ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਬਲਾਕ ਦਫ਼ਤਰ ਦਾ ਨਿਰੀਖਣ ਕੀਤਾ

ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਸਿੱਖਿਆ ਵਿਭਾਗ ਵੱਲੋਂ ਬਲਾਕ ਪੱਧਰ ਤੋਂ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਕਿਤਾਬਾਂ ਵੰਡੀਆਂ ਜਾ ਰਹੀਆਂ ਹਨ। ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਮੈਡਮ ਕਮਲਦੀਪ ਕੌਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਸੁਖਵਿੰਦਰ ਸਿੰਘ ਨੇ ਬਲਾਕ ਹੁਸ਼ਿਆਰਪੁਰ ਏ-ਬੀ, ਹੁਸ਼ਿਆਰਪੁਰ 2-ਏ, ਹੁਸ਼ਿਆਰਪੁਰ 2-ਬੀ ਦਾ ਦੌਰਾ ਕਰਕੇ ਵੰਡ ਦਾ ਨਿਰੀਖਣ ਕੀਤਾ। ਜ਼ਿਲ੍ਹਾ ਸਿੱਖਿਆ ਅਫ਼ਸਰ ਕਮਲਦੀਪ ਕੌਰ ਨੇ ਦੱਸਿਆ ਕਿ ਬਲਾਕ ਮੁਲਾਜ਼ਮਾਂ ਵੱਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਬੰਡਲ ਬਣਾ ਕੇ ਕਿਤਾਬਾਂ ਵੰਡੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹੁਣ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਸਕੂਲ ਖੁੱਲ੍ਹਣ ਵਾਲੇ ਹਨ, ਇਸ ਲਈ ਉਨ੍ਹਾਂ ਸਮੂਹ ਬਲਾਕ ਪ੍ਰਾਇਮਰੀ ਸਿੱਖਿਆ ਅਧਿਕਾਰੀਆਂ ਨੂੰ ਹੁਕਮ ਦਿੱਤੇ ਕਿ ਉਹ ਬਲਾਕ ਪੱਧਰ ਤੋਂ ਦੋ ਦਿਨਾਂ ਦੇ ਅੰਦਰ-ਅੰਦਰ ਵਿਦਿਆਰਥੀਆਂ ਨੂੰ ਕਿਤਾਬਾਂ ਪਹੁੰਚਾਉਣੀਆਂ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਛੁੱਟੀਆਂ ਤੋਂ ਬਾਅਦ ਪਹਿਲੇ ਦਿਨ ਤੋਂ ਹੀ ਸੈਂਟਰ ਸਕੂਲ ਅਤੇ ਸਕੂਲਾਂ ਦਾ ਦੌਰਾ ਕਰਕੇ ਫੀਡਬੈਕ ਵੀ ਲਈ ਜਾਵੇਗੀ। ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਪਹਿਲੀ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਮੁਫ਼ਤ ਕਿਤਾਬਾਂ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਗ ਅਨੁਸਾਰ ਬੋਰਡ ਦਫ਼ਤਰ ਤੋਂ ਕਿਤਾਬਾਂ ਮਿਲ ਚੁੱਕੀਆਂ ਹਨ, ਹੁਣ ਸਕੂਲ ਖੁੱਲ੍ਹਣ ਤੋਂ ਬਾਅਦ ਵਿਦਿਆਰਥੀਆਂ ਦੇ ਵਧੇ ਹੋਏ ਦਾਖਲੇ ਅਨੁਸਾਰ ਪੰਜਾਬ ਸਿੱਖਿਆ ਬੋਰਡ ਤੋਂ ਵਾਧੂ ਕਿਤਾਬਾਂ ਦੀ ਮੰਗ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਹੁਣ ਤੱਕ ਬਲਾਕ ਪੱਧਰ ‘ਤੇ ਸਾਰੇ ਵਿਸ਼ਿਆਂ ਦੀਆਂ 10 ਲੱਖ 30 ਹਜ਼ਾਰ ਕਿਤਾਬਾਂ ਪਹੁੰਚਾਈਆਂ ਜਾ ਚੁੱਕੀਆਂ ਹਨ। ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ। ਇਸ ਕਾਰਨ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਮੁਫ਼ਤ ਕਿਤਾਬਾਂ ਉਪਲਬਧ ਕਰਵਾਈਆਂ ਜਾਂਦੀਆਂ ਹਨ, ਤਾਂ ਜੋ ਬੱਚੇ ਬਿਨਾਂ ਕਿਸੇ ਰੁਕਾਵਟ ਦੇ ਪੜ੍ਹ ਸਕਣ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਦਾਖ਼ਲਾ ਮੁਹਿੰਮ ਬੜੇ ਉਤਸ਼ਾਹ ਨਾਲ ਚੱਲ ਰਹੀ ਹੈ ਅਤੇ ਅਧਿਆਪਕ ਅਤੇ ਹੋਰ ਸਟਾਫ਼ ਘਰ-ਘਰ ਜਾ ਕੇ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਕਰਵਾਉਣ ਲਈ ਪ੍ਰੇਰਿਤ ਕਰ ਰਿਹਾ ਹੈ। ਉਨ੍ਹਾਂ ਅਪੀਲ ਕੀਤੀ ਕਿ ਅੱਜ ਸਾਡੇ ਸਰਕਾਰੀ ਸਕੂਲ ਉੱਚ ਦਰਜੇ ਦੇ ਪ੍ਰਾਈਵੇਟ ਸਕੂਲਾਂ ਦਾ ਮੁਕਾਬਲਾ ਕਰ ਰਹੇ ਹਨ ਅਤੇ ਸਾਡੇ ਸਰਕਾਰੀ ਸਕੂਲਾਂ ਵਿੱਚ ਹਰ ਤਰ੍ਹਾਂ ਦੀਆਂ ਸਹੂਲਤਾਂ ਮੌਜੂਦ ਹਨ। ਇਸ ਲਈ ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ ਅਤੇ ਚੰਗੀ ਅਤੇ ਮੁਫ਼ਤ ਵਿੱਦਿਆ ਪ੍ਰਾਪਤ ਕਰਨ। ਇਸ ਮੌਕੇ ਜ਼ਿਲ੍ਹਾ ਕੋਆਰਡੀਨੇਟਰ ਰਜਨੀਸ਼ ਕੁਮਾਰ ਗੁਲਿਆਣੀ, ਏਪੀਸੀ ਪੱਤਰਕਾਰ ਨਿਰਮਲ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਚਰਨਜੀਤ, ਲੋਕੇਸ਼ ਸ਼ਰਮਾ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਐਸ ਆਈ ਸੁਰਿੰਦਰ ਸਿੰਘ ਨੇ ਸੰਭਾਲ਼ਿਆ ਥਾਣਾ ਪੋਜੇਵਾਲ ਦਾ ਚਾਰਜ
Next articleਮਨੀ ਲਾਂਡਰਿੰਗ ਮਾਮਲੇ ‘ਚ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਨੂੰ ਵੱਡੀ ਰਾਹਤ, ਝਾਰਖੰਡ ਹਾਈਕੋਰਟ ਤੋਂ ਮਿਲੀ ਜ਼ਮਾਨਤ