ਹਰ ਸਾਲ ਆਉਂਦੀਏ ਦੀਵਾਲੀਏ

(ਸਮਾਜ ਵੀਕਲੀ)

 

ਹਰ ਸਾਲ ਆਉਂਦੀਏ ਦੀਵਾਲੀਏ,
ਕੱਢ ਜਾਨੀਏ ਦੀਵਾਲਾ ਤੂੰ ਗਰੀਬ ਦਾ।
ਸਾਡੇ ਘਰ ਭੁੱਜਦੀਏ ਭੰਗ ਨੀ,
ਕਰੀਏ ਕੀ ਫੁੱਟੇ ਹੋਏ ਨਸੀਬ ਦਾ।

ਤੇਲ ਖੁਣੋਂ ਭੁੱਖੇ ਰਹਿੰਦੇ ਦੀਵੇ ਨੀ,
ਕਿਥੋਂ ਪਾਵਾਂ ਰੱਤ ਮੈਂ ਨਿਚੋੜ ਕੇ।
ਘੱਟਾ ਢੋਹਦਿਆਂ ਦੀ ਜਿੰਦ ਸਿੰਜ ਗਈ,
ਕਿਵੇਂ ਬੱਤੀ ਵੱਟਾਂ ਫੰਬੇ ਜੋੜ ਕੇ।
ਮਜਬੂਰੀ ਦਿਆਂ ਪੇਂਜਿਆਂ ਨੇ ਪਿੰਜਿਆ,
ਕਿਵੇਂ ਦੂਰ ਕਰਾਂ ਹਨੇਰਾ ਦਹਿਲੀਜ਼ ਦਾ—‘
ਹਰ ਸਾਲ ਆਉਂਦੀਏ——-‘

ਖੁਸ਼ੀਆਂ ਦਾ ਮੌਕਾ ਇਹ ਅਮੀਰ ਲਈ,
ਗੁੱਡੀ ਚੜ੍ਹੀ ਜੀਹਦੀ ਅਸਮਾਨ ਤੇ।
ਫਿਕਰ ਨਾ ਕੋਈ ਕੁੱਲੀ ਗੁੱਲੀ ਦਾ,
ਪੈਸਾ-ਪੈਸਾ ਰਹਿੰਦਾ ਏ ਜ਼ੁਬਾਨ ਤੇ।
ਮਨ ਸਾਡਾ ਝੋਰਿਆਂ ਨੇ ਖਾ ਲਿਆ,
ਕਰੀਏ ਕੀ ਹਰ ਮਹਿੰਗੀ ਚੀਜ਼ ਦਾ—-
ਹਰ ਸਾਲ ਆਉਂਦੀਏ———-,

ਦੱਬ ਲਏ ਦਿਲਾਂ ਚ ਅਰਮਾਨ ਨੇ,
ਬੱਚਿਆਂ ਦੇ ਸ਼ੌਕ ਨੇ ਅਧੂਰੇ ਨੀ।
ਬੀਤ ਗਈ ਜਵਾਨੀ ਬੁੱਢੇ ਹੋ ਗਏ,
ਘਰਵਾਲੀ ਬੈਠੀ ਨਿੱਤ ਘੂਰੇ ਨੀ।
ਖਾਇਆ ਨਾ ਪਾਇਆ ਨਾ ਚੰਗਾ ਆਖਦੀ,
ਕੀਤਾ ਨਾ ਸਵਾਦ ਪੂਰਾ ਜੀਭ ਦਾ—–
ਹਰ ਸਾਲ ਆਉਂਦੀਏ———-

ਲਗਦਾ ਗਰੀਬਾਂ ਨੂੰ ਦਿਵਾਲ਼ਾ ਹੈ,
ਮਾਰੇ ਪਏ ਹਾਂ ਅਸੀਂ ਮਹਿੰਗਾਈ ਦੇ।
ਏਦਾਂ ਹੀ ਜ਼ਲੀਲ ਹੋਣਾ ਪਊਗਾ ,
ਤੇਗ ਧੂਹ ਕੇ ਲੋਟੂ ਨੇ ਭਜਾਈ ਦੇ।
‘ਰਾਜਨ ‘ ਲੋਕਾਂ ਨੇ ਜਦੋਂ ਜੂਝਣਾ ,
ਚੜ੍ਹ ਜਾਣਾ ਚੰਦ ਵਿਹੜੇ ਈਦ ਦਾ—–
ਹਰ ਸਾਲ ਆਉਂਦਾਏ ਦੀਵਾਲੀਏ—-‘

ਰਜਿੰਦਰ ਸਿੰਘ ਰਾਜਨ
9876184954
ਸੁੰਦਰ ਬਸਤੀ ਸੰਗਰੂਰ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਲਮਾਂ ਦੇ ਰੰਗ ਸਾਹਿਤ ਸਭਾ (ਰਜਿ.) ਫ਼ਰੀਦਕੋਟ ਦੀ ਮਹੀਨਾਵਾਰ ਮੀਟਿੰਗ ਹੋਈ
Next articleਖੁਸ਼ਬੂ ਦੇ ਵਣਜਾਰੇ