ਸੰਗਰੂਰ, (ਸਮਾਜ ਵੀਕਲੀ) ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਵੱਲੋਂ ਹਰੇੜੀ ਰੋਡ ਸੰਗਰੂਰ ਵਿਖੇ ਉਸਾਰੇ ਗਏ ਲੇਖਕ ਭਵਨ ਵਿੱਚ ਇੱਕ ਵਿਸ਼ੇਸ਼ ਇਕੱਤਰਤਾ ਦਾ ਆਯੋਜਨ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਉੱਘੇ ਸਾਹਿਤਕਾਰ ਅਤੇ ਸਾਬਕਾ ਡਾਇਰੈਕਟਰ ਨਸ਼ਾ ਛੁਡਾਊ ਕੇਂਦਰ ਸੰਗਰੂਰ ਨੇ ਕੀਤੀ ਅਤੇ ਉੱਘੇ ਸਾਹਿਤਕਾਰ ਡਾ. ਮੀਤ ਖਟੜਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਸਮਾਗਮ ਵਿੱਚ ਲੇਖਕ ਭਵਨ ਦਾ ਉਦਘਾਟਨ ਕਰਨ ਲਈ ਮਾਣਯੋਗ ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਪੰਜਾਬ ਨੇ ਪਹੁੰਚਣਾ ਸੀ ਪਰ ਕਿਸੇ ਨਾ ਟਾਲੇ ਜਾ ਸਕਣ ਵਾਲੇ ਰੁਝੇਵੇਂ ਕਾਰਨ ਉਹ ਸਮਾਗਮ ਵਿੱਚ ਸ਼ਾਮਲ ਨਹੀਂ ਹੋ ਸਕੇ। ਇਸ ਲਈ ਉਨ੍ਹਾਂ ਵੱਲੋਂ ਨਿਭਾਈ ਜਾਣ ਵਾਲੀ ਇਹ ਰਸਮ ਉਨ੍ਹਾਂ ਵੱਲੋਂ ਉਚੇਚੇ ਤੌਰ ’ਤੇ ਨਾਮਜ਼ਦ ਕੀਤੇ ਗਏ ਨਾਮਵਰ ਸਾਹਿਤਕਾਰ ਡਾ. ਮੀਤ ਖਟੜਾ ਨੇ ਪੂਰੀ ਕੀਤੀ। ਇਸ ਸਮਾਗਮ ਵਿੱਚ ਜ਼ਿਲ੍ਹਾ ਸੰਗਰੂਰ ਦੇ ਸਮੂਹ ਲੇਖਕਾਂ, ਪਾਠਕਾਂ, ਸ਼ੁਭਚਿੰਤਕਾਂ ਅਤੇ ਮੁਹੱਲਾ ਨਿਵਾਸੀਆਂ ਨੇ ਬੜੇ ਉਤਸ਼ਾਹ ਨਾਲ ਹਾਜ਼ਰੀ ਲਵਾਈ। ਉਦਘਾਟਨ ਦੀ ਰਸਮ ਅਦਾ ਕਰਨ ਤੋਂ ਬਾਅਦ ਹਾਜ਼ਰ ਸਰੋਤਿਆਂ ਨੂੰ ਸੰਬੋਧਨ ਕਰਦਿਆਂ ਡਾ. ਮੀਤ ਖਟੜਾ ਨੇ ਕਿਹਾ ਕਿ ਮਾਲਵਾ ਲਿਖਾਰੀ ਸਭਾ ਵੱਲੋਂ ਲੇਖਕ ਭਵਨ ਦੀ ਉਸਾਰੀ ਕਰ ਕੇ ਇੱਕ ਨਵੇਂ ਇਤਿਹਾਸ ਦੀ ਸਿਰਜਣਾ ਕੀਤੀ ਗਈ ਹੈ। ਸ੍ਰੀ ਮੋਹਨ ਸ਼ਰਮਾ ਨੇ ਕਿਹਾ ਕਿ ਜ਼ਿਲ੍ਹਾ ਸੰਗਰੂਰ ਦੇ ਲੇਖਕਾਂ ਦੇ ਇਸ ਬੇਹੱਦ ਸ਼ਲਾਘਾਯੋਗ ਉੱਦਮ ਨਾਲ ਸਾਹਿਤ ਜਗਤ ਵਿੱਚ ਨਵੇਂ ਯੁੱਗ ਦੀ ਸ਼ੁਰੂਆਤ ਹੋਈ ਹੈ। ਇਸ ਮੌਕੇ ਸਰਬ ਸੰਮਤੀ ਨਾਲ ਪਾਸ ਕੀਤੇ ਗਏ ਮਤੇ ਵਿੱਚ ਲੇਖਕ ਭਵਨ ਦੀ ਉਸਾਰੀ ਲਈ ਦਿਲ ਖੋਲ੍ਹ ਕੇ ਦਿੱਤੀ ਗਈ ਆਰਥਿਕ ਸਹਾਇਤਾ ਲਈ ਪੰਜਾਬ ਸਰਕਾਰ ਦੀ ਭਰਪੂਰ ਪ੍ਰਸੰਸਾ ਕੀਤੀ ਗਈ। ਪਾਸ ਕੀਤੇ ਗਏ ਇੱਕ ਹੋਰ ਮਤੇ ਵਿੱਚ ਲੇਖਕ ਭਵਨ ਵਿੱਚ ਜਿਲ੍ਹਾ ਸੰਗਰੂਰ ਦੇ ਵਿੱਛੜ ਚੁੱਕੇ ਸਾਹਿਤਕਾਰਾਂ ਦੀਆਂ ਤਸਵੀਰਾਂ ਲਗਾਉਣ ਦਾ ਫ਼ੈਸਲਾ ਕੀਤਾ ਗਿਆ। ਆਰੰਭ ਵਿੱਚ ਸਭਾ ਦੇ ਪ੍ਰਧਾਨ ਕਰਮ ਸਿੰਘ ਜ਼ਖ਼ਮੀ ਵੱਲੋਂ ਲੇਖਕ ਭਵਨ ਦੀ ਉਸਾਰੀ ਬਾਬਤ ਕੁੱਝ ਮਹੱਤਵਪੂਰਨ ਯਾਦਾਂ ਸਾਂਝੀਆਂ ਕਰਦਿਆਂ ਸਮਾਗਮ ਵਿੱਚ ਸ਼ਾਮਲ ਸਮੂਹ ਪਤਵੰਤੇ ਸੱਜਣਾਂ ਲਈ ਧੰਨਵਾਦੀ ਸ਼ਬਦ ਕਹੇ।
ਇਸ ਮੌਕੇ ਰਜਿੰਦਰ ਸਿੰਘ ਰਾਜਨ, ਸੁਖਵਿੰਦਰ ਸਿੰਘ ਲੋਟੇ, ਜਗਜੀਤ ਸਿੰਘ ਲੱਡਾ, ਸ਼ਿਵ ਕੁਮਾਰ ਅੰਬਾਲਵੀ, ਗੁਰਮੀਤ ਸਿੰਘ ਸੋਹੀ, ਜੰਗੀਰ ਸਿੰਘ ਰਤਨ, ਭੁਪਿੰਦਰ ਸਿੰਘ ਜੱਸੀ, ਸੁਰਜੀਤ ਸਿੰਘ ਮੌਜੀ, ਸੁਰਿੰਦਰਪਾਲ ਸਿੰਘ ਸਿਦਕੀ, ਰਵਿੰਦਰਪਾਲ ਸਿੰਘ ਨੋਨੀ, ਪ੍ਰੋ. ਨਰਿੰਦਰ ਸਿੰਘ, ਗੁਰੀ ਚੰਦੜ, ਸੁਖਨਦੀਪ ਕੌਰ, ਪਰਮਜੀਤ ਕੌਰ ਈਸੀ, ਕਲਵੰਤ ਕਸਕ, ਪਵਨ ਕੁਮਾਰ ਹੋਸ਼ੀ, ਰਣਜੀਤ ਆਜ਼ਾਦ ਕਾਂਝਲਾ, ਲਛਮਣ ਸਿੰਘ, ਧਰਮਵੀਰ ਸਿੰਘ, ਜੱਗੀ ਮਾਨ, ਖੁਸ਼ਪ੍ਰੀਤ ਕੌਰ, ਰਾਜ ਰਾਣੀ, ਰਾਜਦੀਪ ਸਿੰਘ, ਦਵਿੰਦਰ ਸਿੰਘ, ਸੁਰਿੰਦਰਪਾਲ ਸਿੰਘ, ਸੁਖਵਿੰਦਰ ਸਿੰਘ, ਲਵਲੀ ਬਡਰੁੱਖਾਂ ਅਤੇ ਭੁਪਿੰਦਰ ਨਾਗਪਾਲ ਨੇ ਵੀ ਆਪਣੇ ਵਿਚਾਰ ਰੱਖੇ। ਮੰਚ ਸੰਚਾਲਨ ਦੀ ਭੂਮਿਕਾ ਸੁਖਵਿੰਦਰ ਸਿੰਘ ਲੋਟੇ ਨੇ ਬਾਖ਼ੂਬੀ ਨਿਭਾਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly