HOME ਜ਼ਿਲ੍ਹੇ ਚ 1 ਅਗਸਤ ਤੋਂ ਸ਼ੁਰੂ ਹੋਵੇਗਾ ਫਸਲਾਂ ਦਾ ਡਿਜੀਟਲ ਸਰਵੇਖਣ

ਜ਼ਿਲ੍ਹੇ ਚ 1 ਅਗਸਤ ਤੋਂ ਸ਼ੁਰੂ ਹੋਵੇਗਾ ਫਸਲਾਂ ਦਾ ਡਿਜੀਟਲ ਸਰਵੇਖਣ

ਲਗਭਗ 5.20 ਲੱਖ ਖੇਤੀਬਾੜੀ ਖਸਰੇ/ਪਲਾਟਾਂ ਦਾ ਸਰਵੇ ਕੀਤਾ ਜਾਵੇਗਾ – ਡਿਪਟੀ ਕਮਿਸ਼ਨਰ

ਨਵਾਂਸ਼ਹਿਰ  (ਸਮਾਜ ਵੀਕਲੀ)  (ਸਤਨਾਮ ਸਿੰਘ ਸਹੂੰਗੜਾ) ਪੰਜਾਬ ਸਰਕਾਰ ਦੇ ਮਾਲ ਅਤੇ ਮੁੜ ਵਸੇਬਾ ਵਿਭਾਗ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ 1 ਅਗਸਤ ਤੋਂ ਫਸਲਾਂ ਦੇ ਡਿਜੀਟਲ ਸਰਵੇਖਣ ਦੀ ਸ਼ੁਰੂਆਤ ਕਰਨ ਜਾ ਰਿਹਾ ਹੈ ਜੋ ਕਿ ਅਗਲੇ 45 ਦਿਨਾਂ ਦੇ ਵਿੱਚ ਮੁਕੰਮਲ ਹੋਵੇਗਾ। ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਰਵੇਖਣ ਲਈ 200 ਦੇ ਕਰੀਬ ਪ੍ਰਾਈਵੇਟ ਸਰਵੇਅਰ ਰੱਖੇ ਜਾ ਰਹੇ ਹਨ ਜੋ ਰੋਜਾਨਾ ਘੱਟੋ-ਘੱਟ 70 ਪਲਾਟਾਂ ਦਾ ਫਸਲੀ ਸਰਵੇਖਣ ਕਰਨਗੇ। ਉਨ੍ਹਾਂ ਦੱਸਿਆ ਕਿ ਫਸਲਾਂ ਦੇ ਡਿਜੀਟਲ ਸਰਵੇਖਣ ਦਾ ਮਨੋਰਥ ਮੋਬਾਈਲ ਰਾਹੀਂ ਖੇਤਾਂ ਵਿੱਚ ਬੀਜੀਆਂ ਫਸਲਾਂ ਦੀ ਮੁਕੰਮਲ ਜਾਣਕਾਰੀ ਇਕੱਤਰ ਕਰਨਾ ਹੈ ਤਾਂ ਜੋ ਕਿਸਾਨਾਂ ਦੀ ਸਹੁਲਤ ਲਈ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਅਤੇ ਸਕੀਮਾਂ ਦਾ ਲਾਭ ਸੁਚੱਜੇ ਢੰਗ ਨਾਲ ਜ਼ਮੀਨੀ ਪੱਧਰ ਤੱਕ ਪੁੱਜਦਾ ਕੀਤਾ ਜਾ ਸਕੇ। ਜ਼ਿਲ੍ਹੇ ਵਿੱਚ ਰੱਖੇ ਜਾਣ ਵਾਲੇ ਪ੍ਰਾਈਵੇਟ ਸਰਵੇਅਰਾਂ ਸਬੰਧੀ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਸਰਵੇਅਰਾਂ ਨੂੰ ਨਿਰਧਾਰਿਤ ਮਾਣਭੱਤਾ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਬਾਰਵੀਂ ਪਾਸ ਕੋਈ ਵੀ ਇਛੁੱਕ ਵਿਅਕਤੀ ਜਿਸ ਕੋਲ ਐਂਡਰਾਇਡ ਫੋਨ ਅਤੇ ਉਸਦਾ ਬੈਂਕ ਖਾਤਾ ਹੋਵੇ ਉਹ ਆਪਣੇ ਖੇਤਰ ਦੇ ਸਬੰਧਤ ਡੀ.ਐਸ.ਐਮ ਜਾਂ ਏ.ਐਸ.ਐਮ ਨਾਲ ਸੰਪਰਕ ਕਰਕੇ ਪ੍ਰਾਈਵੇਟ ਸਰਵੇਅਰ ਵਜੋਂ ਕੰਮ ਕਰ ਸਕਦਾ ਹੈ। ਜ਼ਿਲ੍ਹੇ ਵਿੱਚ ਸਰਵੇਖਣ ਅਧੀਨ ਰਕਬੇ ਦੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਕੁੱਲ 5.20 ਲੱਖ ਖੇਤੀਬਾੜੀ ਪਲਾਟਾਂ/ਖਸਰਿਆਂ ਦਾ ਸਰਵੇਖਣ ਕੀਤਾ ਜਾਵੇਗਾ ਜਿਨ੍ਹਾਂ ਵਿੱਚੋਂ 2.70 ਲੱਖ ਪਲਾਟਾਂ ਨੂੰ ਸਿਸਟਮ ’ਤੇ ਅਪਲੋਡ ਕੀਤਾ ਜਾ ਚੁੱਕਾ ਹੈ ਅਤੇ ਰਹਿੰਦੇ ਖਸਰੇ ਵੀ ਆਉਂਦੇ ਦਿਨਾਂ ਵਿੱਚ ਐਪ ’ਤੇ ਅਪਲੋਡ ਹੋ ਜਾਣਗੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪ੍ਰਾਈਵੇਟ ਸਰਵੇਅਰਾਂ ਨੂੰ ਜ਼ਿਲ੍ਹਾ ਮਾਲ ਅਫਸਰ ਦੀ ਨਿਗਰਾਨੀ ਹੇਠ ਲੋੜੀਂਦੀ ਟਰੇਨਿੰਗ ਦਿੱਤੀ ਜਾ ਰਹੀ ਹੈ ਤਾਂ ਜੋ ਉਹ ਆਪਣਾ ਨਿਰਧਾਰਿਤ ਟੀਚਾ ਸਮੇਂ ਸਿਰ ਪੂਰਾ ਕਰ ਸਕਣ। ਇਸੇ ਦੌਰਾਨ ਜ਼ਿਲ੍ਹਾ ਮਾਲ ਅਫਸਰ ਮਨਦੀਪ ਸਿੰਘ ਮਾਨ ਨੇ ਦੱਸਿਆ ਕਿ ਹਰੇਕ ਪਿੰਡ ਲਈ ਇੱਕ ਸਰਵੇਅਰ ਨਿਯੁਕਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਨਵਾਂਸ਼ਹਿਰ ਅਤੇ ਔੜ ਬਲਾਕ ਵਿੱਚ ਸਰਵੇਅਰ ਦੇ ਕੰਮ ਲਈ ਚਾਹਵਾਨ ਬਿਨੈਕਾਰ ਏ.ਐਸ.ਐਮ ਕੁਨਾਲ ਨਾਲ ਮੋਬਾਇਲ ਨੰਬਰ 94636-45902, ਸਬ-ਡਵੀਜਨ ਬੰਗਾ ਲਈ ਡੀ.ਐਸ.ਐਮ. ਜੈ ਗੋਪਾਲ ਨਾਲ 90417-99023 ਅਤੇ ਸਬ-ਡਵੀਜਨ ਬਲਾਚੌਰ ਲਈ ਏ.ਐਸ.ਐਮ. ਅਮਨਦੀਪ ਨਾਲ 90581-00079 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article79ਵਾਂ ਆਜ਼ਾਦੀ ਦਿਹਾੜਾ, ਆਈ.ਟੀ.ਆਈ. ਗਰਾਊਂਡ ਵਿਖੇ ਮਨਾਇਆ ਜਾਵੇਗਾ ਜਿਲ੍ਹਾ ਪੱਧਰ ਸਮਾਗਮ
Next articleਮੁੱਖ ਮੰਤਰੀ ਨੇ ਸ਼ਹੀਦ ਏ.ਐਸ.ਆਈ. ਧਨਵੰਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਇਕ ਕਰੋੜ ਰੁਪਏ ਦਾ ਚੈੱਕ ਸੌਂਪਿਆ