- ਸਿੱਧੂ ਨਾਲ ਨਿੱਜੀ ਮੁਲਾਕਾਤ ਨਹੀਂ ਕਰਾਂਗਾ: ਬ੍ਰਹਮ ਮਹਿੰਦਰਾ
- ਛੇ ਵਜ਼ੀਰਾਂ ਨੇ ਸਿੱਧੂ ਤੋਂ ਪਾਸਾ ਵੱਟਿਆ
ਚੰਡੀਗੜ੍ਹ (ਸਮਾਜ ਵੀਕਲੀ) : ਕੈਪਟਨ ਖੇਮੇ ਨੇ ਅੱਜ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਨਵਜੋਤ ਸਿੱਧੂ ਨੂੰ ਲੈ ਕੇ ਮੂੰਹ ਖੋਲ੍ਹਣਾ ਸ਼ੁਰੂ ਕਰ ਦਿੱਤਾ ਹੈ। ਨਵਜੋਤ ਸਿੱਧੂ ’ਤੇ ਪਹਿਲਾ ਨਿਸ਼ਾਨਾ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਸਿੰਘ ਨੇ ਲਾਇਆ ਹੈ ਜਦੋਂ ਕਿ ਅੱਧੀ ਦਰਜਨ ਮੰਤਰੀ ਹਾਲੇ ਤੱਕ ਨਵਜੋਤ ਸਿੱਧੂ ਤੋਂ ਪਾਸਾ ਵੱਟ ਰਹੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੱਧੂ ਦੀ ਪ੍ਰਧਾਨਗੀ ਨੂੰ ਲੈ ਕੇ ਜ਼ੁਬਾਨਬੰਦੀ ਕੀਤੀ ਹੋਈ ਹੈ। ਅੱਜ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਵੱਲੋਂ ਚਲਾਏ ਤੀਰ ਤੋਂ ਸੰਕੇਤ ਮਿਲਦੇ ਹਨ ਕਿ ਅਮਰਿੰਦਰ ਤੇ ਨਵਜੋਤ ਸਿੱਧੂ ਦਰਮਿਆਨ ਰੇੜਕਾ ਤੇ ਰੱਫੜ ਜਾਰੀ ਰਹੇਗਾ।
ਪ੍ਰਧਾਨ ਨਵਜੋਤ ਸਿੱਧੂ ਨੇ ਵੀ ਹਾਲੇ ਤੱਕ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੇ ਜਾਣ ਨੂੰ ਲੈ ਕੇ ਭੇਤ ਹੀ ਰੱਖਿਆ ਹੋਇਆ ਹੈ। ਨਵਜੋਤ ਸਿੱਧੂ ਤਾਂ ਮੁੱਖ ਮੰਤਰੀ ਵੱਲੋਂ ਰੱਖੀ ਮੁਆਫੀ ਦੀ ਸ਼ਰਤ ਬਾਰੇ ਵੀ ਖੁੱਲ੍ਹ ਕੇ ਨਹੀਂ ਬੋਲ ਰਹੇ ਹਨ ਪ੍ਰੰਤੂ ਉਹ ਕੈਪਟਨ ਦੇ ਵਫਾਦਾਰਾਂ ਨਾਲ ਮੇਲ ਮਿਲਾਪ ਕਰਨ ਵਿਚ ਜੁਟੇ ਹੋਏ ਹਨ। ਅੰਦਰੋਂ ਅੰਦਰੀਂ ਦੋਹਾਂ ਧੜਿਆਂ ਵਿਚਾਲੇ ਸਿਆਸੀ ਖਿੱਚੋਤਾਣ ਦਾ ਮੁੱਢ ਬੱਝ ਚੁੱਕਾ ਹੈ। ਉਧਰ ਨਵਜੋਤ ਸਿੱਧੂ ਨੂੰ ਅੱਜ ਦੁਆਬੇ ਅਤੇ ਮਾਝੇ ਚੋਂ ਮਿਲੇ ਸਿਆਸੀ ਹੁੰਗਾਰੇ ਨੇ ਕਾਂਗਰਸ ਦੇ ਵਰਕਰਾਂ ’ਚ ਜੋਸ਼ ਭਰ ਦਿੱਤਾ ਹੈ। ਮਾਝਾ ਬ੍ਰਿਗੇਡ ਨੇ ਨਵਜੋਤ ਸਿੱਧੂ ਨੂੰ ਸਿਖ਼ਰ ਦੇਣ ਲਈ ਪੂਰਾ ਤਾਣ ਲਾਇਆ ਹੋਇਆ ਹੈ।
ਵਜ਼ੀਰ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ ਅਤੇ ਸੁਖ ਸਰਕਾਰੀਆ ਲਈ ਹੁਣ ਇਹ ਵੱਕਾਰ ਦਾ ਸੁਆਲ ਬਣਿਆ ਹੋਇਆ ਹੈ। ਕੈਪਟਨ ਖੇਮੇ ਦੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਅੱਜ ਲਿਖਤੀ ਬਿਆਨ ’ਚ ਆਖ ਦਿੱਤਾ ਹੈ ਕਿ ਉਹ ਓਨੀ ਦੇਰ ਨਵਜੋਤ ਸਿੱਧੂ ਨਾਲ ਨਿੱਜੀ ਮੁਲਾਕਾਤ ਨਹੀਂ ਕਰਨਗੇ ਜਿੰਨੀ ਦੇਰ ਨਵਜੋਤ ਸਿੱਧੂ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਆਪਣੇ ਮਸਲੇ ਨਿਪਟਾ ਨਹੀਂ ਲੈਂਦੇ।
ਉਂਜ, ਬ੍ਰਹਮ ਮਹਿੰਦਰਾ ਨੇ ਕਿਹਾ ਕਿ ਸਿੱਧੂ ਦੀ ਨਿਯੁਕਤੀ ਦਾ ਫੈਸਲਾ ਹਾਈ ਕਮਾਂਡ ਨੇ ਲਿਆ ਹੈ ,ਇਸ ਲਈ ਇਸ ਫੈਸਲੇ ਦਾ ਸਵਾਗਤ ਹੈ। ਉਨ੍ਹਾਂ ਕਿਹਾ ਕਿ ਉਹ ਉਦੋਂ ਤੱਕ ਸਿੱਧੂ ਨਹੀਂ ਮਿਲਣਗੇ ਜਿੰਨੀ ਦੇਰ ਨਵਜੋਤ ਸਿੱਧੂ ਵੱਲੋਂ ਮੁੱਖ ਮੰਤਰੀ ਨਾਲ ਮੁਲਾਕਾਤ ਨਹੀਂ ਕੀਤੀ ਜਾਂਦੀ। ਮਹਿੰਦਰਾ ਨੇ ਕਿਹਾ ਕਿ ਅਮਰਿੰਦਰ ਸਿੰਘ ਕਾਂਗਰਸ ਵਿਧਾਇਕ ਦਲ ਦੇ ਨੇਤਾ ਹਨ ਅਤੇ ਇਸ ਲਈ ਉਹ (ਮਹਿੰਦਰਾ) ਪਾਰਟੀ ਪ੍ਰਤੀ ਆਪਣੇ ਫਰਜ਼ ਨਾਲ ਬੱਝੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਬਨਿਟ ਦੇ ਮੁਖੀ ਵੀ ਹਨ, ਜਿਸ ਦਾ ਉਹ (ਸ੍ਰੀ ਮਹਿੰਦਰਾ) ਹਿੱਸਾ ਹਨ ਜਿਸ ਕਰਕੇ ਸਾਡੀ ਸਮੂਹਿਕ ਜ਼ਿੰਮੇਵਾਰੀ ਹੈ। ਸੂਤਰ ਦੱਸਦੇ ਹਨ ਕਿ ਆਉਂਦੇ ਦਿਨਾਂ ’ਚ ਮੁੱਖ ਮੰਤਰੀ ਦੇ ਖਾਸ ਵੀ ਇਸੇ ਤਰ੍ਹਾਂ ਦਾ ਪੈਂਤੜਾ ਲੈ ਸਕਦੇ ਹਨ। ਅਹਿਮ ਸੂਤਰਾਂ ਅਨੁਸਾਰ ਨਵਜੋਤ ਸਿੱਧੂ ਅਗਲੀ ਚੋਣ ਪਟਿਆਲਾ (ਦਿਹਾਤੀ) ਤੋਂ ਲੜਨ ਦੇ ਇੱਛੁਕ ਦੱਸੇ ਜਾ ਰਹੇ ਹਨ ਜਿਥੋਂ ਬ੍ਰਹਮ ਮਹਿੰਦਰਾ ਦੇ ਲੜਕੇ ਵੱਲੋਂ ਵੀ ਚੋਣ ਲੜਨ ਦੀ ਤਿਆਰੀ ਕੀਤੀ ਜਾ ਰਹੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly