ਜ਼ਿਲ੍ਹੇ ਵਿਚ ਮਨਜ਼ੂਰੀ ਲਏ ਬਿਨਾਂ ਯਾਦਗਾਰੀ ਗੇਟਾਂ ਦੀ ਉਸਾਰੀ ’ਤੇ ਰੋਕ

ਜ਼ਿਲ੍ਹਾ ਮੈਜਿਸਟਰੇਟ, ਸ਼ਹੀਦ ਭਗਤ ਸਿੰਘ ਨਗਰ ਅੰਕੁਰਜੀਤ ਸਿੰਘ

ਨਵਾਂਸ਼ਹਿਰ  (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਜ਼ਿਲ੍ਹਾ ਮੈਜਿਸਟਰੇਟ, ਸ਼ਹੀਦ ਭਗਤ ਸਿੰਘ ਨਗਰ ਅੰਕੁਰਜੀਤ ਸਿੰਘ ਨੇ ਭਾਰਤੀ ਨਾਗਰਿਕ ਸੁਰੱਕਸ਼ਾ ਸੰਹਿਤਾ, 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੁਕਮ ਜਾਰੀ ਕੀਤੇ ਹਨ ਕਿ ਜ਼ਿਲ੍ਹੇ ਵਿਚ ਕੋਈ ਵੀ ਵਿਅਕਤੀ/ਸੰਸਥਾ ਸਰਕਾਰੀ/ਪੰਚਾਇਤੀ ਜਗ੍ਹਾ ’ਤੇ ਕੋਈ ਗੇਟ ਨਹੀਂ ਉਸਾਰੇਗਾ। ਜੇਕਰ ਅਜਿਹਾ ਕੋਈ ਯਾਦਗਾਰੀ ਗੇਟ ਉਸਾਰਨਾ ਹੋਵੇ ਤਾਂ ਪਹਿਲਾਂ ਸਬੰਧਤ ਵਿਭਾਗ ਤੋਂ ਪ੍ਰਵਾਨਗੀ ਲੈਣ ਉਪਰੰਤ ਹੀ ਮਨਜ਼ੂਰੀ ਦਫ਼ਤਰ ਜ਼ਿਲ੍ਹਾ ਮੈਜਿਸਟ੍ਰੇਟ ਤੋਂ ਲਈ ਜਾਵੇ। ਜਾਰੀ ਹੁਕਮਾਂ ਵਿਚ ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਹੈ ਕਿ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ ਕਿ ਪਿੰਡਾਂ ਵਿਚ ਲੋਕ ਆਪਣੇ ਕਿਸੇ ਨਜ਼ਦੀਕੀ ਰਿਸ਼ਤੇਦਾਰ ਦੀ ਯਾਦ ਵਿਚ ਯਾਦਗਾਰੀ ਗੇਟ ਸਰਕਾਰੀ/ਪੰਚਾਇਤ ਦੀ ਜਗ੍ਹਾ ’ਤੇ ਬਿਨਾਂ ਕਿਸੇ ਦੀ ਮਨਜ਼ੂਰੀ ਲਏ ਅਤੇ ਬਿਨਾਂ ਕਿਸੇ ਸਮਰੱਥ ਵਿਭਾਗ ਤੋਂ ਪਾਸ ਕਰਵਾਏ ਆਪਣੀ ਮਨਮਰਜ਼ੀ ਨਾਲ ਬਣਾ ਲੈਂਦੇ ਹਨ। ਇਸ ਤਰ੍ਹਾਂ ਨਾਲ ਜਿਥੇ ਸਰਕਾਰੀ ਜਗ੍ਹਾ ’ਤੇ ਨਾਜਾਇਜ਼ ਕਬਜ਼ਾ ਕਰ ਲਿਆ ਜਾਂਦਾ ਹੈ, ਉਥੇ ਇਸ ਤਰਾਂ ਬਣਾਏ ਗਏ ਗੇਟਾਂ ਦੇ ਡਿਗਣ ਦਾ ਖ਼ਤਰਾ ਵੀ ਹਰ ਵੇਲੇ ਬਣਿਆ ਰਹਿੰਦਾ ਹੈ, ਜਿਸ ਨਾਲ ਜਾਨੀ/ਮਾਲੀ ਨੁਕਸਾਨ ਹੋਣ ਦਾ ਵੀ ਡਰ ਬਣਿਆ ਰਹਿੰਦਾ ਹੈ। ਇਸ ਲਈ ਜ਼ਿਲ੍ਹੇ ਵਿਚ ਇਸ ਤਰਾਂ ਦੇ ਗੇਟ ਉਸਾਰਨ ’ਤੇ ਪਾਬੰਦੀ ਲਗਾਈ ਜਾਣੀ ਜ਼ਰੂਰੀ ਹੈ। ਇਹ ਹੁਕਮ 31 ਮਾਈ, 2025 ਤੱਕ ਲਾਗੂ ਰਹਿਣਗੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਸਚਦੇਵਾ ਸਟਾਕਸ ਹੁਸ਼ਿਆਰਪੁਰ ਸਾਈਕਲੋਥੌਨ ਸੀਜ਼ਨ-7 ਮੁਕੰਮਲ ਦੀਆਂ ਤਿਆਰੀਆਂ ਕਰ ਰਿਹਾ ਹੈ
Next articleਸਿਹਤਮੰਦ ਪੰਜਾਬ ਦੇ ਸੁਪਨੇ ਨੂੰ ਪੂਰਾ ਕਰਨ ਵਿਚ ਸਹਿਯੋਗ ਦੇ ਰਹੀ ਹੈ ਸੀ. ਐਮ ਦੀ ਯੋਗਸ਼ਾਲਾ