਗ੍ਹਾਂ ਕੋਈ ਲੈ ਨਹੀਂ ਸਕਦਾ ਅਤੇ ਮਾਪਿਆਂ ਵਾਂਗ ਮਿਹਨਤ ਦੀ ਕਮਾਈ ਤੁਹਾਡੇ ਤੇ ਖਰਚ ਨਹੀਂ ਸਕਦਾ।ਪਰ ਵਧੇਰੇ ਕਰਕੇ ਜਿੰਨੀ ਦੇਰ ਮਾਪੇ ਜਿਉਂਦੇ ਹੁੰਦੇ ਹਨ,ਅਸੀਂ ਉਨ੍ਹਾ ਦੀ ਅਹਿਮੀਅਤ ਸਮਝਦੇ ਹੀ ਨਹੀਂ।ਜੇਕਰ ਉਹ ਸਾਨੂੰ ਕੁੱਝ ਸਮਝਾਉਣ ਲੱਗਦੇ ਹਨ ਤਾਂ ਵਧੇਰੇ ਕਰਕੇ ਪੁੱਤਾਂ ਨੂੰ ਦਖਲਅੰਦਾਜ਼ੀ ਲੱਗਦੀ ਹੈ।ਨੂੰਹਾਂ ਵੀ ਬਾਪ ਦਾ(ਸੁਹਰੇ)ਦਾ ਬੋਲਿਆ ਸਹਿਣ ਨਹੀਂ ਕਰਦੀਆਂ ਅਤੇ ਆਪਣੇ ਪਤੀ ਮਤਲਬ ਲੜਕੇ ਨੂੰ ਉਸ ਬਾਰੇ ਵਾਰ ਵਾਰ ਕਹਿੰਦੀਆਂ ਰਹਿੰਦੀਆਂ ਹਨ,ਰੋਕ ਟੋਕ ਅਤੇ ਇਸਨੂੰ ਦਖਲਅੰਦਾਜ਼ੀ ਕਹਿੰਦੀਆਂ ਹਨ।
ਹਰ ਲੜਕੀ ਮਤਲਬ ਨੂੰਹ ਨੂੰ ਇਹ ਸੋਚਣਾ ਅਤੇ ਸਮਝਣਾ ਚਾਹੀਦਾ ਹੈ ਕਿ ਜਦੋਂ ਉਸਦੀ ਭਾਬੀ ਨੇ ਇਹ ਸਾਰਾ ਕੁੱਝ ਉਸਦੇ ਮਾਪਿਆਂ ਨਾਲ ਕਰਨਾ ਸ਼ੁਰੂ ਕੀਤਾ ਤਾਂ ਤੁਹਾਡੇ ਮਾਪਿਆਂ ਤੇ ਕੀ ਬੀਤੇਗੀ। ਉਸ ਬਾਪ ਨੇ ਤਾਂ ਟੁੱਟੀ ਜੁੱਤੀ ਆਪ ਪਾਕੇ ਪੁੱਤ ਨੂੰ ਨਵੇਂ ਬੂਟ ਲਿਆਕੇ ਦਿੱਤੇ ਹੋਣਗੇ।ਪਰ ਜਦੋਂ ਪੁੱਤ ਦੀ ਵਾਰੀ ਆਉਂਦੀ ਹੈ ਤਾਂ ਬਾਪੂ ਬਾਰੇ ਸੋਚਣ ਦਾ ਵਕਤ ਹੀ ਨਹੀਂ ਹੁੰਦਾ ਜਾਂ ਬਾਪੂ ਵਾਸਤੇ ਪੈਸੇ ਹੀ ਨਹੀਂ ਹੁੰਦੇ।ਜੇਕਰ ਬਾਪੂ ਕੋਈ ਚੀਜ਼ ਮੰਗ ਲਵੇ ਤਾਂ ਘਰ ਵਿੱਚ ਲੜਾਈ ਸ਼ੁਰੂ ਹੋ ਜਾਂਦੀ ਹੈ।ਵਧੇਰੇ ਕਰਕੇ ਬਾਪੂ ਇਹ ਸੋਚਦੇ ਹੀ ਦੁਨੀਆਂ ਤੋਂ ਚਲੇ ਜਾਂਦੇ ਹਨ ਕਿ ਪੁੱਤ ਨੇ ਤਾਂ ਮੇਰੀਆਂ ਜ਼ਰੂਰਤਾਂ ਵੀ ਨਹੀਂ ਸਮਝੀਆਂ।ਬਾਪੂ ਨੇ ਤਾਂ ਖਾਣ ਵਾਲੀ ਹਰ ਚੀਜ਼ ਬੜੇ ਚਾਅ ਨਾਲ ਪੁੱਤ ਨੂੰ ਖਵਾਈ ਪਰ ਹੁਣ ਪੁੱਤ ਬਾਪੂ ਦੀ ਰੋਟੀ ਦਾ ਖਰਚਾ ਵੀ ਬੋਝ ਸਮਝਦਾ ਹੈ।ਪਰ ਜਦੋਂ ਆਪ ਬਾਪ ਬਣਦਾ ਹੈ ਜਾਂ ਬਾਪ ਸਿਰ ਤੋਂ ਤੁਰ ਜਾਂਦਾ ਹੈ ਤਾਂ ਬਾਪੂ ਦੀ ਅਹਿਮੀਅਤ ਸਮਝ ਆਉਂਦੀ ਹੈ।
ਬਾਪੂ ਤਾਂ ਜੇਬ ਵਿੱਚੋਂ ਕੱਢਕੇ ਪੈਸੇ ਦਿੰਦਾ ਹੈ ਪਰ ਪੁੱਤਾਂ ਨੂੰ ਆਪਣੀ ਕਮਾਈ ਵਿੱਚੋਂ ਪੈਸੇ ਦੇਣੇ ਬਹੁਤ ਔਖੇ ਲੱਗਦੇ ਹਨ।ਬਾਪੂ ਦੇ ਕੋਲ ਜੇਕਰ ਚਾਰ ਪੈਸੇ ਹੋਣ ਤਾਂ ਪੁੱਤ ਆਨੇ ਬਹਾਨੇ ਕੱਢਵਾਉਣ ਵੱਲ ਲੱਗ ਜਾਂਦੇ ਹਨ।ਬਾਪੂ ਫਜ਼ੂਲ ਖਰਚੀ ਤੋਂ ਵਰਜਦਾ ਹੈ ਤਾਂ ਪੁੱਤ ਨੂੰ ਹਜ਼ਮ ਨਹੀਂ ਹੁੰਦਾ ਪਰ ਜਦੋਂ ਕਰਜ਼ੇ ਹੇਠ ਆ ਜਾਂਦਾ ਹੈ ਜਾਂ ਮਾੜੇ ਵਕਤ ਕੁੱਝ ਪੱਲੇ ਨਹੀਂ ਹੁੰਦਾ ਤਾਂ ਅੱਖਾਂ ਚ ਘਸੁੰਨ ਦੇਕੇ ਰੋਂਦੇ ਹੈ।ਬਾਪੂ ਹੀ ਸੀ ਜਿਸਨੇ ਆਮ ਸਸਤਾ ਕੱਪੜਾ ਪਾਇਆ ਅਤੇ ਪੁੱਤ ਦੀਆਂ ਖਾਹਿਸ਼ਾਂ ਪੂਰੀਆਂ ਕੀਤੀਆਂ।ਪਰ ਵਧੇਰੇ ਕਰਕੇ ਮਾਪਿਆਂ ਦੇ ਜਿਊਂਦੇ ਜੀ ਪੁੱਤ ਇਸ ਗੱਲ ਨੂੰ ਸਮਝਦੇ ਹੀ ਨਹੀਂ। ਉਹ ਪੁੱਤਾਂ ਦੇ ਪਿਆਰ ਨੂੰ ਤਰਸਦੇ ਰਹਿੰਦੇ ਹਨ ਪਰ ਪੁੱਤਾਂ ਕੋਲ ਮਾਪਿਆਂ ਕੋਲ ਬੈਠਣ ਦਾ ਸਮਾਂ ਹੀ ਨਹੀਂ ਹੁੰਦਾ।ਮਾਪੇ ਔਲਾਦ ਨੂੰ ਆਪਣੇ ਨਾਲ ਹਰ ਥਾਂ ਲੈਕੇ ਜਾਂਦੇ,ਉਨ੍ਹਾਂ ਦੀ ਮਨਪਸੰਦ ਚੀਜ਼ ਖਵਾਉਣ ਲਈ ਲੈਕੇ ਜਾਂਦੇ,ਪਰ ਪੁੱਤਾਂ ਨੂੰ ਮਾਪਿਆਂ ਨੂੰ ਨਾਲ ਲੈਕੇ ਜਾਣ ਵਿੱਚ ਸ਼ਰਮ ਮਹਿਸੂਸ ਹੁੰਦੀ ਹੈ।
ਜਦੋਂ ਬਾਪੂ ਦੁਨੀਆਂ ਤੋਂ ਚਲੇ ਗਿਆ,ਉਦੋਂ ਰੋਣ ਦਾ ਕੋਈ ਫਾਇਦਾ ਨਹੀਂ।ਯਾਦ ਰੱਖੋ ਬਾਪੂ ਵਰਗੀ ਹੱਲਾਸ਼ੇਰੀ ਹੋਰ ਕੋਈ ਨਹੀਂ ਦੇ ਸਕਦਾ।ਜਿਵੇਂ ਹੀ ਖੇਡਾਂ ਲੱਗਦਾ ਹੈ ਬਾਪੂ ਚੁੱਕਣ ਲਈ ਤਿਆਰ ਹੁੰਦਾ ਹੈ।ਬਾਪੂ ਤੋਂ ਬਗੈਰ ਜਿਹੜਾ ਵੀ ਮਦਦ ਕਰੇਗਾ ਅਹਿਸਾਨ ਕਰੇਗਾ।ਬੇਪਰਵਾਹੀਆ ਬਾਪੂ ਦੇ ਸਿਰ ਤੇ ਹੁੰਦੀਆਂ ਹਨ।ਇਹ ਬਹੁਤ ਵੱਡਾ ਸੱਚ ਹੈ,”ਬਾਪੂ ਬਾਪੂ ਕਹਿੰਦੇ ਸੀ,ਬੜਾ ਹੀ ਸੁੱਖ ਲੈਂਦੇ ਸੀ।”ਹਕੀਕਤ ਹੈ ਬਾਪੂ ਦੇ ਸਿਰ ਤੇ ਲਈਆਂ ਮੌਜਾਂ ਕਦੇ ਵੀ ਨਹੀਂ ਭੁੱਲਦੀਆਂ,ਪਰ ਇਸਦਾ ਅਹਿਸਾਸ ਬਹੁਤ ਲੇਟ ਹੁੰਦਾ ਹੈ।ਮਾਪੇ ਕਦੇ ਵੀ ਆਪਣੇ ਪੁੱਤ ਦਾ ਮਾੜਾ ਨਹੀਂ ਸੋਚ ਸਕਦੇ।ਮਾਪਿਆਂ ਦੀ ਗੱਲ ਧਿਆਨ ਨਾਲ ਸੁਣੋ ਅਤੇ ਆਪਣਾ ਹਰ ਦੁੱਖ ਸੁੱਖ ਉਨ੍ਹਾਂ ਨਾਲ ਸਾਂਝਾ ਕਰੋ।ਜੋ ਸਲਾਹ ਅਤੇ ਹਿੰਮਤ ਮਾਪੇ ਦੇਣਗੇ,ਉਹ ਹੋਰ ਕੋਈ ਵੀ ਰਿਸ਼ਤਾ ਜਾਂ ਰਿਸ਼ਤੇਦਾਰ ਨਹੀਂ ਦੇ ਸਕਦਾ।
ਪ੍ਰਭਜੋਤ ਕੌਰ ਢਿੱਲੋਂ
ਮੁਹਾਲੀ ਮੋਬਾਈਲ ਨੰਬਰ 9815030221