ਪੰਜ ਫ਼ੀਸਦੀ ਤੋਂ ਘੱਟ ਪਾਜ਼ੇਟਿਵਿਟੀ ਦਰ ਵਾਲੇ ਜ਼ਿਲ੍ਹੇ ਸਕੂਲ ਖੋਲ੍ਹਣ ਦੀ ਪਹਿਲ ਕਰ ਸਕਦੇ ਹਨ: ਕੇਂਦਰ

ਨਵੀਂ ਦਿੱਲੀ (ਸਮਾਜ ਵੀਕਲੀ):  ਕੇਂਦਰ ਨੇ ਕਿਹਾ ਕਿ ਪੰਜ ਫ਼ੀਸਦੀ ਤੋਂ ਘੱਟ ਪਾਜ਼ੇਟਿਵਿਟੀ ਦਰ ਵਾਲੇ ਜ਼ਿਲ੍ਹੇ ਸਕੂਲ ਮੁੜ ਖੋਲ੍ਹਣ ਦੀ ਦਿਸ਼ਾ ’ਚ ਅੱਗੇ ਵਧ ਸਕਦੇ ਹਨ ਪਰ ਇਸ ਸਬੰਧ ’ਚ ਫ਼ੈਸਲਾ ਸੂਬਾ ਸਰਕਾਰਾਂ ਨੇ ਕਰਨਾ ਹੈ। ਨੀਤੀ ਆਯੋਗ ਮੈਂਬਰ (ਸਿਹਤ) ਨੇ ਕਿਹਾ ਕਿ ਮਹਾਮਾਰੀ ਦੀ ਸਥਿਤੀ ’ਚ ਸੁਧਾਰ ਆ ਰਿਹਾ ਹੈ ਤੇ ਨਵੇਂ ਕਰੋਨਾ ਕੇਸਾਂ ਦੀ ਗਿਣਤੀ ’ਚ ਵੀ ਕਮੀ ਆ ਰਹੀ ਹੈ। ਹੁਣ ਅਸੀਂ ਸਕੂਲ ਮੁੜ ਖੋਲ੍ਹਣ ਦੀ ਦਿਸ਼ਾ ’ਚ ਅੱਗੇ ਵਧ ਸਕਦੇ ਹਾਂ।

ਸ੍ਰੀ ਪੌਲ ਨੇ ਪ੍ਰੈੱਸ ਕਾਨਫਰੰਸ ਵਿੱਚ ਕਿਹਾ,‘ਮਹਾਮਾਰੀ ਦੀ ਸਥਿਤੀ ’ਚ ਸੁਧਾਰ ਆ ਗਿਆ ਹੈ। ਕੁਝ ਸੂਬਿਆਂ ਤੇ ਜ਼ਿਲ੍ਹਿਆਂ ਵਿੱਚ ਸਥਿਤੀ ਚਿੰਤਾਜਨਕ ਹੈ ਪਰ ਸਮੁੱਚੇ ਤੌਰ ’ਤੇ ਲਾਗ ਦੇ ਫੈਲਾਅ ’ਚ ਕਮੀ ਆਈ ਹੈ। ਕੁੱਲ 268 ਜ਼ਿਲ੍ਹਿਆਂ ਵਿੱਚ ਪਾਜ਼ੇਟਿਵਿਟੀ ਦਰ 5 ਫ਼ੀਸਦੀ ਤੋਂ ਘੱਟ ਹੈ ਤੇ ਸਪੱਸ਼ਟ ਤੌਰ ’ਤੇ ਇਹ ਜ਼ਿਲ੍ਹੇ ਗੈਰ-ਕੋਵਿਡ ਕੇਅਰ ਦੀ ਦਿਸ਼ਾ ਤੇ ਦੂਜੀਆਂ ਆਰਥਿਕ ਤੇ ਸਕੂਲ ਮੁੜ ਖੋਲ੍ਹਣ ਜਿਹੀਆਂ ਗਤੀਵਿਧੀਆਂ ਦੀ ਦਿਸ਼ਾ ਵਿੱਚ ਅੱਗੇ ਵਧ ਸਕਦੇ ਹਨ।’ ਕੇਂਦਰੀ ਸਿੱਖਿਆ ਮੰਤਰਾਲੇ ਦੇ ਅਧਿਕਾਰੀਆਂ ਨੇ ਦੱਸਿਆ ਕਿ 11 ਸੂਬਿਆਂ ਵਿੱਚ ਸਕੂਲ ਮੁਕੰਮਲ ਤੌਰ ’ਤੇ ਖੁੱਲ੍ਹ ਚੁੱਕੇ ਹਨ ਜਦਕਿ 16 ਸੂਬਿਆਂ ਵਿੱਚ ਵੱਡੀਆਂ ਜਮਾਤਾਂ ਲਈ ਅੰਸ਼ਿਕ ਤੌਰ ’ਤੇ ਅਤੇ 9 ਸੂਬਿਆਂ ਵਿੱਚ ਅਜੇ ਵੀ ਬੰਦ ਹਨ।

ਮੁਲਕ ਵਿੱਚ ਬੰਦ ਸਕੂਲਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਸਾਰੇ ਸੂਬਿਆਂ ਵਿੱਚ ਘੱਟੋ-ਘੱਟ 95 ਫ਼ੀਸਦੀ ਅਧਿਆਪਨ ਤੇ ਗੈਰ-ਅਧਿਆਪਨ ਸਟਾਫ਼ ਦਾ ਟੀਕਾਕਰਨ ਹੋ ਚੁੱਕਾ ਹੈ ਜਦਕਿ ਕੁਝ ਸੂਬਿਆਂ ਵਿੱਚ ਸਕੂਲਾਂ ’ਚ ਸਟਾਫ਼ ਦਾ ਸੌ ਫ਼ੀਸਦੀ ਤੱਕ ਟੀਕਾਕਰਨ ਹੋ ਚੁੱਕਾ ਹੈ। ਸ੍ਰੀ ਪੌਲ ਨੇ ਕਿਹਾ,‘ਜ਼ਿਲ੍ਹਾ ਪ੍ਰਸ਼ਾਸਨਾਂ ਵੱਲੋਂ ਸਕੂਲ ਮੁੜ ਖੋਲ੍ਹਣ ਦਾ ਫ਼ੈਸਲਾ ਸੂਬਾ ਸਰਕਾਰਾਂ ਨੇ ਕਰਨਾ ਹੈ ਪਰ ਇਹ ਸਪੱਸ਼ਟ ਹੈ ਕਿ ਅਸੀਂ ਇਹ ਯਕੀਨੀ ਬਣਾਉਣਾ ਚਾਹਾਂਗੇ ਕਿ ਸਕੂਲ ਪ੍ਰੋਟੋਕੋਲਾਂ ਤੇ ਐੱਸਓਪੀਜ਼ ਮੁਤਾਬਕ ਖੁੱਲ੍ਹਣ ਤੇ ਚੱਲਣ ਕਿਉਂਕਿ ਅਜੇ ਵੀ ਅਸੀਂ ਇਸ ਮਹਾਮਾਰੀ ਦੇ ਅੱਧਵਾਟੇ ਹੀ ਹਾਂ।’ ਸਿੱਖਿਆ ਮੰਤਰਾਲੇ ਦੀ ਜੁਆਇੰਟ ਸਕੱਤਰ ਸਵੀਟੀ ਚਾਂਗਸਨ ਨੇ ਇੱਕ ਮੀਡੀਆ ਕਾਨਫਰੰਸ ਮੌਕੇ ਕਿਹਾ,‘ਵੱਡੇ ਪੱਧਰ ’ਤੇ ਹੋਏ ਟੀਕਾਕਰਨ ਨੂੰ ਧਿਆਨ ਵਿੱਚ ਰੱਖਦਿਆਂ ਸਿੱਖਿਆ ਮੰਤਰਾਲੇ ਨੇ ਪਿਛਲੇ ਵਰ੍ਹੇ ਦਸੰਬਰ ਵਿੱਚ ਸੂਬਿਆਂ ਨੂੰ ਸੋਧੇ ਹੋਏ ਦਿਸ਼ਾ-ਨਿਰਦੇਸ਼ ਭੇਜੇ ਸਨ ਤੇ ਮਾਪਿਆਂ ਤੋਂ ਮਨਜ਼ੂਰੀ ਲੈਣ ਦਾ ਫ਼ੈਸਲਾ ਸੂਬਿਆਂ ’ਤੇ ਛੱਡ ਦਿੱਤਾ ਗਿਆ ਸੀ।’

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦਿੱਲੀ ’ਚ ਵਿਦਿਅਕ ਸੰਸਥਾਵਾਂ, ਕੋਚਿੰਗ ਸੈਂਟਰ ਤੇ ਜਿੰਮ ਖੋਲ੍ਹਣ ਦਾ ਫ਼ੈਸਲਾ, ਰਾਤ ਦਾ ਕਰਫਿਊ ਹੁਣ 11 ਵਜੇ ਤੋਂ
Next articleਖਾੜੀ ਮੁਲਕਾਂ ਵਿੱਚ ਭਾਰਤੀ ਕਾਮਿਆਂ ਦੀਆਂ ਰਹਿੰਦੀਆਂ ਤਨਖ਼ਾਹਾਂ ਦਾ ਮੁੱਦਾ ਭਾਰਤ ਵੱਲੋਂ ਚੁੱਕਿਆ ਜਾ ਰਿਹੈ: ਜੈਸ਼ੰਕਰ