**ਇਲਾਹੀ ਧਰਤੀਆਂ ****

ਰਿਤੂ ਵਾਸੂਦੇਵ
 (ਸਮਾਜ ਵੀਕਲੀ)
ਜੋ ਤਵੀਆਂ, ਆਰਿਆਂ
ਤੇ ਚਰਖੜੀ ਦੀ ਗੱਲ ਹੁੰਦੀ ਏ,
ਅਕੀਦਤ ਹੀ ਸ਼ਰ੍ਹਾ ਦੇ
ਮਸਲਿਆਂ ਦਾ ਹੱਲ ਹੁੰਦੀ ਏ।
ਇਲਾਹੀ ਧਰਤੀਆਂ ਕਰਕੇ
ਮਜਾਜੀ ਇਸ਼ਕ ਘੁਲ਼ਦਾ ਏ,
ਕਿਸੇ ਦਰਵੇਸ਼ ਦੇ ਮੱਥੇ
ਰੁਹਾਨੀ ਬਾਰ ਖੁੱਲ੍ਹਦਾ ਏ।
ਹੈ ਕਿਹੜਾ ਪੀਰ ਨੌਗਜ਼ੀਆ
ਕਿਹੜੇ ਭੂ-ਖੰਡ ਰਹਿੰਦਾ ਏ?
ਜਿਵੇਂ ਬ੍ਰਹਮਾ ਦੇ ਕਰਮੰਡਲ
ਦੇ ਵਿੱਚ ਬ੍ਰਹਿਮੰਡ ਰਹਿੰਦਾ ਏ।
ਹਥੌੜੇ ਸੱਚ ਦੇ ਨਾਲ਼
ਝੂਠ ਦੀ ਦੀਵਾਰ ਢਹਿੰਦੀ ਏ,
ਜਦੋਂ ਜਾਲ਼ੇ ਉੱਤਰਦੇ ਨੇ
ਤਾਂ ਕੁੱਲੀ ਲਿਸ਼ਕ ਪੈਂਦੀ ਏ।
ਰਿਹਾ ਨੈਣਾਂ ‘ਚੋਂ ਸੁਰਮਾ ਡੁੱਲ੍ਹਦਾ
ਜਦ ਸਾਉਣ ਵਰ੍ਹਦਾ ਸੀ,
ਉਹ ਪਾਣੀ ਹਿਜਰ ਦਾ ਪਾ-ਪਾ ਕੇ
ਹੁਜਰਾ ਸਾਫ਼ ਕਰਦਾ ਸੀ।
ਜਗਾਓ ਸ਼ੇਖ਼ ਨੂੰ,ਆਖੋ
ਕਿ ਅੱਲਾ ਯਾਦ ਕਰਦਾ ਏ,
ਕੋਈ ਕਾਫ਼ਰ ਸੁਨੇਹਾ ਲਾਉਣ ਦੀ
ਫ਼ਰਿਆਦ ਕਰਦਾ ਏ।
ਉਹ ਮਣਕਾ ਭਾਲ਼ ਤਸਬੀ ਦਾ
ਜਿਹਦੇ ‘ਤੇ ਗੰਢ ਦੇਵਾਂ ਮੈਂ,
ਜਾਂ ਤਸਬੀ ਤੋੜ ਕੇ
ਵਿੱਚ ਆਸ਼ਕਾਂ ਦੇ ਵੰਡ ਦੇਵਾਂ ਮੈਂ।
ਜੇ ਤੜਕੇ ਅੱਖ ਖੁੱਲ੍ਹ ਜਾਵੇ
ਖ਼ੁਸ਼ਨੁਮਾ ਚਿੱਤ ਰਹਿੰਦਾ ਏ,
ਜਦੋਂ ਨੁਕਤਾ ਸਮਝ ਲਈਏ
ਤਾਂ ਸਹਿਜ ਗਣਿਤ ਰਹਿੰਦਾ ਏ।
ਸਿਦਕ ਮਨਸੂਰ ਦੀ ਸੂਲ਼ੀ
ਤੇ ਖੰਡਿਆਂ, ਬਾਟਿਆਂ ਅੰਦਰ,
ਕਦੇ ਵੀ ਇਸ਼ਕ ਨਹੀਂ ਪੈਂਦਾ
ਮੁਨਾਫ਼ੇ, ਘਾਟਿਆਂ ਅੰਦਰ।
ਜੋ ਬਾਹਰੋਂ ਹੋਰ ਦਿਸਦੇ ਸੀ
ਉਹ ਅੰਦਰੋਂ ਹੋਰ ਵੇਖੇ ਨੇ,
ਤੇ ਅਕਸਰ ਤੀਰਥਾਂ ਉੱਤੇ
ਲੁਟੇਰੇ, ਚੋਰ ਵੇਖੇ ਨੇ।
ਮੈਂ ਜੀਵਨ-ਤਲਬ ਦੇ ਨਾਲ਼ੋਂ
ਮਰਨ ਦੀ ਆਸ ‘ਤੇ ਜੀਵਾਂ,
ਤੇ ਸੱਜਰੇ ਖੰਭ ਲੈ ਕੇ
ਹੁਕਮ ਦੇ ਆਕਾਸ਼ ‘ਤੇ ਜੀਵਾਂ।
ਮੈਂ ਆਪਣੇ ਹਰ ਗੁਨਾਹ ਨੂੰ
ਖ਼ੁਦ ਸਲੀਬੇ ਚਾੜ੍ਹ ਦਿੱਤਾ ਏ,
ਤੇ ਆਪਣੀ ਬੇਵੱਸੀ ਦਾ
ਰੱਦੀ ਕਾਇਦਾ ਪਾੜ ਦਿੱਤਾ ਏ।
~ ਰਿਤੂ ਵਾਸੂਦੇਵ
Previous articleਰਿਸ਼ਤੇ
Next articleਯਾਤਰੀਆਂ ਦੇ ਹਿੱਤ ‘ਚ ਸਰਕਾਰ ਨੇ ਚੁੱਕਿਆ ਵੱਡਾ ਕਦਮ, 3 ਘੰਟੇ ਤੋਂ ਜ਼ਿਆਦਾ ਦੇਰੀ ਹੋਣ ‘ਤੇ ਰੱਦ ਕਰਨੀਆਂ ਪੈਣਗੀਆਂ ਫਲਾਈਟਾਂ